ਨਵੀਂ ਦਿੱਲੀ – ਇਮਰਾਨ ਖ਼ਾਨ ਦੀ ਕਪਤਾਨੀ (1982) ‘ਚ ਟੈੱਸਟ ਡੈਬਿਊ ਕਰਨ ਵਾਲੇ ਕ੍ਰਿਕਟਰ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਮੈਦਾਨ ‘ਤੇ ਇਮਰਾਨ ਬਿਹਤਰੀਨ ਖਿਡਾਰੀ ਸਨ, ਮਾਨਸਿਕ ਰੂਪ ਤੋਂ ਮਜ਼ਬੂਤ ਸਨ, ਪਰ 11 ਖਿਡਾਰੀਆਂ ਦੀ ਕਪਤਾਨੀ ਕਰਨਾ ਅਤੇ ਪੂਰੇ ਦੇਸ਼ ਨੂੰ ਚਲਾਉਣ ‘ਚ ਬਹੁਤ ਅੰਤਰ ਹੈ। ਦੇਸ਼ ‘ਚ ਕਰੋੜਾਂ ਲੋਕਾਂ ਦੀ ਭਾਵਨਾਵਾਂ ਦਾ ਖ਼ਿਆਲ ਰੱਖਣਾ ਪੈਂਦਾ ਹੈ। ਇਹ ਮੈਦਾਨ ‘ਚ ਖੇਡਣ ਜਿੰਨਾ ਆਸਾਨ ਨਹੀਂ ਹੋਵੇਗਾ। ਇਮਰਾਨ ਦੀ ਅਸਲੀ ਪ੍ਰੀਖਿਆ ਤਾਂ ਹੁਣ ਹੋਵੇਗੀ। ਮਨਿੰਦਰ ਨੂੰ ਲੱਗਦਾ ਹੈ ਕਿ ਹੁਣ ਇਮਰਾਨ ਸ਼ਾਇਦ ਓਨਾ ਖੁੱਲ੍ਹ ਕੇ ਨਹੀਂ ਖੇਡ ਸਕੇਗਾ ਜਿੰਨਾ ਉਹ ਮੈਦਾਨ ‘ਚ ਖੇਡਦਾ ਹੁੰਦਾ ਸ। ਕਿਉਂਕਿ ਉਸ ‘ਤੇ ਸੈਨਾ ਦਾ ਕੰਟਰੋਲ ਹੋਵੇਗਾ। ਸੈਨਾ ਦੇ ਹਿਸਾਬ ਨਾਲ ਬੋਲਣਾ ਹੋਵੇਗਾ, ਫ਼ੈਸਲੇ ਲੈਣੇ ਹੋਣਗੇ।
ਇਮਰਾਨ ਦੇ ਕ੍ਰਿਕਟ ਵਾਲੇ ਦਿਨਾਂ ਬਾਰੇ ਮਨਿੰਦਰ ਨੇ ਕਿਹਾ, ”ਇਮਰਾਨ ਮੈਦਾਨ ‘ਤੇ ਬਹੁਤ ਜੋਸ਼ੀਲਾ ਖਿਡਾਰੀ ਹੁੰਦਾ ਸੀ। ਪਾਕਿ ਟੀਮ ਲਈ ਉਸ ਤੋਂ ਵਧੀਆ ਕੋਈ ਮੋਟੀਵੇਟਰ ਨਹੀਂ ਸੀ। ਉਹ ਖਿਡਾਰੀਆਂ ‘ਚ ਜਿੱਤ ਦਾ ਜਜ਼ਬਾ ਭਰ ਦਿੰਦਾ ਸੀ। ਉਸ ਸਮੇਂ ਉਸ ਨੂੰ ਟੀਮ ਨੂੰ ਜਿਤਾਉਣ ਲਈ ਪੂਰੀ ਖੁਲ੍ਹ ਮਿਲੀ ਹੋਈ ਸੀ। ਹੁਣ ਸਿਆਸਤ ਵਿੱਚ ਜੇਕਰ ਉਸ ਨੂੰ ਉਹੋ ਜਿਹੀ ਅਜ਼ਾਦੀ ਨਾ ਮਿਲੀ ਤਾਂ ਉਹ ਚੰਗਾ ਨਹੀਂ ਕਰ ਸਕੇਗਾ। ਮੈਨੂੰ ਲਗਦਾ ਨਹੀਂ ਕਿ ਸੈਨਾ ਉਸ ਨੂੰ ਜ਼ਿਆਦਾ ਖੁਲ੍ਹ ਦੇਵੇਗੀ। ਸਾਬਕਾ ਕ੍ਰਿਕਟਰ ਅਤੇ ਚੋਣਕਾਰ ਰਹੇ ਮਦਨਲਾਲ ਵੀ ਕੁੱਝ ਅਜਿਹੇ ਵਿਚਾਰ ਹੀ ਰੱਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਮਰਾਨ ਨੂੰ ਹੁਣ ਸੰਭਲ ਕੇ ਬੋਲਣਾ ਅਤੇ ਕੰਮ ਕਰਨਾ ਹੋਵੇਗਾ। ਉਸ ਦਾ ਇੱਕ ਸ਼ਬਦ ਵੀ ਪੂਰੇ ਪਾਕਿਸਤਾਨ ‘ਚ ਮੁੱਦਾ ਬਣ ਸਕਦਾ ਹੈ। ਹਾਲਾਂਕਿ ਉਹ ਸਮਝਦਾਰ ਹੈ, ਔਕਸਫ਼ੋਰਡ ਤੋਂ ਪੜ੍ਹਿਆ ਹੋਇਐ ਅਤੇ ਕਾਫ਼ੀ ਸੁਲਝਿਆ ਹੋਇਆ ਵੀ ਹੈ। ਅਸੀਂ ਦੁਆ ਕਰਦੇ ਹਾਂ ਕਿ ਉਹ ਚੰਗਾ ਪ੍ਰਦਰਸ਼ਨ ਕਰੇ।












