ਮਾਂ ਬਣਨ ਤੋਂ ਪੰਜ ਮਹੀਨਿਆਂ ਬਾਅਦ ਸਾਨੀਆ ਮਿਰਜ਼ਾ ਨੇ ਘਟਾਇਆ 22 ਕਿੱਲੋ ਭਾਰ

ਜਲੰਧਰ – ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਬੀਤੇ ਸਾਲ 30 ਅਕਤੂਬਰ ਨੂੰ ਬੇਟੇ ਇਜ਼ਹਾਨ ਨੂੰ ਜਨਮ ਦਿੱਤਾ ਸੀ। ਬੇਟੇ ਦੇ ਜਨਮ ਦੇ ਪੰਜ ਮਹੀਨਿਆਂ ਬਾਅਦ ਹੀ ਉਸ ਨੇ ਆਪਣਾ ਭਾਰ 22 ਕਿੱਲੋ ਘੱਟ ਕਰ ਲਿਆ ਹੈ। ਸਾਨੀਆ ਨੇ ਇੱਕ ਇੰਟਰਵਿਊ ‘ਚ ਦੱਸਿਆ ਕਿ ਗਰਭਵਤੀ ਹੋਣ ਦੌਰਾਨ ਉਸ ਦਾ ਭਾਰ ਤਕਰੀਬਨ 89 ਕਿੱਲੋ ਹੋ ਗਿਆ ਸੀ।
ਅਜਿਹੇ ਵਿੱਚ ਉਸ ਨੇ ਅਗਲੇ ਪੰਜ ਮਹੀਨਿਆਂ ‘ਚ 22 ਕਿੱਲੋ ਭਾਰ ਘਟਾ ਕੇ ਆਪਣੇ ਸ਼ਰੀਰ ਨੂੰ ਫ਼ਿਰ ਤੋਂ ਫ਼ਿੱਟ ਲੋਕਾਂ ਦੀ ਸ਼੍ਰੇਣੀ ‘ਚ ਲਿਆ ਕੇ ਖੜ੍ਹਾ ਕਰ ਲਿਆ ਹੈ। ਸਾਨੀਆ ਨੇ ਕਿਹਾ, ”ਚਾਹੇ ਮੈਂ ਟੈਨਿਸ ਖੇਡਾਂ ਜਾਂ ਨਾ ਪਰ ਜ਼ਿਆਦਾ ਭਾਰ ਦੇ ਨਾਲ ਸ਼ੀਸ਼ੇ ਵਿੱਚ ਖ਼ੁਦ ਨੂੰ ਦੇਖ ਕੇ ਮੈਨੂੰ ਚੰਗਾ ਮਹਿਸੂਸ ਨਹੀਂ ਹੁੰਦਾ ਸੀ। ਮੈਂ ਪਤਲੀ ਰਹਿਣਾ ਚਾਹੁੰਦੀ ਹਾਂ ਕਿਉਂਕਿ ਪਤਲੇ ਰਹਿਣ ‘ਤੇ ਮੈਨੂੰ ਆਪਣਾ ਆਪ ਚੰਗਾ ਲੱਗਦਾ ਹੈ।”
ਸਾਨੀਆ ਨੇ ਦੱਸਿਆ ਕਿ ਖ਼ੁਦ ਨੂੰ ਫ਼ਿੱਟ ਰੱਖਣ ਲਈ ਉਹ ਰੋਜ਼ਾਨਾ ਚਾਰ ਘੰਟੇ ਜਿਮ ਵਿੱਚ ਬਿਤਾਉਂਦੀ ਹੈ। ਇਸ ਦੌਰਾਨ 100 ਮਿੰਟ ਤਕ ਕਾਰਡੀਓ, ਇੱਕ ਘੰਟਾ ਕਿਕ-ਬੌਕਸਿੰਗ ਅਤੇ ਇੱਕ ਘੰਟਾ ਪਾਈਲੈਟਸ ਵੀ ਕਰਦੀ ਹੈ। ਸਾਨੀਆ ਨੇ ਇਸ ਦੌਰਾਨ ਯੋਗਾ ਨੂੰ ਵੀ ਆਪਣੇ ਵਰਕਆਊਟ ਦਾ ਹਿੱਸਾ ਬਣਾਇਆ। ਉਸ ਨੇ ਕਿਹਾ, ”ਗਰਭਵਤੀ ਹੋਣ ਦੌਰਾਨ ਖ਼ੁਦ ਨੂੰ ਫ਼ਿਜ਼ੀਕਲ ਫ਼ਿੱਟ ਰੱਖਣ ਲਈ ਨਿਯਮਿਤ ਤੌਰ ‘ਤੇ ਵਾਕਿੰਗ ਅਤੇ ਯੋਗਾ ਉਸ ਦੇ ਬਹੁਤ ਕੰਮ ਆਇਆ।
ਉਸ ਨੇ ਸਖ਼ਤ ਡਾਇਟ ਖਾਣੀ ਸ਼ੁਰੂ ਕੀਤੀ। ਇਸ ਕਾਰਨ ਉਹ ਘੱਟ ਸਮੇਂ ‘ਚ ਜ਼ਿਆਦਾ ਭਾਰ ਘੱਟ ਕਰ ਸਕੀ। ਜ਼ਿਕਰਯੋਗ ਹੈ ਕਿ ਸਾਨੀਆ ਨੇ ਮਾਂ ਬਣਨ ਦੇ ਸਿਰਫ਼ 15 ਦਿਨ ਬਾਅਦ ਤੋਂ ਹੀ ਆਪਣਾ ਭਾਰ ਘੱਟ ਕਰਨ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਉਹ ਆਲੋਚਕਾਂ ਦੇ ਨਿਸ਼ਾਨੇ ‘ਤੇ ਵੀ ਰਹੀ ਸੀ।