ਦੋਸਤਾਨਾ ਦੇ ਸੀਕੁਅਲ ‘ਚ ਹੋ ਸਕਦੀ ਹੈ ਆਲੀਆ

ਕਰਨ ਛੇਤੀ ਹੀ 2008 ‘ਚ ਰਿਲੀਜ਼ ਹੋਈ ਸੁਪਰਹਿੱਟ ਫ਼ਿਲਮ ਦੋਸਤਾਨਾ ਦਾ ਸੀਕੁਅਲ ਬਣਾਏਗਾ। ਇਸ ‘ਚ ਮੁੱਖ ਕਿਰਦਾਰ ਲਈ ਉਸ ਨੇ ਆਲੀਆ ਨੂੰ ਅਪ੍ਰੋਚ ਕੀਤਾ ਹੈ …
ਆਲੀਆ ਭੱਟ ਸੁਪਰਹਿੱਟ ਫ਼ਿਲਮ ਦੋਸਤਾਨਾ ਦੇ ਸੀਕਵਲ ‘ਚ ਕੰਮ ਕਰ ਸਕਦੀ ਹੈ। ਬਾਲੀਵੁੱਡ ਫ਼ਿਲਮਸਾਜ਼ ਕਰਨ ਜੌਹਰ ਨੇ ਸਾਲ 2008 ਵਿੱਚ ਅਭਿਸ਼ੇਕ ਬੱਚਨ, ਪ੍ਰਿਅੰਕਾ ਚੋਪੜਾ ਅਤੇ ਜੌਨ ਐਬਰਾਹਿਮ ਨੂੰ ਲੈ ਕੇ ਦੋਸਤਾਨਾ ਫ਼ਿਲਮ ਬਣਾਈ ਸੀ। ਫ਼ਿਲਮ ਦਾ ਨਿਰਦੇਸ਼ਨ ਤਰੁਣ ਮਨਸੁਖਾਨੀ ਨੇ ਕੀਤਾ ਸੀ। ਕਾਫ਼ੀ ਸਮੇਂ ਤੋਂ ਚਰਚਾ ਚੱਲ ਰਹੀ ਹੈ ਕਿ ਕਰਨ ਜੌਹਰ ਇਸ ਫ਼ਿਲਮ ਦਾ ਸੀਕੁਅਲ ਬਣਾਏਗਾ। ਇਸ ਸੀਕੁਅਲ ‘ਚ ਮੁੱਖ ਮਹਿਲਾ ਕਿਰਦਾਰ ਲਈ ਆਲੀਆ ਨੂੰ ਕਾਸਟ ਕੀਤਾ ਜਾ ਸਕਦਾ ਹੈ।
ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ਦੀਆਂ ਆਉਣ ਵਾਲੀਆਂ ਕਈ ਫ਼ਿਲਮਾਂ ‘ਚ ਆਲੀਆ ਭੱਟ ਨਜ਼ਰ ਆਵੇਗੀ। ਇਨ੍ਹਾਂ ਵਿੱਚ ਮਲਟੀਸਟਾਰਰ ਫ਼ਿਲਮਾਂ ਕਲੰਕ ਅਤੇ ਤਖ਼ਤ ਤੋਂ ਇਲਾਵਾ ਬ੍ਰਹਮਾਸਤਰ ਵੀ ਸ਼ਾਮਲ ਹੈ। ਦੋਸਤਾਨਾ ਦੇ ਸੀਕੁਅਲ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਗਈ ਹੈ, ਅਤੇ ਆਲੀਆ ਨੂੰ ਇਹ ਆਈਡੀਆ ਪਸੰਦ ਆਇਆ ਹੈ। ਉਹ ਜਲਦ ਹੀ ਫ਼ਾਈਨਲ ਸਕ੍ਰਿਪਟ ਸੁਣੇਗੀ ਅਤੇ ਅੰਤਮ ਫ਼ੈਸਲਾ ਲਵੇਗੀ। ਉਸ ਨਾਲ ਦੋ ਹੀਰੋਜ਼ ਕਿਹੜੇ ਲਏ ਜਾਣਗੇ ਇਸ ਬਾਰੇ ਵੀ ਵਿਚਾਰ-ਚਰਚਾ ਜਾਰੀ ਹੈ। ਫ਼ਿਲਮ ਦੀ ਕਾਸਟ ਫ਼ਾਈਨਲ ਹੋਣ ਤੋਂ ਬਾਅਦ ਕਰਨ ਜੌਹਰ ਇਸ ਦਾ ਰਸਮੀ ਤੌਰ ‘ਤੇ ਐਲਾਨ ਕਰੇਗਾ।
ਇਸ ਫ਼ਿਲਮ ਦੇ ਪ੍ਰੀ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਫ਼ਿਲਹਾਲ ਆਲੀਆ ਭੱਟ ਦੀ ਰਣਵੀਰ ਸਿੰਘ ਨਾਲ ਫ਼ਿਲਮ ਗਲੀ ਬੁਆਏ ਰਿਲੀਜ਼ ਹੋਈ ਹੈ। ਇਸ ਵਿੱਚ ਰਣਵੀਰ ਨੇ ਇੱਕ ਗਾਇਕ ਦੀ ਭੂਮਿਕਾ ਕੀਤੀ ਹੈ। ਇਸ ਫ਼ਿਲਮ ਨੂੰ ਜ਼ੋਆ ਅਖ਼ਤਰ ਨੇ ਡਾਇਰੈਕਟ ਕੀਤਾ ਹੈ। ਇਸ ਤੋਂ ਇਲਾਵਾ ਚਰਚਾ ਇਹ ਵੀ ਹੈ ਕਿ ਆਲੀਆ ਭੱਟ ਵਰੁਣ ਧਵਨ ਨਾਲ ਕੁਲੀ ਨੰਬਰ 1 ਦੇ ਰੀਮੇਕ ‘ਚ ਵੀ ਕੰਮ ਕਰੇਗੀ। ਇਸ ਫ਼ਿਲਮ ਨੂੰ ਵਰੁਣ ਦਾ ਭਰਾ ਰੋਹਿਤ ਧਵਨ ਪ੍ਰੋਡਿਊਸ ਕਰੇਗਾ। ਇਸ ਤੋਂ ਇਲਾਵਾ ਆਲੀਆ ਫ਼ਿਲਮ ਸੜਕ 2 ਵਿੱਚ ਸੰਜੇ ਦੱਤ ਅਤੇ ਪੂਜਾ ਭੱਟ ਨਾਲ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।