ਕੋਲਕਾਤਾ – ਵਿਰਾਟ ਕੋਹਲੀ ਦੀ ਖ਼ਰਾਬ ਫ਼ਾਰਮ ਨਾਲ ਜੁੜੀਆਂ ਚਿੰਤਾਵਾਂ ਨੂੰ ਖ਼ਾਰਿਜ ਕਰਦੇ ਹੋਏ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਜੇਕਰ ਉਸ ਨਾਲ ਜੁੜੀਆਂ ਗੱਲਾਂ ਖ਼ਤਮ ਹੋ ਜਾਣਗੀਆਂ ਤਾਂ ਸਾਰੀਆਂ ਚੀਜ਼ਾਂ ਆਪਣੇ ਆਪ ਠੀਕ ਹੋ ਜਾਣਗੀਆਂ।
ਵੈੱਸਟ ਇੰਡੀਜ਼ ਖ਼ਿਲਾਫ਼ ਬੁੱਧਵਾਰ ਨੂੰ ਇੱਥੇ ਸ਼ੁਰੂ ਹੋਈ T-20 ਕੌਮਾਂਤਰੀ ਸੀਰੀਜ਼ ਤੋਂ ਪਹਿਲਾਂ ਜਦੋਂ ਰੋਹਿਤ ਤੋਂ ਕੋਹਲੀ ਦੇ ਵੱਡਾ ਸਕੋਰ ਬਣਾਉਣ ‘ਚ ਅਸਫ਼ਲ ਰਹਿਣ ਬਾਰੇ ‘ਚ ਪੁੱਛਿਆ ਗਿਆ ਤਾਂ ਰੋਹਿਤ ਨੇ ਕਿਹਾ, ”ਮੈਨੂੰ ਲਗਦਾ ਹੈ ਕਿ ਇਸ ਦੀ ਸ਼ੁਰੂਆਤ ਤੁਹਾਡੇ ਲੋਕਾਂ ਨਾਲ ਹੀ ਹੁੰਦੀ ਹੈ।”ਉਸ ਨੇ ਕਿਹਾ, ”ਜੇਕਰ ਤੁਸੀਂ ਲੋਕ (ਮੀਡੀਆ) ਕੁੱਝ ਸਮਾਂ ਚੁੱਪ ਰਹਿ ਸਕੋ ਤਾਂ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ। ਜੇਕਰ ਤੁਹਾਡੇ ਵਲੋਂ ਗੱਲਾਂ ਬੰਦ ਹੋ ਜਾਣ ਤਾਂ ਬਾਕੀ ਸਾਰੀਆਂ ਚੀਜ਼ਾਂ ਦਾ ਧਿਆਨ ਰਖਿਆ ਜਾ ਸਕਦਾ ਹੈ।”
ਰੋਹਿਤ ਨੇ ਕਿਹਾ ਕਿ ਕੋਹਲੀ ਕਿਸੇ ਤਰ੍ਹਾਂ ਦੇ ਦਬਾਅ ‘ਚ ਨਹੀਂ ਅਤੇ ਛੇਤੀ ਹੀ ਵੱਡੀ ਪਾਰੀ ਖੇਡੇਗਾ। ਕੋਹਲੀ ਦੀ ਫ਼ੌਰਮ ਨੂੰ ਲੈ ਕੇ ਲਗਾਤਾਰ ਸਵਾਲ ਪੁੱਛੇ ਜਾਣ ‘ਤੇ ਰੋਹਿਤ ਨੇ ਕਿਹਾ, ”ਉਹ ਕਾਫ਼ੀ ਚੰਗੀ ਸਥਿਤੀ ‘ਚ ਹੈ ਅਤੇ ਇੱਕ ਦਹਾਕੇ ਤੋਂ ਵਧ ਸਮੇਂ ਤੋਂ ਉਹ ਕੌਮਾਂਤਰੀ ਟੀਮ ਦਾ ਹਿੱਸਾ ਹੈ। ਉਸ ਨੇ ਕੌਮਾਂਤਰੀ ਕ੍ਰਿਕਟ ‘ਚ ਇੰਨਾ ਜ਼ਿਆਦਾ ਸਮਾਂ ਗੁਜ਼ਾਰਿਆ ਹੈ ਕਿ ਉਸ ਨੂੰ ਪਤਾ ਹੈ ਕਿ ਦਬਾਅ ਦੀ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ।”ਰੋਹਿਤ ਸ਼ਰਮਾ ਨੇ ਅੱਗੇ ਕਿਹਾ, ”ਇਸ ਲਈ ਮੈਨੂੰ ਲਗਦਾ ਹੈ ਕਿ ਸਾਰੀਆਂ ਚੀਜ਼ਾਂ ਦੀ ਸ਼ੁਰੂਆਤ ਤੁਹਾਡੇ ਲੋਕਾਂ ਤੋਂ ਹੁੰਦੀ ਹੈ। ਜੇਕਰ ਤੁਸੀਂ ਲੋਕ ਕੁੱਝ ਸਮੇਂ ਲਈ ਚੁੱਪ ਰਹਿ ਸਕੋ ਤਾਂ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ।”
