ਫਰਾਂਸੀਸੀ ਰਾਸ਼ਟਰਪਤੀ ਅਤੇ ਮੋਦੀ ਨੇ ਕੀਤੀ ਮੈਟਰੋ ਦੀ ਸਵਾਰੀ
ਨਵੀਂ ਦਿੱਲੀ : ਭਾਰਤ ਦੀ 3 ਦਿਨਾਂ ਯਾਤਰਾ ‘ਤੇ ਆਏ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਹੈਦਰਾਬਾਦ ਹਾਊਸ ਵਿਚ ਬੈਠਕ ਹੋਈ। ਇਸ ਬੈਠਕ ਵਿਚ ਭਾਰਤ-ਫਰਾਂਸ ਵਿਚਾਲੇ ਰਾਫੇਲ ਸਮਝੌਤੇ ਸਮੇਤ 14 ਸਮਝੌਤੇ ਹੋਏ। ਇਸ ਲਈ ਭਾਰਤ-ਫਰਾਂਸ ਨੇ ਰਾਫੇਲ ਲੜਾਕੂ ਜੈੱਟ ਜਹਾਜ਼ ਦੀ ਖਰੀਦ ਲਈ ਐਮ. ਓ. ਯੂ. ‘ਤੇ ਦਸਤਖਤ ਕੀਤੇ, ਹਾਲਾਂਕਿ ਇਸ ਵਿਚ ਵਿੱਤੀ ਪਹਿਲੂ ਨੂੰ ਵੱਖ ਰੱਖਿਆ ਗਿਆ।ઠ
ਇਸ ਸਮਝੌਤੇ ‘ਤੇ ਦਸਤਖਤ ਤੋਂ ਬਾਅਦ ਮੋਦੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਰਾਫੇਲ ਜੈੱਟ ਦੀ ਖਰੀਦ ਨਾਲ ਜੁੜੇ ਵਿੱਤੀ ਪਹਿਲੂਆਂ ਦਾ ਵੀ ਜਲਦੀ ਤੋਂ ਜਲਦੀ ਹੱਲ ਕਰ ਲਿਆ ਜਾਵੇਗਾ। ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦ ਨੇ ਰਾਫੇਲ ਖਰੀਦ ਸੌਦੇ ਲਈ ਸਰਕਾਰੀ ਪੱਧਰ ‘ਤੇ ਹੋਏ ਸਮਝੌਤੇ ਨੂੰ ਵਧੀਆ ਕਦਮ ਦੱਸਿਆ ਅਤੇ ਕਿਹਾ ਕਿ ਕੁਝ ਵਿੱਤੀ ਮੁੱਦੇ ਹਨ, ਜਿਨ੍ਹਾਂ ਨੂੰ ਇਕ-ਦੋ ਦਿਨਾਂ ਵਿਚ ਹੱਲ ਕਰ ਲਿਆ ਜਾਵੇਗਾ। ਭਾਰਤ ਅਤੇ ਫਰਾਂਸ ਦਰਮਿਆਨ ਰਾਫੇਲ ਡੀਲ ਪੱਕੀ ਹੋ ਗਈ ਹੈ। ਇਸ ਡੀਲ ‘ਤੇ ਮੋਹਰ ਲੱਗਣ ਤੋਂ ਬਾਅਦ ਫਰਾਂਸੀਸੀ ਰਾਸ਼ਟਰਪਤੀ ਓਲਾਂਦ ਅਤੇ ਮੋਦੀ ਨੇ ਗੁੜਗਾਓਂ ਮੈਟਰੋ ਦੀ ਸਵਾਰੀ ਕੀਤੀ।















