ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਨੌਜਵਾਨਾਂ ਨੂੰ ਵੋਟਾਂ ‘ਚ ਵਧ ਚਡ਼੍ਹ ਕੇ ਹਿੱਸਾ ਲੈਣ ਦਾ ਦਿੱਤਾ ਸੱਦਾ

ਨਵੀਂ ਦਿੱਲੀ – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਵਾਰਡ ਨੰਬਰ 9 ਪੰਜਾਬੀ ਬਾਗ਼ ਤੋਂ ਚੋਣ ਲਡ਼ ਰਹੇ ਸ.ਮਨਜਿੰਦਰ ਸਿੰਘ ਸਿਰਸਾ ਨੇ ਰਾਜਧਾਨੀ ਦੇ ਸਿੱਖ ਨੌਜਵਾਨ ਮੁੰਡੇ ਕੁਡ਼ੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਹਨਾਂ ਚੋਣਾਂ ‘ਚ ਆਪਣੀ ਵੋਟ ਦੀ ਵਧ-ਚਡ਼੍ਹ ਕੇ ਵਰਤੋਂ ਕਰਨ।  ਇਹ ਚੋਣਾਂ ਨੌਜਵਾਨਾਂ ਅਤੇ ਸਿੱਖ ਬੱਚਿਆਂ ਦੀ ਅਗਲੀ ਪੀਡ਼੍ਹੀ ਦੇ ਭਵਿੱਖ ਨਾਲ ਜੁਡ਼ੀਆਂ ਹੋਈਆਂ ਹਨ।  ਸ.ਸਿਰਸਾ ਨੇ ਨੌਜਵਾਨਾਂ ਦੇ ਨਾਂਅ ਇੱਕ ਸੁਨੇਹਾ ਦਿੰਦੇ ਹੋਏ ਕਿਹਾ ਕਿ ਭਾਰਤ ਦੀ ਰਾਜਧਾਨੀ ਦਿੱਲੀ ‘ਚ ਸਿੱਖ ਕੌਮ ਦੀ ਸਭ ਤੋਂ ਅਮੀਰ ਵਿਰਾਸਤ ਹੈ ਜਿਸਨੂੰ ਸੰਭਾਲਣ ਦੀ ਜ਼ਿੰਮੇਵਾਰੀ ਸਿੱਖ ਨੌਜਵਾਨਾਂ ਦੇ ਮੋਢਿਆਂ ਉੱਤੇ ਆਵੇਗੀ।  ਉਹਨਾਂ ਕਿਹਾ ਕਿ ਦਿੱਲੀ ਅੰਦਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਤੋਂ ਲੈ ਕੇ 1984 ਤੱਕ ਦੇ ਸਿੱਖ ਕਤਲੇਆਮ ਨਾਲ ਜੁਡ਼ੀਆਂ ਹੋਈਆਂ ਵੱਡੀਆਂ ਘਟਨਾਵਾਂ ਦਾ ਸਿੱਖ ਇਤਿਹਾਸ ਨਾਲ ਡੂੰਘਾ ਸੰਬੰਧ ਹੈ।  ਇਸ ਅਮੀਰ ਵਿਰਾਸਤ ਅਤੇ ਇਤਿਹਾਸ ਨੂੰ ਪੀਡ਼੍ਹੀ ਦਰ ਪੀਡ਼੍ਹੀ ਅੱਗੇ ਤੋਰਨ ਦੀ ਜ਼ਿੰਮੇਵਾਰੀ ਜਿਥੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਬਣਦੀ ਹੈ ਉੱਥੇ ਹੀ ਸਾਡੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਸ.ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਨੌਜਵਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਸੀਂ ਇੱਕ ਵੱਡੀ ਲਡ਼ਾਈ ਲਡ਼ ਰਹੇ ਹਾਂ।  ਦਿੱਲੀ ਸਰਕਾਰ ਵੱਲੋਂ ਪਹਿਲਾਂ ਹੀ ਸਰਕਾਰੀ ਸਕੂਲਾਂ ਵਿੱਚੋਂ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ਲਈ ਘਾਤਕ ਕਦਮ ਚੁੱਕੇ ਜਾ ਰਹੇ ਹਨ।  