ਮੁੱਖ ਮੰਤਰੀ ਦੇ ਸ਼ਹਿਰ ‘ਚ ਅਧਿਆਪਕਾਂ ਦਾ ਪ੍ਰਦਰਸ਼ਨ

ਪਟਿਆਲਾ — ਪੰਜਾਬ ਦੇ ਅਧਿਆਪਕਾਂ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਜ਼ਬਰਦਸਤ ਪ੍ਰਦਰਸ਼ਨ ਦੀ ਤਿਆਰੀ ਕੀਤੀ ਜਾ ਚੁੱਕੀ ਹੈ, ਜਿਸ ਤਹਿਤ ਵੱਡੀ ਗਿਣਤੀ ‘ਚ ਸੂਬੇ ਭਰ ਤੋਂ ਅਧਿਆਪਕ ਪਿੰਡ ਜੱਸੋਵਾਲ ‘ਚ ਇਕੱਠੇ ਹੋ ਰਹੇ ਹਨ,ਜਿਥੇ ਅਧਿਆਪਕ ਆਪਣੀਆਂ ਮੰਗਾਂ ਕੈਪਟਨ ਸਰਕਾਰ ਤੱਕ ਪਹੁੰਚਾਉਣ ਲਈ ਜਲਦ ਪਟਿਆਲਾ ਵੱਲ ਕੂਚ ਕਰਨਗੇ। ਉਨ੍ਹਾਂ ਆਪਣੀਆਂ ਮੰਗਾਂ ‘ਚ ਕਿਹਾ ਕਿ ਅਧਿਆਪਕਾਂ ‘ਤੇ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ, ਸਕੂਲਾਂ ਦੇ ਰਲੇਵੇਂ ਕੀਤੇ ਜਾਣ ਦੇ ਫੈਸਲੇ ਨੂੰ ਰੱਦ ਕੀਤਾ ਜਾਵੇ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਰੈਗੂਲਰ ਕਰਨ ਤੇ ਤਨਖਾਹਾਂ ਪੂਰੀਆਂ ਦਿੱਤੇ ਜਾਣ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅਧਿਆਪਕਾਂ ਵਲੋਂ ਅਜਿਹਾ ਹੀ ਪ੍ਰਦਰਸ਼ਨ ਅਧਿਆਪਕਾਂ ਵਲੋਂ 25 ਮਾਰਚ ਨੂੰ ਲੁਧਿਆਣਾ ‘ਚ ਵੀ ਕੀਤਾ ਗਿਆ ਸੀ, ਜਿਸ ‘ਚ ਤਕਰੀਬਨ 30 ਹਜ਼ਾਰ ਤੋਂ ਵੱਧ ਅਧਿਆਪਕਾਂ ਨੇ ਸ਼ਿਰਕਤ ਕੀਤੀ ਸੀ ਤੇ ਅੱਜ ਇਸ ਤੋਂ ਵੱਡੀ ਗਿਣਤੀ ‘ਚ ਅਧਿਆਪਕ ਪਟਿਆਲਾ ਵੱਲ ਕੂਚ ਕਰਨਗੇ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਪਟਿਆਲਾ ‘ਚ ਰੈਲੀ ਦੀ ਇਜਾਜ਼ਤ ਨਹੀਂ ਮਿਲੀ ਸੀ ਪਰ ਬਾਅਦ ‘ਚ ਅਧਿਆਪਕਾਂ ਦੇ ਦਬਾਅ ‘ਚ ਪ੍ਰਸ਼ਾਸਨ ਨੇ ਜੱਸੋਵਾਲ ਸਟੇਡੀਅਮ ਭਾਦਸੋਂ ਰੋਡ ਪਟਿਆਲਾ ‘ਚ ਰੈਲੀ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ। ਇਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਅਧਿਆਪਕ ਇਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ।