ਭਾਰਤ ’ਚ ਕੋਰੋਨਾ ਦੇ 38,164 ਨਵੇਂ ਮਾਮਲੇ, 24 ਘੰਟਿਆਂ ’ਚ 499 ਮਰੀਜ਼ਾਂ ਨੇ ਤੋੜਿਆ ਦਮ

ਨਵੀਂ ਦਿੱਲੀ — ਭਾਰਤ ਵਿਚ ਇਕ ਦਿਨ ’ਚ ਕੋਰੋਨਾ ਵਾਇਰਸ ਦੇ 38,164 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 3,11,44,229 ਹੋ ਗਈ ਹੈ। ਵਾਇਰਸ ਨਾਲ 499 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਿ੍ਰਤਕਾਂ ਦਾ ਅੰਕੜਾ ਵਧ ਕੇ 4,14,108 ਹੋ ਗਿਆ ਹੈ। ਪਿਛਲੇ 104 ਦਿਨਾਂ ਵਿਚ ਵਾਇਰਸ ਨਾਲ ਇਕ ਦਿਨ ਵਿਚ ਮੌਤਾਂ ਦੇ ਇਹ ਸਭ ਤੋਂ ਘੱਟ ਮਾਮਲੇ ਆਏ ਹਨ।
ਕੇਂਦਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ’ਚ ਇਲਾਜ ਅਧੀਨ ਯਾਨੀ ਕਿ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਹੋ ਕੇ 4,21,665 ਹੋ ਗਈ ਹੈ, ਜੋ ਕਿ ਕੁੱਲ ਮਾਮਲਿਆਂ ਦਾ 1.35 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ’ਚ ਕੁੱਲ 995 ਦੀ ਕਮੀ ਆਈ ਹੈ। ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਰਾਸ਼ਟਰੀ ਦਰ 97.32 ਫ਼ੀਸਦੀ ਹੈ।