ਸਿੱਖਿਆ ਵਿਭਾਗ ਵਿੱਚੋਂ ਪੰਜਾਬੀ ਭਾਸ਼ਾ ਲਈ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਬਜਟ ਵਿੱਚ ਦਿੱਲੀ ਸਰਕਾਰ ਵੱਲੋਂ ਕਟੌਤੀ ਕਰ ਦਿੱਤੀ ਗਈ ਹੈ।  ਸਰਕਾਰੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਪਡ਼੍ਹਨ ਵਾਲੇ ਬੱਚਿਆਂ ਦੀ  ਮੰਗ ਉੱਤੇ ਉਹਨਾਂ ਨੂੰ ਪੰਜਾਬੀ ਦੇ ਅਧਿਆਪਕ ਨਹੀਂ ਦਿੱਤੇ ਜਾ ਰਹੇ।  ਪੰਜਾਬੀ ਭਾਸ਼ਾ ਪਡ਼੍ਹਨ ਵਾਲੇ ਚਾਹਵਾਨ ਬੱਚਿਆਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਪੰਜਾਬੀ ਨੂੰ ਛੱਡ ਕੇ ਹੋਰ ਭਾਸ਼ਾਵਾਂ ਪਡ਼੍ਹਨ।  ਦਿੱਲੀ ‘ਚ ਪੰਜਾਬੀ ਪਰਿਵਾਰਾਂ ਦੀ ਗਿਣਤੀ ਲੱਖਾਂ ਵਿੱਚ ਹੈ ਜੋ ਆਪਣੇ ਬੱਚਿਆਂ ਨੂੰ ਪੰਜਾਬੀ ਪਡ਼੍ਹਾਉਣਾ ਚਾਹੁੰਦੇ ਹਨ ਪਰ ਸਰਕਾਰ ਵੱਲੋਂ ਪੰਜਾਬੀ ਅਧਿਆਪਕ ਹੀ ਭਰਤੀ ਨਹੀਂ ਕੀਤੇ  ਜਾ ਰਹੇ।  ਸਰਕਾਰੀ ਸਕੂਲਾਂ ਵਿੱਚ ਜੋ ਅਧਿਆਪਕ ਭਰਤੀ ਕੀਤੇ ਹੋਏ ਹਨ , ਉਹਨਾਂ ਨੂੰ ਵਿੱਦਿਅਕ ਫੈਕਲਟੀ ‘ਚ ਸਭ ਤੋਂ ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ।  ਪੰਜਾਬੀ ਭਾਸ਼ਾ ਨੂੰ ਸਰਕਾਰੀ ਸਕੂਲਾਂ ਵਿੱਚੋਂ ਖਤਮ ਕਰਨ ਲਈ ਲਾਜ਼ਮੀ ਵਿਸ਼ਿਆਂ ਦੀ ਸੂਚੀ ਵਿੱਚੋਂ ਬਾਹਰ ਕੱਢ ਕੇ ਚੋਣਵੇਂ ਵਿਸ਼ਿਆਂ ਦੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ।  ਪੰਜਾਬੀ ਵਿਸ਼ੇ ਦੇ ਅੰਕਾਂ ਨੂੰ ਹੁਣ ਕੁੱਲ ਅੰਕਾਂ ਵਿੱਚ ਨਹੀਂ ਜੋਡ਼ਿਆ ਜਾਂਦਾ।  ਸ.ਸਿਰਸਾ ਨੇ ਕਿਹਾ ਕਿ ਦਿੱਲੀ ਸਰਕਾਰ ਜੇਕਰ ਸਰਕਾਰੀ ਸਕੂਲਾਂ ‘ਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਕੇ ਨਿਯਮਾਂ ਅਨੁਸਾਰ ਪੰਜਾਬੀ ਅਧਿਆਪਕਾਂ ਦੀ ਭਰਤੀ ਕਰਕੇ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਣ ਤਾਂ ਹਜ਼ਾਰਾਂ ਦੀ ਗਿਣਤੀ ‘ਚ ਪੰਜਾਬੀ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀ ਮਿਲੇਗੀ ‘ਤੇ ਉਹਨਾਂ ਦੇ ਪਰਿਵਾਰਾਂ ਦੀ ਆਰਥਿਕ ਹਾਲਤ ਸੁਧਰੇਗੀ।
