ਕੋਲੰਬੋ – ਸ਼੍ਰੀਲੰਕਾ ਟੈੱਸਟ ਟੀਮ ਦੇ ਕਪਤਾਨ ਦਿਮੁਥ ਕਰੁਣਾਰਤਨੇ ਨੇ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾਉਣ ਨਾਲ ਹੋਏ ਹਾਦਸੇ ਦੇ ਮਾਮਲੇ ‘ਚ ਮੁਆਫ਼ੀ ਮੰਗ ਲਈ ਹੈ। ਇਸ ਹਾਦਸੇ ਵਿੱਚ ਵਾਹਨ ਦਾ ਚਾਲਕ ਜ਼ਖ਼ਮੀ ਹੋ ਗਿਆ ਸੀ ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਸ ਸੜਕ ਹਾਦਸੇ ਤੋਂ ਬਾਅਦ 30 ਸਾਲ ਦੇ ਕਰੁਣਾਰਤਨੇ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸ਼੍ਰੀਲੰਕਾਈ ਟੈੱਸਟ ਕਪਤਾਨ ਦਿਮੁਥ ਕਰੁਣਾਰਤਨੇ ਨੂੰ ਕੋਲੰਬੋ ਵਿਖੇ ਸਵੇਰੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਇੱਕ ਗੱਡੀ ਨੂੰ ਟੱਕਰ ਮਾਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀਲੰਕਾਈ ਕ੍ਰਿਕਟਰ ਨੇ ਤਿਨ ਟੈਰਾਂ ਵਾਲੀ ਇੱਕ ਗੱਡੀ ਵਿੱਚ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੇ ਡ੍ਰਾਈਵਰ ਨੂੰ ਹਸਪਤਾਲ ਲਿਜਾਣਾ ਪਿਆ।
ਹਾਦਸੇ ਵਿੱਚ ਉਹ ਡਰਾਈਵਰ ਬਹੁਤੇ ਗੰਭੀਰ ਰੂਪ ਨਾਲ ਜ਼ਖ਼ਮੀ ਨਹੀਂ ਹੋਇਆ। ਪੁਲੀਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਕਰੁਣਾਰਤਨੇ ਨੇ ਸ਼ਰਾਬ ਪੀਤੀ ਹੋਈ ਸੀ। ਕਰੁਣਾਰਤਨੇ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ, ਪਰ ਸ਼੍ਰੀਲੰਕਾਈ ਸਮੇਂ ਮੁਤਾਬਿਕ ਸਵੇਰੇ 5.40 ‘ਤੇ ਪੁਲੀਸ ਨੇ ਆਪਣੀ ਹਿਰਾਸਤ ਵਿੱਚ ਲਿਆ। ਇਹ ਹਾਦਸਾ ਬੋਰੇਲਾ ਖੇਤਰ ਵਿਖੇ ਹੋਇਆ। ਇਸ ਹਫ਼ਤੇ ਸ਼੍ਰੀਲੰਕਾਈ ਖਿਡਾਰੀ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਏਗਾ।












