ਮਨੋਹਰ ਲਾਲ ਖੱਟੜ ਨੂੰ ਚੁਣਿਆ ਗਿਆ ਵਿਧਾਇਕ ਦਲ ਦਾ ਨੇਤਾ

ਚੰਡੀਗੜ੍ਹ-ਭਾਜਪਾ ਵਿਧਾਇਕ ਦਲ ਦੀ ਬੈਠਕ ਅੱਜ ਭਾਵ ਸ਼ਨੀਵਾਰ ਨੂੰ ਚੰਡੀਗੜ੍ਹ ਸਥਿਤ ਗੈਸਟ ਹਾਊਸ ‘ਚ ਹੋਈ। ਇਸ ਬੈਠਕ ਦੌਰਾਨ ਮਨੋਹਰ ਲਾਲ ਖੱਟੜ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਬੈਠਕ ‘ਚ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਪਹੁੰਚੇ। ਇਸ ਤੋਂ ਬਾਅਦ ਭਾਜਪਾ ਰਾਜਪਾਲ ਸੱਤਿਆਦੇਵ ਨਰਾਇਣ ਆਰੀਆ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।
ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਨੇਤਾ ਦੁਸ਼ਯੰਤ ਚੌਟਾਲਾ ਵੀ ਦੁਪਹਿਰ ਤੱਕ ਚੰਡੀਗੜ੍ਹ ਪਹੁੰਚਣ ਦੀ ਸੰਭਾਵਨਾ ਹੈ ਅਤੇ ਉਹ ਆਪਣੀ ਪਾਰਟੀ ਦਾ ਸਮਰਥਨ ਭਾਜਪਾ ਨੂੰ ਦੇਣ ਸੰਬੰਧੀ ਪੱਤਰ ਸੌਪਣ ਲਈ ਰਾਜਪਾਲ ਨੂੰ ਮਿਲਣਗੇ। ਜੇ.ਜੇ.ਪੀ ਨਾਲ ਗਠਜੋੜ ਹੋਣ ਤੋਂ ਬਾਅਦ ਭਾਜਪਾ ਹਰਿਆਣਾ ‘ਚ ਨਵੀ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਦੱਸਣਯੋਗ ਹੈ ਕਿ ਜੇ.ਜੇ.ਪੀ ਨੇ 90 ਮੈਂਬਰੀ ਵਿਧਾਨਸਭਾ ‘ਚ 10 ਸੀਟਾਂ ਹਾਸਲ ਕੀਤੀਆਂ ਹਨ। ਸੱਤਾਧਾਰੀ ਭਾਜਪਾ ਨੇ ਉਪ-ਮੁੱਖ ਮੰਤਰੀ ਦਾ ਅਹੁਦਾ ਜੇ.ਜੇ.ਪੀ ਨੂੰ ਦੇਣ ਦੀ ਪੇਸ਼ਕਸ਼ ਕੀਤੀ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ‘ਚ ਆਯੋਜਿਤ ਸੰਮੇਲਨ ਦੌਰਾਨ ਕਿਹਾ ਸੀ ਕਿ ਮੁੱਖ ਮੰਤਰੀ ਉਨ੍ਹਾਂ ਦੀ ਪਾਰਟੀ ਦਾ ਹੋਵੇਗਾ ਅਤੇ ਉਪ-ਮੁੱਖ ਮੰਤਰੀ ਦਾ ਅਹੁਦਾ ਖੇਤਰੀ ਪਾਰਟੀ ਨੂੰ ਦਿੱਤਾ ਜਾਵੇਗਾ।