ਸੱਟ ਦੇ ਸ਼ਿਕਾਰ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਇਸ ਖਿਡਾਰੀ ਨੂੰ ਮਿਲਿਆ ਟੀਮ ‘ਚ ਖੇਡਣ ਦਾ ਮੌਕਾ
ਨਵੀਂ ਦਿੱਲੀ – ਆਲਰਾਊਂਡਰ ਵਾਸ਼ਿੰਗਟਨ ਸੁੰਦਰ ਮਾਸਪੇਸ਼ੀਆਂ ‘ਚ ਖਿਚਾਅ ਕਾਰਨ ਵੈੱਸਟ ਇੰਡੀਜ਼ ਖ਼ਿਲਾਫ਼ T-20 ਸੀਰੀਜ਼ ਤੋਂ ਬਾਹਰ ਹੋ ਗਿਆ ਹੈ। ਉਹ 11 ਫ਼ਰਵਰੀ ਨੂੰ ਅਹਿਮਦਾਬਾਦ ‘ਚ ਆਖ਼ਰੀ ਵਨ-ਡੇ ਮੈਚ ਦੌਰਾਨ ਸੱਟ ਦਾ ਸ਼ਿਕਾਰ ਹੋ ਗਿਆ ਸੀ। ਸੁੰਦਰ ਦੀ ਜਗ੍ਹਾ ਰਾਸ਼ਟਰੀ ਚੋਣ ਕਮੇਟੀ ਨੇ ਕੁਲਦੀਪ ਯਾਦਵ ਨੂੰ ਤਿੰਨ ਮੈਚਾਂ ਦੀ ਆਗਾਮੀ T-20 ਇੰਟਰਨੈਸ਼ਨਲ ਸੀਰੀਜ਼ ਲਈ ਟੀਮ ‘ਚ ਸ਼ਾਮਿਲ ਕੀਤਾ ਹੈ। ਇਸ ਗੱਲ ਦੀ ਜਾਣਕਾਰੀ BCCI (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਇੱਕ ਬਿਆਨ ‘ਚ ਦਿੱਤੀ।
BCCI ਸਕੱਤਰ ਜੈ ਸ਼ਾਹ ਨੇ ਇੱਕ ਬਿਆਨ ‘ਚ ਕਿਹਾ ਕਿ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਸ਼ੁੱਕਰਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਵੈੱਸਟ ਇੰਡੀਜ਼ ਖ਼ਿਲਾਫ਼ ਤੀਜੇ ਵਨ-ਡੇ ਮੈਚ ‘ਚ ਫ਼ੀਲਡਿੰਗ ਦੌਰਾਨ ਖੱਬੇ ਹੈਮਸਟ੍ਰਿੰਗ ਦੀਆਂ ਮਾਸਪੇਸ਼ੀਆਂ ‘ਚ ਖਿਚਾਅ ਦਾ ਸਾਹਮਣਾ ਕਰਨਾ ਪਿਆ ਸੀ। ਉਹ 16 ਤਾਰੀਖ਼ ਤੋਂ ਕੋਲਕਾਤਾ ‘ਚ ਸ਼ੁਰੂ ਹੋਈ ਤਿੰਨ ਮੈਚਾਂ ਦੀ T-20 ਸੀਰੀਜ਼ ਤੋਂ ਬਾਹਰ ਹੋ ਗਿਐ। ਜੈ ਨੇ ਕਿਹਾ, ”ਸਰਬ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਕੁਲਦੀਪ ਯਾਦਵ ਨੂੰ ਵਾਸ਼ਿੰਗਟਨ ਸੁੰਦਰ ਦੇ ਬਦਲ ਦੇ ਰੂਪ ‘ਚ ਚੁਣਿਆ ਹੈ।”
ਭਾਰਤ ਦੀ T-20 ਇੰਟਰਨੈਸ਼ਨਲ ਟੀਮ: ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਉੱਪ-ਕਪਤਾਨ) (ਵਿਕਟਕੀਪਰ), ਵੈਂਕਟੇਸ਼ ਅਈਅਰ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਰਵੀ ਬਿਸ਼ਨੋਈ, ਯੁਜ਼ਵੇਂਦਰ ਚਾਹਲ, ਮੁਹੰਮਦ ਸਿਰਾਜ, ਭੁਵਨੇਸ਼ਵਰ ਕੁਮਾਰ, ਆਵੇਸ਼ ਖ਼ਾਨ, ਹਰਸ਼ਲ ਪਟੇਲ, ਰੁਤੂਰਾਜ ਗਾਇਕਵਾੜ, ਦੀਪਕ ਹੁੱਡਾ ਅਤੇ ਕੁਲਦੀਪ ਯਾਦਵ।












