‘ਆਪ੍ਰੇਸ਼ਨ ਲੋਟਸ’ ਦੇ 105 ਦਿਨ ਬਾਅਦ ਵਿਸ਼ੇਸ਼ ਸੈਸ਼ਨ ਬੁਲਾ ਰਹੀ ਸਰਕਾਰ : ਜੈਰਾਮ ਰਮੇਸ਼

ਨਵੀਂ ਦਿੱਲੀ : ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਨੇ ਸੰਵਿਧਾਨ ਦਿਵਸ ਦੇ ਮੌਕੇ ’ਤੇ ਸੰਸਦ ਦਾ ‘ਵਿਸ਼ੇਸ਼ ਸੈਸ਼ਨ’ ਬੁਲਾਉਣ ਦਾ ਐਲਾਨ ਕੀਤਾ ਕਿਉਂਕਿ ਉਸ ਨੂੰ ਉਮੀਦ ਹੈ ਕਿ ਇਸ ਦੌਰਾਨ ਉਹ ਸੰਵਿਧਾਨ ਸੋਧ ਬਿੱਲ ਪਾਸ ਕਰਵਾਉਣ ਲਈ ‘ਦੋ-ਤਿਹਾਈ ਬਹੁਮਤ’ ਹਾਸਲ ਕਰ ਲਵੇਗੀ। ਜੈਰਾਮ ਰਮੇਸ਼ ਨੇ ‘ਐਕਸ’ ’ਤੇ ਪੋਸਟ ਕਰ ਕੇ ਇਹ ਦਾਅਵਾ ਵੀ ਕੀਤਾ ਕਿ ‘ਆਪ੍ਰੇਸ਼ਨ ਲੋਟਸ’ ਦੇ 105 ਦਿਨ ਬਾਅਦ ਸਰਕਾਰ ਨੇ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਐਲਾਨ ਕੀਤਾ ਹੈ। ‘ਆਪ੍ਰੇਸ਼ਨ ਲੋਟਸ’ ਤੋਂ ਰਮੇਸ਼ ਦਾ ਇਸ਼ਾਰਾ ਪਿਛਲੇ ਕੁਝ ਦਿਨਾਂ ’ਚ ਕੁਝ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਵੱਲੋਂ ਪਾਲਾ ਬਦਲੇ ਜਾਣ ਵੱਲ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਸੰਵਿਧਾਨ ਦਾ ਇਸ ਤੋਂ ਵੱਡਾ ਅਪਮਾਨ ਅਤੇ ਉਸ ’ਤੇ ਇਸ ਤੋਂ ਵੱਡਾ ਹਮਲਾ ਹੋ ਸਕਦਾ ਹੈ?
ਉਨ੍ਹਾਂ ਦਾ ਕਹਿਣਾ ਹੈ ਕਿ 14 ਅਪ੍ਰੈਲ 2026 ਨੂੰ ਅੰਬੇਡਕਰ ਜੈਅੰਤੀ ਦੀ ਸ਼ਾਮ ਮੋਦੀ ਸਰਕਾਰ ਨੇ ਪਰਿਸੀਮਨ ਬਿੱਲਾਂ ਨੂੰ ਜਨਤਕ ਕੀਤਾ ਸੀ, ਜਿਨ੍ਹਾਂ ਨੂੰ 17 ਅਪ੍ਰੈਲ ਦੀ ਰਾਤ ਆਪਣੇ ਅੰਜਾਮ ਤੱਕ ਪਹੁੰਚਣਾ ਪਿਆ। ਰਮੇਸ਼ ਨੇ ਸਰਕਾਰ ਦੇ ਇਸ ਕਦਮ ’ਤੇ ਸਵਾਲ ਉਠਾਉਂਦੇ ਹੋਏ ਇਸ ਨੂੰ ਸੰਵਿਧਾਨ ਦਾ ਅਪਮਾਨ ਅਤੇ ਉਸ ’ਤੇ ਹਮਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਲੜਾਈ ਜਾਰੀ ਰਹੇਗੀ।