ਰੁਸਤਮੇ ਹਿੰਦ ਤੇ ਹਿੰਦ ਕੇਸਰੀ ਪਹਿਲਵਾਨ
ਸੁਖਵੰਤ ਸਿੰਘ ਸਿੱਧੂ
ਉਨ੍ਹਾਂ ਦਿਨਾਂ ‘ਚ ਮੇਹਰਦੀਨ ਦੀ ਪੂਰੀ ਚੜ੍ਹਾਈ ਸੀ। ਪਾਸਲੇ ਵਾਲਾ ਗੇਜਾ, ਰਾਮਾਂ-ਖੇਲਾ ਵਾਲਾ ਸਰਬਣ, ਭੱਜੀ ਚੱਕ ਅੱਪਰਾ ਅਤੇ ਚੱਕ ਥੋਥੜਾਂ ਵਾਲੇ ਨਿੰਮੇ ਵਰਗੇ ਪਹਿਲਵਾਨਾਂ ਦੀ ਪੂਰੀ ਚੜ੍ਹਤ ਸੀ। ਮੇਹਰਦੀਨ ਵਾਂਗ ਕੱਦ-ਕਾਠ ਕਰ ਕੇ ਲੋਕਾਂ ਦੀਆਂ ਆਸਾਂ ਸੁਖਵੰਤ ਸਿੰਘ ‘ਤੇ ਬੱਝਦੀਆਂ ਸਨ। ਮੇਹਰਦੀਨ ਦੀਆਂ ਸੁਖਵੰਤ ਜੀ ਨਾਲ ਪੰਜ ਕੁਸ਼ਤੀਆਂ ਹੋਈਆਂ। ਦੋ ਬਰਾਬਰ ਤੇ ਤਿੰਨਾਂ ‘ਚ ਪਛੜਿਆ। ਆਮ ਜ਼ਿੰਦਗੀ ‘ਚ ਦੋਨਾਂ ਦਾ ਬੜਾ ਪਿਆਰ। ਅਖਾੜੇ ‘ਚ ਇੱਕ ਦੂਜੇ ਦੇ ਪੂਰੇ ਵਿਰੋਧੀ। ਮੇਹਰਦੀਨ ਦਾ ਕਹਿਣ ਸੀ ਕਿ ‘ਖਾੜੇ ਵਿੱਚ ਕੋਈ ਯਾਰੀ ਨਹੀਂ। ਯਾਰੀ-ਦੋਸਤੀ ਬਾਹਰੋ ਬਾਹਰ। ਸੁਖਵੰਤ ਜੀ ਨੇ ਜਦੋਂ ਕਿਤੇ ਮੇਹਰਦੀਨ ਨੂੰ ਸ਼ਾਹਕੋਟ ਮਿਲਣ ਜਾਣਾ ਤਾਂ ਮੇਹਰਦੀਨ ਨੇ ਪਹਿਲਾਂ ਹੀ ਮੁਰਗਾ ਵਗੈਰਾ ਬਣਾ ਕੇ ਰੱਖਿਆ ਹੋਣਾ। ਕਿੰਨਾ ਕਿੰਨਾ ਦੇਰ ਬੈਠਿਆਂ ਦੋਵਾਂ ਨੇ ਗੱਲਾਂ ਕਰੀ ਜਾਣੀਆਂ। ਉਹ ਦੋਵੇਂ ‘ਕੱਠੇ ਦੁਬੱਈ ਵੀ ਘੁੱਲਣ ਜਾਂਦੇ ਰਹੇ। ਦੋਨਾਂ ਨੇ ਇੱਕੋ ਕਮਰੇ ‘ਚ ਰਹਿਣਾ ਤੇ ਖਾਣਾ-ਪੀਣਾ ਵੀ ਸਾਂਝਾ ਹੁੰਦਾ।
ਅਜਮੇਰ ਨੈਸ਼ਨਲ ਗੇਮਾਂ ‘ਚ ਸੁਖਵੰਤ ਜੀ ਡੀ.ਏ.