ਭਾਰੀ ਬਾਰਸ਼ ਨਾਲ ਮੁੰਬਈ ਬੇਹਾਲ, ਗੁਜਰਾਤ ‘ਚ ਵੀ ਅਲਰਟ ਜਾਰੀ

ਮੁੰਬਈ— ਮੁੰਬਈ ‘ਚ ਪਿਛਲੇ ਕੁਝ ਘੰਟਿਆਂ ਤੋਂ ਲਗਾਤਾਰ ਭਾਰੀ ਬਾਰਸ਼ ਹੋਣ ਦੇ ਚੱਲਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਇਕ ਨਿਰਮਾਣ ਹੋ ਰਹੀ ਬਿਲਡਿੰਗ ਜ਼ਮੀਨ ‘ਚ ਧੱਸ ਗਈ। ਬਿਲਡਿੰਗ ‘ਚ ਕੁਝ ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ ਬਚਾਉਣ ਲਈ ਬਚਾਅ ਦਲ ਮੌਕੇ ‘ਤੇ ਮੌਜੂਦ ਹੈ। ਜ਼ਮੀਨ ਧੱਸਣ ਨਾਲ ਕੁਝ ਕਾਰਾਂ ਵੀ ਇਸ ‘ਚ ਫਸ ਗਈਆਂ ਹਨ।
ਰੇਲਵੇ ਟਰੈਕ ‘ਤੇ ਪਾਣੀ ਭਰਨ ਨਾਲ ਵੈਸਟਰਨ, ਹਾਰਬਰ ਅਤੇ ਸੈਂਟਰਲ ਲਾਈਨ 5 ਮਿੰਟ ਦੀ ਦੇਰੀ ਨਾਲ ਚੱਲ ਰਹੀ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਗਲੇ ਕੁਝ ਘੰਟਿਆਂ ‘ਚ ਮੁੰਬਈ ‘ਚ ਭਾਰੀ ਬਾਰਸ਼ ਹੋਵੇਗੀ। ਪ੍ਰਸ਼ਾਸਨ ਨੇ ਸਾਰੇ ਬਚਾਅ ਦਲਾਂ ਨੂੰ ਅਲਰਟ ਕਰ ਦਿੱਤਾ ਹੈ।
ਗੁਜਰਾਤ ‘ਚ ਭਾਰੀ ਬਾਰਸ਼ ਦੀ ਚੇਤਾਵਨੀ
ਗੁਜਰਾਤ ‘ਚ ਮਾਨਸੂਨ ਦੇ ਅੱਗੇ ਵਧਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ ਅਤੇ ਰਾਜ ਦੇ ਕਈ ਸਥਾਨਾਂ ‘ਤੇ ਐਤਵਾਰ ਨੂੰ ਬਾਰਸ਼ ਹੋਈ ਜਦਕਿ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੌਰਾਨ ਕਈ ਸਥਾਨਾਂ ‘ਤੇ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਸੂਰਤ, ਅਹਿਮਦਾਬਾਦ, ਅਮਰੇਲੀ, ਭਾਵਨਗਰ, ਵੇਰਾਵਲ, ਸੁਰੇਂਦਰਨਗਰ, ਵਡੋਦਰਾ ਸਮੇਤ ਕਈ ਸਥਾਨਾਂ ‘ਤੇ ਕੱਲ ਬਾਰਸ਼ ਹੋਈ। ਮੌਸਮ ਵਿਭਾਗ ਨੇ ਸੋਮਵਾਰ ਸਵੇਰੇ ਤੱਕ ਭਾਰੀ ਬਾਰਸ਼ ਹੋਣ ਦੀ ਚੇਤਾਵਨੀ ਦਿੱਤੀ ਹੈ। ਰਾਜ ‘ਚ ਮੌਜੂਦ ਐਨ.ਡੀ.ਆਰ.ਐਫ ਦੀਆਂ ਲਗਭਗ 10 ਟੀਮਾਂ ਨੂੰ ਵੀ ਨੁਕਸਾਨ ਦੇ ਤੌਰ ‘ਤੇ ਅਲਰਟ ਕਰ ਦਿੱਤਾ ਗਿਆ ਹੈ।