ਮੇਰਾ ਜਜ਼ਬਾ ਹਮੇਸ਼ਾ ਬੁਲੰਦ ਰਹਿੰਦਾ ਹੈ: ਯਾਮੀ ਗੌਤਮ

ਹਾਲ ਹੀ ‘ਚ ਯਾਮੀ ਦੀ ਫ਼ਿਲਮ ਉੜੀ ਰਿਲੀਜ਼ ਹੋਈ ਹੈ। ਇਸ ਫ਼ਿਲਮ ਦੀ ਸਫ਼ਲਤਾ ਬਾਰੇ ਗੱਲ ਕਰਦਿਆਂ ਯਾਮੀ ਨੇ ਕਿਹਾ ਕਿ ਉਸ ਦਾ ਜੋਸ਼ ਹੀ ਉਸ ਨੂੰ ਸਾਰਿਆਂ ਤੋਂ ਅੱਗੇ ਰੱਖਦਾ ਹੈ …

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਲੈ ਕੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਤਕ ਸਾਰੇ ਵੱਡੇ ਨੇਤਾ ਫ਼ਿਲਮ ਉੜੀ: ਦਾ ਸਰਜੀਕਲ ਸਟਰਾਇਕ ਦੀ ਪੰਚ-ਲਾਈਨ ਹਾਓ ਇਜ਼ ਦਾ ਜੋਸ਼? ਦੀ ਵਰਤੋਂ ਕਰ ਰਹੇ ਹਨ। ਇਸ ਫ਼ਿਲਮ ਦੀ ਮੁੱਖ ਅਦਾਕਾਰਾ ਯਾਮੀ ਗੌਤਮ ਦਾ ਕਹਿਣਾ ਹੈ ਕਿ ਉਸ ਦਾ ਜਜ਼ਬਾ ਸਦਾ ਬੁਲੰਦ ਰਹਿੰਦਾ ਹੈ। ਹਾਲ ਹੀ ‘ਚ ਹੋਏ ਲੈਕਮੇ ਫ਼ੈਸ਼ਨ ਸ਼ੋਅ ਦੌਰਾਨ ਗੌਰੀ ਅਤੇ ਨੈਨਿਕਾ ਲਈ ਰੈਂਪ ਵਾਕ ਕਰਨ ਤੋਂ ਬਾਅਦ ਯਾਮੀ ਨੇ ਕਿਹਾ, ”ਮੇਰਾ ਜੋਸ਼ ਹਮੇਸ਼ਾ ਹਾਈ ਰਹਿੰਦਾ ਹੈ। ਮੇਰਾ ਜੋਸ਼ ਹੀ ਮੈਨੂੰ ਸਾਰਿਆਂ ਤੋਂ ਅੱਗੇ ਰੱਖਦਾ ਹੈ।”
ਫ਼ਿਲਮ ਵਿੱਕੀ ਡੋਨਰ ਨਾਲ ਕਰੀਅਰ ਦੀ ਬਿਹਤਰੀਨ ਸ਼ੁਰੂਆਤ ਕਰਨ ਵਾਲੀ ਯਾਮੀ ਜ਼ਰੂਰਤ ਤੋਂ ਵੱਡੇ ਗਾਊਨ ਕਾਰਨ ਕਈ ਵਾਰ ਸ਼ੌਅ ਦੌਰਾਨ ਰੈਂਪ ‘ਤੇ ਤਿਲਕ ਵੀ ਗਈ, ਪਰ ਉਸ ਨੇ ਫ਼ਿਰ ਵੀ ਆਪਣਾ ਆਤਮ-ਵਿਸ਼ਵਾਸ ਘੱਟ ਨਹੀਂ ਹੋਣ ਦਿੱਤਾ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਅੰਦਰ ਇਹ ਆਤਮ-ਵਿਸ਼ਵਾਸ ਕਿੱਥੋਂ ਆਇਆ ਹੈ ਤਾਂ ਯਾਮੀ ਨੇ ਕਿਹਾ, ”ਇਹ ਸੱਚਾਈ ਤੋਂ ਮਿਲਦਾ ਹੈ। ਮੈਂ ਪਹਿਲੀ ਔਰਤ ਨਹੀਂ ਹਾਂ ਜੋ ਰੈਂਪ ‘ਤੇ ਤਿਲਕੀ ਹਾਂ। ਅਜਿਹੀ ਘਟਨਾ ਤੁਹਾਨੂੰ ਅੰਤਰਰਾਸ਼ਟਰੀ ਪੱਧਰ ਤਕ ਕਿਤੇ ਵੀ ਦੇਖਣ ਨੂੰ ਮਿਲ ਸਕਦੀ ਹੈ। ਅਜਿਹਾ ਆਮ ਹੀ ਹੁੰਦਾ ਰਹਿੰਦਾ ਹੈ। ਸਹੀ ਗੱਲ ਤਾਂ ਇਹ ਹੈ ਕਿ ਭਾਵੇਂ ਜ਼ਿੰਦਗੀ ਹੋਵੇ ਜਾਂ ਰੈਂਪ ਵਾਕ, ਸ਼ੋਅ ਚੱਲਦਾ ਰਹਿਣਾ ਚਾਹੀਦਾ ਹੈ।”
ਲੈਕਮੇ ਫ਼ੈਸ਼ਨ ਸ਼ੋਅ ‘ਚ ਪ੍ਰਸ਼ੰਸਕਾਂ ਨੇ ਅਭਿਨੇਤਰੀ ਯਾਮੀ ਗੌਤਮ ਨੂੰ ਘੇਰ ਲਿਆ ਅਤੇ ਕਾਫ਼ੀ ਉੱਚੀ ਆਵਾਜ਼ ‘ਚ ਕਿਹਾ ਹਾਓ ਇਜ਼ ਦਾ ਜੋਸ਼?” ਪ੍ਰਸ਼ੰਸਕਾਂ ਦੀ ਭੀੜ ਦੇਖ ਕੇ ਯਾਮੀ ਗੌਤਮ ਬਹੁਤ ਖ਼ੁਸ਼ ਹੋਈ। ਉਸ ਨੇ ਕਿਹਾ, ”ਅਸੀਂ ਬਹੁਤ ਖ਼ੁਸ਼ ਹਾਂ। ਮੈਂ ਫ਼ਿਲਮ ਨਾਲ ਸਬੰਧਤ ਹਰ ਸ਼ਖ਼ਸ ਨੂੰ ਆਖਦੀ ਹਾਂ ਕਿ ਸਾਨੂੰ ਜੋ ਪਿਆਰ ਮਿਲ ਰਿਹਾ ਹੈ, ਉਸ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ। ਕਿਸੇ ਫ਼ਿਲਮ ਦੀ ਬੌਕਸ ਔਫ਼ਿਸ ‘ਤੇ ਸਫ਼ਲਤਾ ਕਲਾਕਾਰ ਨੂੰ ਵੱਡੀ ਖ਼ੁਸ਼ੀ ਅਤੇ ਤਸੱਲੀ ਦਿੰਦੀ ਹੈ।”