ਵੀ. ਕਾਲਜ ਜਲੰਧਰ ਵਲੋਂ ਘੁੱਲਣ ਗਿਆ। ਭਾਰਤ ਦੇ ਸਾਰੇ ਸੂਬਿਆਂ ਅਤੇ ਮਹਿਕਮਿਆਂ ਦੇ ਪਹਿਲਵਾਨ ਪਹੁੰਚੇ ਹੋਏ ਸਨ। ਉਥੇ ਤਿੰਨ ਕੁਸ਼ਤੀਆਂ ਲੜੀਆਂ। ਫ਼੍ਰੀ-ਸਟਾਈਲ ਦੀ ਪਹਿਲੀ ਕੁਸ਼ਤੀ ਮਿਲਟਰੀ ਦੇ ਹਰਬੰਸ ਪਹਿਲਵਾਨ ਨਾਲ ਹੋਈ। ਇਸ ਕੁਸ਼ਤੀ ਵਿੱਚ ਦੂਜੇ ਸਥਾਨ ‘ਤੇ ਰਹਿ ਕੇ ਸਿਲਵਰ-ਮੈਡਲ ਜਿੱਤਿਆ। ਦੂਜੀ ਔਰੀਐਂਟਲ (ਮਿੱਟੀ ਵਾਲੀ) ‘ਚ ਰਾਜਸਥਾਨ ਦੇ ਗਿਰਾਜ ਨੂੰ ਹਰਾ ਕੇ ਗੋਲਡ-ਮੈਡਲ ਤੇ ਤੀਜੀ ਗਰੀਕੋ-ਰੋਮਨ ਵਿੱਚ ਵੀ ਗਿਰਜਾ ਸ਼ੰਕਰ ਨੂੰ ਹਰਾ ਕੇ ਗੋਲਡ-ਮੈਡਲ ਦਾ ਹੱਕਦਾਰ ਬਣਿਆ। ਤਿੰਨ ਮੈਡਲ ਜਿੱਤੇ। ਦੋ ਗੋਲਡ ਤੇ ਇੱਕ ਸਿਲਵਰ। ਸੁਖਵੰਤ ਜੀ ਨੂੰ ਉਥੇ ਨੈਸ਼ਨਲ ਖੇਡਾਂ ਦਾ ‘ਬੈਸਟ ਰੈਸਲਰ’ ਘੋਸ਼ਿਤ ਕੀਤਾ ਗਿਆ।
ਉਨ੍ਹਾਂ ਖੇਡਾਂ ‘ਚ ਭਾਗ ਲੈਣ ਲਈ ਉਥੇ ਮੇਹਰਦੀਨ ਵੀ ਪਹੁੰਚਿਆਂ ਹੋਇਆ ਸੀ। ਉਹਨੇ ਰੇਲਵੇ ਦੇ ਗਿਰਜਾ ਸ਼ੰਕਰ ਅਤੇ ਪੰਜਾਬ ਦੇ ਗੁਰਦਿਆਲ ਸਿੰਘ ਰੰਧਾਵਾ ਨੂੰ ਹਰਾ ਕੇ ਗੁਰਜ ਜਿੱਤੀ। ਸੁਖਵੰਤ ਜੀ ਅਤੇ ਮੇਹਰਦੀਨ ਨੂੰ ਇਹ ਮਾਣ-ਸਨਮਾਨ ਉਸ ਵੇਲੇ ਦੇ ਮੁੱਖ ਮੰਤਰੀ ਮੋਹਣ ਲਾਲ ਸੁਖਾਡੀਆ ਅਤੇ ਭਾਰਤੀ ਰੈਸਲਿੰਗ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ. ਸੁਰਜੀਤ ਸਿੰਘ ਮਜੀਠਿਆ ਅਤੇ ਦੀਵਾਨ ਪ੍ਰਤਾਪ ਚੰਦ ਜਨਰਲ ਸਕੱਤਰ ਨੇ ਬਖ਼ਸ਼ਿਆ। ਇਹ ਗੱਲ 1968 ਦੀ ਹੈ।
1963 ਤੋਂ ’76 ਤਕ ਸੁਖਵੰਤ ਸਿੰਘ ਅਖਾੜਿਆਂ ਵਿੱਚ ਪੂਰਾ ਚਮਕਿਆ। 1962 ਤੋਂ ’65 ਤਕ ਸਪੋਰਟਸ ਕਾਲਜ ਜਲੰਧਰ ਪੜ੍ਹਾਈ ਕੀਤੀ ਤੇ ਮੁਕਾਬਲਿਆਂ ਵਿੱਚ ਕਾਲਜ ਲਈ ਅਨੇਕਾਂ ਮੱਲਾਂ ਮਾਰੀਆਂ। ਪੰਜਾਬ ਯੂਨੀਵਰਸਿਟੀ ਅਤੇ ਇੰਟਰ-ਯੂਨੀਵਰਸਿਟੀ ਕੁਸ਼ਤੀ ਮੁਕਾਬਲਿਆਂ ‘ਚੋਂ ਚੈਪੀਅਨਸ਼ਿਪ ਦਾ ਸੇਹਰਾ ਵੀ ਉਸ ਦੇ ਸਿਰ ਬੱਝਦਾ ਰਿਹੈ। ਬੀ.