ਸ਼ਿਲਾਂਗ – ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ‘ਚ ਵੀਰਵਾਰ ਤੜਕੇ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਦਫ਼ਤਰ ਵਾਲੀ ਇਮਾਰਤ ’ਤੇ ਪੈਟਰੋਲ ਬੰਬ ਸੁੱਟੇ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਦੋ ਦਿਨਾਂ ਵਿਚ ਸਰਕਾਰੀ ਅਦਾਰਿਆਂ ’ਤੇ ਹਮਲੇ ਦੀ ਇਹ ਦੂਜੀ ਘਟਨਾ ਹੈ।
ਪੂਰਬੀ ਖਾਸੀ ਹਿਲਜ਼ ਦੇ ਪੁਲਸ ਸੁਪਰਡੈਂਟ ਵਿਵੇਕ ਸਿਆਮ ਨੇ ਦੱਸਿਆ ਕਿ ਲਾਂਗਕਿਰਡਿੰਗ ਇਲਾਕੇ ‘ਚ ਸਥਿਤ ਇਮਾਰਤ ’ਤੇ ਹਮਲੇ ਨਾਲ ਕੋਈ ਨੁਕਸਾਨ ਨਹੀਂ ਹੋਇਆ। ਅਧਿਕਾਰੀ ਨੇ ਦੱਸਿਆ ਕਿ ਇਮਾਰਤ ਦੇ ਅੰਦਰ ਤਾਇਨਾਤ ਸੁਰੱਖਿਆ ਕਰਮੀ ਨੂੰ ਸਵੇਰ ਤੱਕ ਹਮਲੇ ਦੀ ਜਾਣਕਾਰੀ ਨਹੀਂ ਸੀ। ਸ਼ੱਕੀਆਂ ਦੀ ਪਛਾਣ ਕਰਨ ਲਈ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ। ਇਸ ਸਬੰਧੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਲਾਕੇ ਵਿਚ ਗਸ਼ਤ ਵਧਾ ਦਿੱਤੀ ਗਈ ਹੈ। ਬੁੱਧਵਾਰ ਸਵੇਰੇ ਲੈਤੁਮਖਰਾ ਇਲਾਕੇ ਵਿਚ ਸਿਹਤ ਵਿਭਾਗ ਦੇ ਦਫ਼ਤਰ ’ਤੇ ਵੀ ਇਸੇ ਤਰ੍ਹਾਂ ਦੇ ਹਮਲੇ ਦੀ ਘਟਨਾ ਵਾਪਰੀ ਸੀ।















