ਭਰੋਸੇ ਦੇ ਲਾਇਕ ਨਹੀਂ ਭਾਜਪਾ, ਲੰਬੇ ਸਮੇਂ ਤੱਕ ਚੱਲੇਗਾ ਕਿਸਾਨ ਅੰਦੋਲਨ : ਨਰੇਸ਼ ਟਿਕੈਤ

ਗਾਜ਼ੀਆਬਾਦ- ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਪ੍ਰਧਾਨ ਨਰੇਸ਼ ਟਿਕੈਤ ਨੇ ਖੇਤੀ ਕਾਨੂੰਨਾਂ ਦੀ ਆਲੋਚਨਾ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਭਰੋਸੇ ਦੇ ਲਾਇਕ ਨਹੀਂ ਹਨ। ਦਿੱਲੀ-ਉੱਤਰ ਪ੍ਰਦੇਸ਼ ਸਰਹੱਦ ‘ਤੇ ਸਥਿਤ ਗਾਜ਼ੀਆਬਾਦ ‘ਚ ਕਿਸਾਨ ਯੂਨੀਅਨ ਦੀ ਮਹੀਨਾਵਾਰ ਬੈਠਕ ‘ਚ ਟਿਕੈਤ ਨੇ ਇਹ ਗੱਲ ਕਹੀ। ਬੀਕੇਯੂ ਦੇ ਰਾਸ਼ਟਰੀ ਮੀਡੀਆ ਇੰਚਾਰਜ ਧਰਮੇਂਦਰ ਮਲਿਕ ਵਲੋਂ ਜਾਰੀ ਬਿਆਨ ਅਨੁਸਾਰ, ਟਿਕੈਤ ਨੇ ਕਿਹਾ,”ਇਹ ਅੰਦੋਲਨ ਲੰਬੇ ਸਮੇਂ ਤੱਕ ਚੱਲੇਗਾ, ਇਸ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਓ।”
ਉਨ੍ਹਾਂ ਕਿਹਾ,”ਭਾਜਪਾ ਅਤੇ ਸਰਕਾਰ ਭਰੋਸੇ ਦੇ ਲਾਇਕ ਨਹੀਂ ਹਨ।” ਟਿਕੈਤ ਨੇ ਕਿਹਾ,”ਸੱਤਿਆਪਾਲ ਮਲਿਕ (ਮੇਘਾਲਿਆ ਦੇ ਰਾਜਪਾਲ) ਵਰਗੇ ਹੋਰ ਲੋਕ ਅੱਗੇ ਆਉਣਗੇ। ਕਿਸਾਨ ਉਨ੍ਹਾਂ ਦੀ ਸੱਚਾਈ ਦਾ ਸਨਮਾਨ ਕਰਦੇ ਹਨ। ਭਾਜਪਾ ਸੰਸਦ ਮੈਂਬਰ ਹੁਣ ਘੁਟਣ ਮਹਿਸੂਸ ਕਰ ਰਹੇ ਹਨ।” ਦੱਸਣਯੋਗ ਹੈ ਕਿ ਸੱਤਿਆਪਾਲ ਮਲਿਕ ਨੇ ਐਤਵਾਰ ਨੂੰ ਕਿਸਾਨ ਅੰਦੋਲਨ ਦੇ ਸਮਰਥਨ ‘ਚ ਬਿਆਨ ਦਿੱਤਾ ਸੀ।