ਏ. ਫ਼ਾਈਨਲ ਵਿੱਚ ਪੜ੍ਹਦੇ ਨੇ ਯਾਦਵਿੰਦਰਾ ਸਟੇਡੀਅਮ ਪਟਿਆਲਾ ਵਿੱਚ ਹੈਵੀਵੇਟ ਦੇ ਪ੍ਰਸਿੱਧ ਪਹਿਲਵਾਨ ਸੂਬੇਦਾਰ ਵਿਸ਼ਵਨਾਥ ਸਿੰਘ ਨੂੰ ਹਰਾ ਕੇ ਸੋਨੇ ਦਾ ਮੈਡਲ ਜਿੱਤਿਆ। ਇਸ ਕੁਸ਼ਤੀ ਨਾਲ ਸਾਰੇ ਭਾਰਤ ਵਿੱਚ ਧੰਨ ਧੰਨ ਹੋ ਗਈ। ਭਾਰਤੀ ਕੁਸ਼ਤੀ ਵਿੱਚ ਇੱਕ ਸਿਤਾਰੇ ਵਾਂਗ ਚਮਕਣ ਲੱਗਾ।
ਰੁਸਤਮੇ-ਹਿੰਦ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਪਿੰਡ ਵਾਲੇ ਯਕੀਨ ਨਾ ਕਰਨ … ”ਹੈਂਅ! ਪਿੰਡ ਦਾ ਸੁੱਖਾ (ਸੁਖਵੰਤ ਜੀ) ਰੁਸਤਮੇ-ਹਿੰਦ ਕਿਵੇਂ ਬਣ ਗਿਆ?” ਪਿੰਡ ਦੀ ਪੰਚਾਇਤ ਨੇ ਪਿੰਡ ਕੁਸ਼ਤੀਆਂ ਕਰਾਈਆਂ। ਸੁਖਵੰਤ ਜੀ ਦੇ ਬਰਾਬਰ ਦੇ ਪਹਿਲਵਾਨ ਬਹਾਦਰ ਨਗਰ ਵਾਲੇ ਸੰਤੋਖੇ ਨੂੰ ਮਿਲੇ ਤੇ ਪਿੰਡ (ਪੱਦੀ ਜਗੀਰ) ਕੁਸ਼ਤੀਆਂ ‘ਤੇ ਆਉਣ ਲਈ ਸੱਦਾ ਦਿੱਤਾ। ਸੁਖਵੰਤ ਦੀਆਂ ਸੰਤੋਖੇ ਨਾਲ ਪਹਿਲਾਂ ਬਰਾਬਰ ਕਈ ਕੁਸ਼ਤੀਆਂ ਹੋ ਚੁੱਕੀਆਂ ਸਨ। ਉਹਦੀ ਤਾਕਤ ਨੂੰ ਸੰਤੋਖਾ ਚੰਗੀ ਤਰ੍ਹਾਂ ਜਾਣਦਾ ਸੀ। ਪੰਚਾਇਤ ਦੇ ਜ਼ੋਰ ਪਾਉਣ ‘ਤੇ ਸੰਤੋਖੇ ਨੇ ਸੱਦਾ ਕਬੂਲ ਕਰ ਲਿਆ। ਕੁਸ਼ਤੀ ਲੜਨ ਉਹ ਪੱਦੀ ਜਗੀਰ ਜਾ ਪਹੁੰਚਿਆ। ਇਹ ਕੁਸ਼ਤੀ ਪਿੰਡ ਦੀ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਸਾਹਮਣੇ ਹੋਈ। ਬੜੀ ਫ਼ਸਵੀਂ ਕੁਸ਼ਤੀ ਹੋਈ। ਇਹ ਕੁਸ਼ਤੀ ਭਾਵੇਂ ਬਰਾਬਰ ਰਹੀ ਪਰ ਇਸ ਕੁਸ਼ਤੀ ਵਿੱਚ ਸੁਖਵੰਤ ਸਿੰਘ ਭਾਰੂ ਰਿਹਾ।