ਸ.ਸਿਰਸਾ ਨੇ ਕਿਹਾ ਕਿ ਹਜ਼ਾਰਾਂ ਸਿੱਖਾਂ ਦੇ ਕਾਤਿਲਾਂ ਦੀਆਂ ਰਾਜਧਾਨੀ ਦਿੱਲੀ ਵਿੱਚ ਸਰਕਾਰਾਂ ਵੱਲੋਂ ਦਰਜਨਾਂ ਯਾਦਗਾਰੀ ਇਮਾਰਤਾਂ ਉਸਾਰ ਦਿੱਤੀਆਂ ਹਨ ਪਰ ਪੀਡ਼ਿਤਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ।  ਦਿੱਲੀ ਕਮੇਟੀ ਨੇ 32 ਸਾਲ ਬਾਅਦ ਇੱਕ ਜੱਦੋ-ਜਹਿਦ ਤੋਂ ਬਾਅਦ ‘ਸੱਚ ਦੀ ਕੰਧ’ ਦੇ ਰੂਪ ‘ਚ ਯਾਦਗਾਰ ਬਣਾ ਕੇ ਸਿੱਖ ਇਤਿਹਾਸ ਸੰਭਾਲਿਆ।  ਨਵੰਬਰ 1984 ਦੇ ਦਿੱਲੀ ਸਿੱਖ ਕਤਲੇਆਮ ਦੀ ਯਾਦਗਾਰ ਉਸਾਰਨ ਲਈ ਸਾਨੂੰ 32 ਸਾਲ ਦਾ ਸਮਾਂ ਲੱਗ ਗਿਆ ਹੈ।  ਅਜਿਹਾ ਕਿਓਂ ਵਾਪਰਿਆ ? ਇਸ ਸਵਾਲ ਦਾ ਜਵਾਬ ਸਿੱਖ ਨੌਜਵਾਨਾਂ ਨੂੰ ਸਾਡੇ ਲੀਡਰਾਂ ਕੋਲੋਂ ਮੰਗਣ ਦਾ ਹੱਕ ਹੈ।  ਉਹਨਾਂ ਕਿਹਾ ਕਿ ਵਿਕਾਊ ਪਾਰਟੀਆਂ ਅਤੇ ਵਿਕਾਊ ਨੇਤਾਵਾਂ ਵਲ੍ਹੋਂ ਸਿੱਖ ਕੌਮ ਨੂੰ ਵੰਡਣ ਦੀ ਰਾਜਨੀਤੀ ਕੀਤੀ ਗਈ ਹੈ ਅਤੇ ਕਰ ਰਹੇ ਹਨ।  ਨਫਰਤ ਅਤੇ ਧਡ਼ੇਬੰਦੀ ਦੀ ਰਾਜਨੀਤੀ ਕੁਝ ਨੇਤਾਵਾਂ ਦਾ ਵਪਾਰ ਬਣੀ ਹੋਈ ਹੈ ਜਿਸਦੇ ਆਧਾਰ ਉੱਤੇ ਇਹਨਾਂ ਦੀ ਰੋਜ਼ੀ-ਰੋਟੀ ਚੱਲ ਰਹੀ ਹੈ।  ਦਿੱਲੀ ਕਮੇਟੀਂ ਦੀਆਂ ਚੋਣਾਂ ਵਿੱਚ ਅਜਿਹੇ ਸਿੱਖ ਦੋਖੀ ਲੀਡਰਾਂ ਦੀ ਪਛਾਣ ਕਰਨੀ ਸਿੱਖ ਨੌਜਵਾਨਾਂ ਦੀ ਜ਼ਿੰਮੇਵਾਰੀ ਹੈ।
ਸ.ਸਿਰਸਾ ਨੇ ਸਿੱਖ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਮੌਜੂਦਾ ਦਿੱਲੀ ਕਮੇਟੀ ਦੇ 4 ਸਾਲਾਂ ਵਿੱਚ ਕੀਤੇ ਗਏ ਕੰਮਾਂ ਦੀ ਤੁਲਨਾ ਦੂਸਰੀਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨਾਲ ਜ਼ਰੂਰ ਕਰ ਲੈਣ।  ਸ.ਸਿਰਸਾ ਨੇ ਦਾਅਵਾ ਕੀਤਾ ਹੈ ਕਿ ਮੌਜੂਦਾ ਕਮੇਟੀ ਨੇ ਦਿੱਲੀ ਅੰਦਰ ਸਿੱਖ ਧਰਮ, ਇਤਿਹਾਸ ਅਤੇ ਵਿਰਾਸਤ ਨੂੰ ਸੰਭਾਲਣ ਲਈ ਇਤਿਹਾਸਿਕ ਕਦਮ ਚੁੱਕੇ ਹਨ।  ਵਿੱਦਿਆ ਅਤੇ ਸਮਾਜ ਭਲਾਈ ਦੇ ਖੇਤਰ ‘ਚ ਸਿੱਖਾਂ ਨੇ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ।  ਨੌਜਵਾਨਾਂ ਨੂੰ ਦਿੱਲੀ ਕਮੇਟੀ ਦਾ ਸਾਥ ਦੇਣ ਲਈ ਖੁੱਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ।