ਬਾਰੀਪਾਦਾ : ਪੁਲਸ ਨੇ ਦੱਸਿਆ ਕਿ ਵੀਰਵਾਰ ਸ਼ਾਮ ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਵਿੱਚ ਇੱਕ ਐਂਬੂਲੈਂਸ ਦੇ ਅੰਦਰ ਆਕਸੀਜਨ ਸਿਲੰਡਰ ਫਟਣ ਕਾਰਨ ਇੱਕ ਮਰੀਜ਼ ਦੀ ਮੌਤ ਹੋ ਗਈ ਅਤੇ 2 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਸੁਜੋਸ਼ ਬਾਰਿਕ (35) ਵਜੋਂ ਹੋਈ ਹੈ, ਜੋ ਉਡਾਲਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਕੁੰਡਾਬਾਈ ਦਾ ਰਹਿਣ ਵਾਲਾ ਸੀ। ਉਹ ਖੂਨ ਦੀ ਗੰਭੀਰ ਲਾਗ (ਇਨਫੈਕਸ਼ਨ) ਤੋਂ ਪੀੜਤ ਸੀ ਅਤੇ ਇਲਾਜ ਲਈ ਭੁਵਨੇਸ਼ਵਰ ਦੇ ਇੱਕ ਹਸਪਤਾਲ ਲਿਜਾਇਆ ਜਾ ਰਿਹਾ ਸੀ ਜਦੋਂ ਉਡਾਲਾ ਸਬ-ਡਿਵੀਜ਼ਨਲ ਹਸਪਤਾਲ ਦੇ ਬਾਹਰ ਇਹ ਘਟਨਾ ਵਾਪਰੀ।
ਉਡਾਲਾ ਥਾਣੇ ਦੇ ਇੰਚਾਰਜ ਬਨਮਾਲੀ ਬਾਰਿਕ ਨੇ ਕਿਹਾ, “ਆਕਸੀਜਨ ਸਿਲੰਡਰ ਦੇ ਧਮਾਕੇ ਕਾਰਨ ਐਂਬੂਲੈਂਸ ਵਿੱਚ ਅੱਗ ਲੱਗ ਗਈ, ਜਿਸ ਨਾਲ ਮਰੀਜ਼ ਦੀ ਮੌਤ ਹੋ ਗਈ। ਮਰੀਜ਼ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਦੋ ਹੋਰ ਵਿਅਕਤੀ ਝੁਲਸ ਗਏ।” ਇਹ ਐਂਬੂਲੈਂਸ ਇੱਕ ਨਿੱਜੀ ਆਪਰੇਟਰ ਤੋਂ ਕਿਰਾਏ ‘ਤੇ ਲਈ ਗਈ ਸੀ ਅਤੇ ਇਸ ਘਟਨਾ ਦੇ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।