ਸ਼ਿੰਦੇ ਪੱਟੀ ਵਾਲੇ ਦੇ ਉਸਤਾਦ ਸੰਤੋਖੇ ਨਾਲ ਸੁਖਵੰਤ ਦੀਆਂ ਪੰਜ ਕੁਸ਼ਤੀਆਂ ਹੋਈਆਂ। ਪਹਿਲੀ ਮਕੜੌਨਾ (ਚਮਕੌਰ ਸਾਹਿਬ), ਦੂਜੀ ਪੱਦੀ ਜਗੀਰ ਤੇ ਤੀਜੀ ਭਾਰਤ ਕੇਸਰੀ ਦੀ ਦਿੱਲੀ। ਯੂ.ਪੀ. ‘ਚ ਦੋ ਕੁਸ਼ਤੀਆਂ ਬਰਾਬਰ ਰਹੀਆਂ।
ਸੁਖਵੰਤ ਸਿੰਘ ਨੇ ਪਹਿਲਵਾਨੀ ਦੇ ਨਾਲ ਨਾਲ ਪੜ੍ਹਾਈ ਵੀ ਪਿੱਛੇ ਨਹੀਂ ਪੈਣ ਦਿੱਤੀ। ਆਮ ਲੋਕ-ਧਾਰਨਾ ਹੈ ਕਿ ਪਹਿਲਵਾਨ ਬਹੁਤਾ ਪੜ੍ਹੇ-ਲਿਖੇ ਨਹੀਂ ਹੁੰਦੇ। ਸੁਖਵੰਤ ਸਿੰਘ ਨੇ ਇਨ੍ਹਾਂ ਗੱਲਾਂ ਨੂੰ ਝੁਠਲਾ ਦਿੱਤਾ। ਉਹਨੇ ਪਹਿਲਵਾਨੀ ਤੇ ਪੜ੍ਹਾਈ ਬਰਾਬਰ ਚਲਦੇ ਰੱਖੇ। ਸੰਨ 1970 ‘ਚ ਉਤਰ ਪ੍ਰਦੇਸ਼ ਕਾਨ੍ਹਪੁਰ ਵਿੱਚ ਭਾਰਤ ਸਰਕਾਰ ਵਲੋਂ ਕਰਵਾਏ ‘ਹਿੰਦ ਕੇਸਰੀ’ ਦੰਗਲਾਂ ਵਿੱਚ ਕੁਸ਼ਤੀ ਇਤਿਹਾਸ ਰਚਿਆ। ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਆਏ 72 ਦੇ ਕਰੀਬ ਪਹਿਲਵਾਨਾਂ ਨੂੰ ਹਰਾ ਕੇ ਫ਼ਾਈਨਲ ਵਿੱਚ ਪਹੁੰਚਿਆ। ਫ਼ਾਈਨਲ ਵਿੱਚ ਮਹਾਂਰਾਸ਼ਟਰ ਦੇ ਸ਼ਾਮ ਰਾਓੁ ਮੌਰੇ ਨੂੰ ਪੌਣੇ ਘੰਟੇ ‘ਚ ਹਰਾ ਕੇ ਭਾਰਤ ਦੀ ਦਸਵੀਂ ਹਿੰਦ ਕੇਸਰੀ ਗੁਰਜ ਆਪਣੇ ਕਬਜ਼ੇ ‘ਚ ਕੀਤੀ। ਉਹਨਾਂ ਕੁਸ਼ਤੀਆਂ ਦੇ ਪ੍ਰਧਾਨ ਕੰਵਰ ਮਹਿੰਦਰ ਸਿੰਘ ਬੇਦੀ ਸਨ। ਇੱਕ ਕੁਸ਼ਤੀ ਵਿੱਚ ਦਾਰਾ ਸਿੰਘ ਵੀ ਰੈਫ਼ਰੀ ਬਣਿਆ। ਫ਼ਿਲਮਾਂ ਬਣਾਉਣ ਕਰ ਕੇ ਕੰਵਰ ਮਹਿੰਦਰ ਸਿੰਘ ਬੇਦੀ ਕੋਈ ਨਾ ਕੋਈ ਪ੍ਰਸਿੱਧ ਫ਼ਿਲਮੀ ਹਸਥੀ ਲਿਆਈ ਰੱਖਦੇ ਸਨ। ਹੌਸਲੇ ਦੇ ਨਾਲ ਨਾਲ ਪਹਿਲਵਾਨਾਂ ਨੂੰ ਮਾਇਆ ਨਾਲ ਵੀ ਨਿਵਾਜਦੇ ਰਹਿੰਦੇ ਸਨ।
