ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਮਿਲੀ ਧਮਕੀ, ਕਿਹਾ-ਭਾਰਤ ਪ੍ਰੋਗਰਾਮਾਂ ਦੌਰਾਨ ਕਰਾਂਗੇ ਧਮਾਕੇ

ਨੈਸ਼ਨਲ ਡੈਸਕ : ਪੰਜਾਬ ਦੇ ਮਸ਼ਹੂਰ ਅਤੇ ਪ੍ਰਸਿੱਧ ਗਾਇਕ ਦਿਲਜੀਤ ਦੋਸਾਂਝ ਦੇ ਅਹਿਮਦਾਬਾਦ, ਗੁਜਰਾਤ ਵਿੱਚ ਹੋਣ ਵਾਲੇ ਸੰਗੀਤ ਸਮਾਰੋਹ ਅਤੇ ਸ਼ਹਿਰ ਦੇ ਨਰਿੰਦਰ ਮੋਦੀ ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਦਿਲਜੀਤ ਦੋਸਾਂਝ ਦੇ ਸੰਗੀਤ ਪ੍ਰੋਗਰਾਮ ਨਵੰਬਰ ਦੇ ਮਹੀਨੇ ਭਾਰਤ ਵਿਚ ਹੋਣ ਵਾਲੇ ਹਨ, ਜਿਸ ਨੂੰ ਲੈ ਕੇ ਈ-ਮੇਲ ਰਾਹੀਂ ਧਮਕੀ ਮਿਲੀ ਹੈ। ਸੂਤਰਾਂ ਨੇ ਦੱਸਿਆ ਕਿ ਈ-ਮੇਲ ਰਾਹੀਂ ਧਮਕੀਆਂ ਦੇਣ ਵਾਲੇ ਨੇ ਦਾਅਵਾ ਕੀਤਾ ਕਿ ਉਹ ‘ਖਾਲਿਸਤਾਨ ਨੈਸ਼ਨਲ ਆਰਮੀ’ ਨਾਲ ਜੁੜਿਆ ਹੋਇਆ ਹੈ।
ਇਸ ਦੌਰਾਨ ਉਸਨੇ ਚਿਤਾਵਨੀ ਦਿੱਤੀ ਕਿ 1 ਨਵੰਬਰ ਨੂੰ ਦਿੱਲੀ ਦੇ ਜੇ. ਐੱਲ. ਐੱਨ. (ਜਵਾਹਰ ਲਾਲ ਨਹਿਰੂ) ਸਟੇਡੀਅਮ ਅਤੇ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਬੰਬ ਧਮਾਕੇ ਕੀਤੇ ਜਾਣਗੇ। ਇਨ੍ਹਾਂ ਦੋਵਾਂ ਤਰੀਕਾਂ ’ਤੇ ਸਬੰਧਤ ਥਾਂਵਾਂ ’ਤੇ ਗਾਇਕ ਦਿਲਜੀਤ ਦੋਸਾਂਝ ਦੇ ਸੰਗੀਤ ਪ੍ਰੋਗਰਾਮ ਤੈਅ ਹਨ। ਸੂਤਰਾਂ ਨੇ ਦੱਸਿਆ ਕਿ ਈ-ਮੇਲ ਵਿਚ ਲੋਕਾਂ ਨੂੰ ਇਨ੍ਹਾਂ ਦੋਵਾਂ ਥਾਵਾਂ ’ਤੇ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਬਚਣ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 7 ਅਕਤੂਬਰ 2026 ਨੂੰ ਅਹਿਮਦਾਬਾਦ (ਗੁਜਰਾਤ) ਦੇ ਲਗਭਗ 10 ਨਿੱਜੀ ਸਕੂਲਾਂ ਨੂੰ ਈਮੇਲ ਰਾਹੀਂ ਧਮਕੀਆਂ ਮਿਲੀਆਂ ਸਨ। ਪੁਲਸ, ਬੰਬ ਡਿਸਪੋਜ਼ਲ ਸਕੈਡ ਦੀਆਂ ਟੀਮਾਂ ਨੇ ਸਾਰੇ ਸਕੂਲਾਂ ਦੀ ਚੈਕਿੰਗ ਕੀਤੀ, ਜਿਸ ਤੋਂ ਬਾਅਦ ਇਹ ਧਮਕੀਆਂ ਝੂਠੀ ਨਿਕਲੀ। ਪੁਲਸ ਵੱਲੋਂ ਈ-ਮੇਲ ਭੇਜਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ।