ਇੰਟਰਨੈਸ਼ਨਲ ਡੈਸਕ : ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ ਨੇ ਰਿਪੋਰਟ ਦਿੱਤੀ ਹੈ ਕਿ ਸੋਮਵਾਰ ਸਵੇਰੇ ਜਾਪਾਨ ਦੇ ਹੋਕਾਈਡੋ ਵਿੱਚ 6.1 ਦੀ ਤੀਬਰਤਾ ਵਾਲਾ ਜ਼ਬਰਦਸਤ ਭੂਚਾਲ ਆਇਆ। ਇਸ ਤੋਂ ਕੁਝ ਦਿਨ ਪਹਿਲਾਂ 7.4 ਤੀਬਰਤਾ ਵਾਲਾ ਭੂਚਾਲ ਆਇਆ ਸੀ। ਇਸ ਦੌਰਾਨ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਲੋਕਾਂ ‘ਚ ਕਾਫ਼ੀ ਦਹਿਸ਼ਤ ਫੈਲ ਗਈ ਅਤੇ ਲੋਕ ਆਪਣੇ ਘਰਾਂ ਵਿੱਚੋਂ ਨਿਕਲ ਕੇ ਸੁਰੱਖਿਅਤ ਥਾਵਾਂ ਵੱਲ ਚਲੇ ਗਏ।
ਜੀ. ਐੱਫ. ਜ਼ੈੱਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਭੂਚਾਲ ਕਰੀਬ 5.30 ਵਜੇ ਆਇਆ ਅਤੇ ਇਸਦਾ ਕੇਂਦਰ ਜ਼ਮੀਨ ਤੋਂ 80 ਕਿਲੋਮੀਟਰ ਦੀ ਡੂੰਘਾਈ ‘ਤੇ ਸਥਿਤ ਸੀ। ਪਿਛਲੇ ਸੋਮਵਾਰ ਵੀ ਉੱਤਰੀ ਜਾਪਾਨ ਵਿੱਚ 7.4 ਤੀਬਰਤਾ ਵਾਲਾ ਸ਼ਕਤੀਸ਼ਾਲੀ ਭੂਚਾਲ ਆਇਆ ਸੀ, ਜਿਸ ਤੋਂ ਬਾਅਦ ਤੱਟਵਰਤੀ ਖੇਤਰਾਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਦੱਸਣਯੋਗ ਹੈ ਕਿ ਜਾਪਾਨ ਦੁਨੀਆ ਦੇ ਸਭ ਤੋਂ ਵੱਧ ਭੂਚਾਲ-ਸਰਗਰਮ ਦੇਸ਼ਾਂ ਵਿੱਚੋਂ ਇੱਕ ਹੈ, ਜਿਹੜਾ ਪ੍ਰਸ਼ਾਂਤ “ਰਿੰਗ ਆਫ਼ ਫਾਇਰ” ਦੇ ਪੱਛਮੀ ਕਿਨਾਰੇ ਦੇ ਨਾਲ ਚਾਰ ਪ੍ਰਮੁੱਖ ਟੈਕਟੋਨਿਕ ਪਲੇਟਾਂ ਦੇ ਉੱਪਰ ਸਥਿਤ ਹੈ।
ਸਥਾਨਕ ਨਿਵਾਸੀਆਂ ਨੂੰ ਜਾਰੀ ਕੀਤੀ ਚਿਤਾਵਨੀ
ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ 3 ਮੀਟਰ ਦੀ ਉਚਾਈ ਤੱਕ ਪਹੁੰਚਣ ਵਾਲੀਆਂ ਖ਼ਤਰਨਾਕ ਲਹਿਰਾਂ ਇਵਾਤੇ ਪ੍ਰੀਫੈਕਚਰ ਅਤੇ ਹੋਕਾਈਡੋ ਦੇ ਕੁਝ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਇਸ ਲਈ ਸਥਾਨਕ ਨਿਵਾਸੀਆਂ ਨੂੰ ਉੱਚੀਆਂ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਇਸ ਟਾਪੂ ਸਮੂਹ ਵਿੱਚ ਆਮ ਤੌਰ ‘ਤੇ ਹਰ ਸਾਲ ਲਗਭਗ 1,500 ਭੂਚਾਲ ਆਉਂਦੇ ਹਨ ਅਤੇ ਦੁਨੀਆ ਦੇ ਲਗਭਗ 18 ਫੀਸਦੀ ਭੂਚਾਲ ਇੱਥੇ ਹੀ ਆਉਂਦੇ ਹਨ।