1966 ਦੀਆਂ ਪਟਿਆਲਾ ਕੁਸ਼ਤੀਆਂ ਦਾ ਉਹ ਨੈਸ਼ਨਲ ਚੈਂਪੀਅਨ ਬਣਿਆ ਅਤੇ ਸੰਨ ’68 ਵਿੱਚ ਲਾਈਟ ਹੈਵੀ ਵੇਟ ਵਿੱਚੋਂ ਸੋਨ ਤਗ਼ਮਾ ਜਿੱਤਿਆ। ਇਨ੍ਹਾਂ ਪ੍ਰਾਪਤੀਆਂ ਵੇਲੇ ਉਹ ਐੱਮ.ਏ. ਭਾਗ ਪਹਿਲਾ ਦਾ ਵਿਦਿਆਰਥੀ ਸੀ। 1971 ਵਿੱਚ ਆਲ ਇੰਡੀਆ ਪੁਲਿਸ ਗੇਮਾਂ ਵਿੱਚੋਂ ਗੋਲਡ-ਮੈਡਲ ਜਿੱਤਿਆ। 1970 ਤੋਂ ’78 ਤਕ ਲਗਾਤਾਰ ਅੱਠ ਸਾਲ ਗੋਲਡ-ਮੈਡਲ ਜਿੱਤੇ। ਮੁਕਾਬਲਿਆਂ ਵਿੱਚ ਉਹਨੇ ਭਾਰਤ ਦੇ ਕੌਮੀ ਪੱਧਰ ਦੇ ਅਣਗਿਣਤ ਮੈਡਲ ਝੋਲੀ ਪੁਆਏ। ਸੰਨ ’70 ਵਿੱਚ ਕਾਨ੍ਹਪੁਰ (ਉਤਰ-ਪ੍ਰਦੇਸ਼) ਵਿਖੇ ‘ਹਿੰਦ ਕੇਸਰੀ’ ਅਤੇ ’71 ਵਿੱਚ ਰੋਹਤਕ ਵਿਖੇ ‘ਰੁਸਤਮੇ ਹਿੰਦ’ ਦਾ ਖ਼ਿਤਾਬ ਜਿੱਤਿਆ। ਸੰਨ ’66 ਤੋਂ ’75 ਤਕ ਉਹ ਕੌਮੀ ਕੁਸ਼ਤੀ ਚੈਂਪੀਅਨ ਰਿਹਾ।ਸੰਨ ’66 ਵਿੱਚ ਭਾਰਤ ਦੇ ਪੈਪਸੂ ਦੇ ਬਖ਼ਸ਼ੀਸ਼ ਸਿੰਘ, ਰੇਲਵੇ ਦੇ ਸੁਰਿੰਦਰ ਸਿੰਘ, ਮਹਾਂਰਾਸ਼ਟਰ ਦੇ ਮਾਰੂਤੀ ਵਡਾਰ ਅਤੇ ਸੈਨਾ ਦੇ ਸੂਬੇਦਾਰ ਵਿਸ਼ਵਾਨਾਥ ਸਿੰਘ ਵਰਗੇ ਤਕੜੇ ਮੱਲਾਂ ਨੂੰ ਹਰਾਇਆ। 1966 ਵਿੱਚ ਹੀ ਇਰਾਨ ਦੇ ਤਕੜੇ ਪਹਿਲਵਾਨ ਖ਼ੈਰਉਲ੍ਹਾ ਅਮੀਰੀ ਨਾਲ ਬਰਾਬਰ ਰਿਹਾ। ਭਾਰਤ ਦੀ ਉਸ ਵੇਲੇ ਦੀ ਰਾਸ਼ਟਰੀ ਪ੍ਰੈਸ ਨੇ ‘ਕੁਸ਼ਤੀ ਦੀ ਦੁਨੀਆਂ ਦਾ ਚਮਕਦਾ ਸਿਤਾਰਾ’ ਦੱਸਿਆ। (ਸੁਖਵੰਤ ਪਹਿਲਵਾਨ ਜੀ ਦਾ ਨੰਬਰ 778-989-2700 ਹੈ।
ਬਾਕੀ ਅਗ਼ਲੇ ਹਫ਼ਤੇ …
ਇਕਬਾਲ ਸਿੰਘ ਜੱਬੋਵਾਲੀਆ












