ਦੁਬਈ – ਭਾਰਤੀ ਕ੍ਰਿਕਟ ਟੀਮ ਨੇ ਲਗਾਤਾਰ ਤੀਜੇ ਸਾਲ ICC ਟੈੱਸਟ ਚੈਂਪੀਅਨਸ਼ਿਪ ਦੇ ਗੁਰਜ ‘ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ ਅਤੇ ਯਾਦਗਾਰ ਸੈਸ਼ਨ ਤੋਂ ਬਾਅਦ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਵੀ ਜਿੱਤ ਲਈ। ICC ਟੈੱਸਟ ਟੀਮ ਰੈਂਕਿੰਗ ਦੀ ਜਾਰੀ ਹੋਈ ਕੱਟ ਔਫ਼ ਸੂਚੀ ਵਿੱਚ ਭਾਰਤ ਪਹਿਲੇ ਸਥਾਨ ‘ਤੇ ਕਾਬਜ਼ ਹੈ ਅਤੇ ਨਿਊ ਜ਼ੀਲੈਂਡ ਦੂਜੇ ਸਥਾਨ ‘ਤੇ ਮੌਜੂਦ ਹੈ। ICC ਦੀ ਅਧਿਕਾਰਤ ਵੈੱਬਸਾਈਟ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।
ਇਸ ਉਪਲਬਧੀ ‘ਤੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਖ਼ੁਸ਼ੀ ਵਿਅਕਤ ਕਰਦਿਆਂ ਹੋਇਆਂ ਕਿਹਾ, ”ICC ਟੈੱਸਟ ਚੈਂਪੀਅਨਸ਼ਿਪ ‘ਚ ਆਪਣੇ ਆਪ ਨੂੰ ਪਹਿਲੇ ਸਥਾਨ ‘ਤੇ ਫ਼ਿਰ ਤੋਂ ਬਰਕਰਾਰ ਰੱਖਣਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਸਾਡੀ ਟੀਮ ਖੇਡ ਦੇ ਸਾਰੇ ਫ਼ੌਰਮੈੱਟਾਂ ‘ਚ ਵਧੀਆ ਪ੍ਰਦਰਸ਼ਨ ਕਰ ਰਹੀ ਹੈ, ਪਰ ਟੈੱਸਟ ਰੈਂਕਿੰਗ ‘ਚ ਪਹਿਲੇ ਸਥਾਨ ‘ਤੇ ਰਹਿਣਾ ਜ਼ਿਆਦਾ ਖ਼ੁਸ਼ੀ ਦਿੰਦਾ ਹੈ। ਅਸੀਂ ਸਾਰੇ ਟੈੱਸਟ ਕ੍ਰਿਕਟ ਦੇ ਮਹੱਤਵ ਨੂੰ ਸਮਝਦੇ ਹਾਂ ਅਤੇ ਜਾਣਦੇ ਹਾਂ ਕਿ ਸਰਵਸ੍ਰੇਸ਼ਠ ਹੀ ਇਸ ਫ਼ੌਰਮੈੱਟ ‘ਚ ਚਮਕ ਸਕਦੇ ਹਨ।”
ਵਿਰਾਟ ਨੇ ਅੱਗੇ ਕਿਹਾ, ”ਸਾਡੀ ਟੀਮ ਮਜ਼ਬੂਤ ਹੈ ਅਤੇ ਮੈਨੂੰ ਭਰੋਸਾ ਹੈ ਕਿ ICC ਟੈੱਸਟ ਚੈਂਪੀਅਸ਼ਿਪ ਇਸ ਸਾਲ ਦੇ ਆਖ਼ਿਰ ‘ਚ ਸ਼ੁਰੂ ਹੋਵੇਗੀ, ਅਤੇ ਇਸ ਦਾ ਸਾਨੂੰ ਫ਼ਾਇਦਾ ਮਿਲੇਗਾ। ਇਹ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਸ ਬਾਰੇ ‘ਚ ਸੋਚ ਰਹੇ ਹਾਂ ਕਿਉਂਕਿ ਇਸ ਨਾਲ ਟੈੱਸਟ ਕ੍ਰਿਕਟ ਦਾ ਮਹੱਤਵ ਵੱਧੇਗਾ।”












