ਮਹਾਰਾਣੀ ਵੱਲੋਂ ਕੀਤਾ ਜਾਵੇਗਾ ‘ਭਾਰਤ-ਇੰਗਲੈਂਡ ਸੱਭਿਆਚਾਰਕ ਸਾਲ’ ਦਾ ਉਦਘਾਟਨ

ਲੰਡਨ— ਭਾਰਤ ਅਤੇ ਇੰਗਲੈਂਡ ਵਿਚਕਾਰ ਸੱਭਿਆਚਾਰਕ ਸਹਿਯੋਗ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਇੰਗਲੈਂਡ ਦੀ ਮਹਾਰਾਣੀ ‘ਕਵੀਨ ਐਲਿਜ਼ਾਬੈੱਥ ਦੋ’ ਵੱਲੋਂ ਇਸ ਮਹੀਨੇ ਦੇ ਅੰਤ ‘ਚ ਬਕਿੰਘਮ ਪੈਲੇਸ ‘ਚ ਭਾਰਤ-ਇੰਗਲੈਂਡ ਸੱਭਿਆਚਾਰਕ ਸਾਲ ਦਾ ਉਦਘਾਟਨ ਕੀਤਾ ਜਾਵੇਗਾ। ਇੰਗਲੈਂਡ ‘ਚ ਭਾਰਤੀ ਮੂਲ ਦੀ ਸੀਨੀਅਰ ਮੰਤਰੀ ਪ੍ਰੀਤੀ ਪਟੇਲ ਨੇ ਆਯੋਜਨ ਨੂੰ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਸੰਬੰਧਾਂ ਦਾ ਪ੍ਰਦਰਸ਼ਨ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ, ” ਇਹ ਇਕ ਯਾਦਗਾਰ ਆਯੋਜਨ ਹੋਵੇਗਾ ਅਤੇ ਦੋਵਾਂ ਦੇਸ਼ਾਂ ਦੇ ਸੰਬੰਧਾਂ ਦਾ ਉਤਸਵ ਮਨਾਉਣ ਦਾ ਬੇਹਤਰੀਨ ਮੌਕਾ ਵੀ। ਪ੍ਰੀਤੀ ਇਸ ਆਯੋਜਨ ‘ਚ ਸ਼ਾਮਲ ਹੋਣ ਵਾਲੇ ਮੰਤਰੀਆਂ ‘ਚੋਂ ਇਕ ਹੋਵੇਗੀ।
ਪ੍ਰੀਤੀ ਅੰਤਰਰਾਸ਼ਟਰੀ ਵਿਕਾਸ ਵਿਦੇਸ਼ ਮੰਤਰੀ ਹੈ। ਉਨ੍ਹਾਂ ਨੇ ਕਿਹਾ, ” ਮਹਾਰਾਣੀ, ਡਿਊਕ ਆਫ ਐਡਿਨਬਰਗ ਇੰਗਲੈਂਡ-ਭਾਰਤ ਸੱਭਿਆਚਾਰਕ ਸਾਲ 2017 ਦੀ ਸ਼ੁਰੂਆਤ ਦੇ ਮੌਕੇ ‘ਤੇ ਇਕ ਸ਼ਾਹੀ ਭੋਜਨ ਦਾ ਆਯੋਜਨ ਵੀ ਕਰਵਾਉਣਗੇ। ਪੈਲੇਸ ਨੇ ਇਸ ਲਈ 27 ਫਰਵਰੀ ਦੀ ਤਾਰੀਖ ਦਾ ਅਧਿਕਾਰਕ ਐਲਾਨ ਵੀ ਕੀਤਾ ਹੈ। ਇਸ ਸੰਮੇਲਨ ‘ਚ ਦੋਵਾਂ ਦੇਸ਼ਾਂ ਦੇ ਸੈਕੜੇ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪ੍ਰੀਤੀ ਨੇ ਕਿਹਾ, ” ਸਾਲ ਭਰ ਅਸੀਂ ਕਲਾ ਦੇ ਖੇਤਰ ‘ਚ ਮਹਾਨ ਕੰਮ ਦੇਖਾਂਗੇ, ਮਹਾਨ ਸਹਿਯੋਗ, ਸਾਰੇ ਸੱਭਿਆਚਾਰਕ ਪਹਿਲੂ ਇਕੱਠੇ ਇੱਕ ਮੰਚ ‘ਤੇ ਆਉਣਗੇ ਅਤੇ ਦੋਵੇਂ ਦੇਸ਼ਾਂ ‘ਚ ਮਜ਼ਬੂਤ ਸੰਬੰਧਾਂ ਦਾ ਅਸਲੀ ਪ੍ਰਦਰਸ਼ਨ ਹੋਵੇਗਾ। ਇਹ ਅਸਲੀਅਤ ‘ਚ ਬਹੁਤ ਹੀ ਉਤਸ਼ਾਹਜ਼ਨਕ ਹੋਵੇਗਾ। ਕੰਜ਼ਰਵੇਟਿਵ ਪਾਰਟੀ ਤੋਂ ਸਾਂਸਦ ਅਤੇ ਵਿਦੇਸ਼ ਦਫ਼ਤਰ ‘ਚ ਛੇ ਮਹੀਨੇ ਗੁਜ਼ਾਰ ਚੁੱਕੀ ਪ੍ਰੀਤੀ ਨੇ ਆਪਣੇ ਕਾਰਜਕਾਲ ਦੇ ਪਿਛਲੇ ਕੁਝ ਮਹੀਨਿਆਂ ਨੂੰ ‘ਸੁਖਦਾਈ ਅਤੇ ਖੁਸ਼ਨੁਮਾ ਬਣਾਇਆ ਹੈ। ਉਹ ਅਨੇਕਾਂ ਹਿੰਸਾ ਪ੍ਰਭਾਵਿਤ ਖੇਤਰਾਂ ਦੀ ਯਾਤਰਾ ਕਰ ਚੁੱਕੀ ਹੈ ਅਤੇ ਹਾਲ ਹੀ ‘ਚ ਲੈਬਨਾਨ ਅਤੇ ਜੌਰਡਨ ਤੋਂ ਵਾਪਸ ਆਈ ਹੈ। ਉਨ੍ਹਾਂ ਨੇ ਕਿਹਾ, ” ਮੇਰਾ ਧਿਆਨ ਮਨੁੱਖੀ ਸੰਕਟਾਂ ‘ਤੇ ਰਿਹਾ ਹੈ ਜੋ ਸਾਡੇ ਦਿਮਾਗ ‘ਚ ਖਟਕ ਰਹੇ ਹਨ, ਖਾਸ ਤੌਰ ‘ਤੇ ਸੀਰੀਆ ਦਾ ਸੰਕਟ।”