ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੇ ਬਰਮਿੰਘਮ ਇਲਾਕੇ ‘ਚ ਵਾਪਰੇ ਭਿਆਨਕ ਕਤਲਕਾਂਡ ਵਿੱਚ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਓਲਡਬਰੀ ਵਿਖੇ ਆਪਣੀ ਪੰਜਾਬਣ ਪਤਨੀ ਪਰਮਜੀਤ ਕੌਰ ਉਰਫ਼ ਸੋਨੀ ਦਾ ਕਤਲ ਕਰਨ ਦੇ ਮਾਮਲੇ ਵਿੱਚ ਉਸ ਦੇ ਪਤੀ ਹਰਮਿੰਦਰ ਸਿੰਘ ਮੱਟੂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਇਹ ਵਾਰਦਾਤ ਪਿਛਲੇ ਸਾਲ 31 ਮਾਰਚ 2025 ਨੂੰ ਸਵੇਰੇ ਕਰੀਬ 8 ਵਜੇ ਵਾਪਰੀ ਸੀ। ਪਰਮਜੀਤ ਕੌਰ ਦੀ ਲਾਸ਼ ਓਲਡਬਰੀ ਦੇ ਸਵੈਨ ਕ੍ਰੇਸੈਂਟ ਸਥਿਤ ਉਨ੍ਹਾਂ ਦੇ ਘਰ ਵਿੱਚੋਂ ਮਿਲੀ ਸੀ। ਲਾਸ਼ ਦੇ ਕੋਲ ਇੱਕ ਚਾਕੂ ਵੀ ਬਰਾਮਦ ਹੋਇਆ ਸੀ। ਹਰਮਿੰਦਰ ਸਿੰਘ ਮੱਟੂ ਨੇ ਵਾਰਦਾਤ ਤੋਂ ਬਾਅਦ ਖ਼ੁਦ ਥਾਣੇ ਜਾ ਕੇ ਆਪਣੀ ਪਤਨੀ ਦੇ ਕਤਲ ਦਾ ਗੁਨਾਹ ਕਬੂਲ ਕੀਤਾ ਸੀ। ਵੂਲਵਰਹੈਂਪਟਨ ਕ੍ਰਾਊਨ ਕੋਰਟ ਵਿੱਚ ਚੱਲੀ 7 ਦਿਨਾਂ ਦੀ ਸੁਣਵਾਈ ਤੋਂ ਬਾਅਦ ਜਿਊਰੀ ਨੇ ਹਰਮਿੰਦਰ ਮੱਟੂ ਨੂੰ ਕਤਲ ਦਾ ਦੋਸ਼ੀ ਮੰਨਿਆ ਹੈ।
ਅਦਾਲਤ ਵਿੱਚ ਸੁਣਵਾਈ ਦੌਰਾਨ ਹਰਮਿੰਦਰ ਨੇ ਪਹਿਲਾਂ ਕੀਤੇ ਕਬੂਲਨਾਮੇ ਤੋਂ ਉਲਟ ਇਹ ਦਾਅਵਾ ਕੀਤਾ ਕਿ ਉਸ ਨੇ ਇਹ ਸਭ ‘ਸਵੈ-ਰੱਖਿਆ’ ਲਈ ਕੀਤਾ ਸੀ, ਪਰ ਅਦਾਲਤ ਨੇ ਉਸ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ। ਜਾਂਚ ਵਿੱਚ ਸਾਹਮਣੇ ਆਇਆ ਕਿ ਮ੍ਰਿਤਕ ਪਰਮਜੀਤ ਕੌਰ ਆਪਣੇ ਪਤੀ ਤੋਂ ਤਲਾਕ ਲੈਣਾ ਚਾਹੁੰਦੀ ਸੀ, ਜੋ ਕਿ ਇਸ ਖ਼ੂਨੀ ਵਾਰਦਾਤ ਦਾ ਮੁੱਖ ਕਾਰਨ ਬਣਿਆ। ਵੂਲਵਰਹੈਂਪਟਨ ਕਰਾਊਨ ਕੋਰਟ ਦੇ ਜੱਜ ਜੌਨ ਬਟਰਫੀਲਡ ਨੇ ਜਿਊਰੀ ਦੇ ਫ਼ੈਸਲੇ ਤੋਂ ਬਾਅਦ ਦੋਸ਼ੀ ਨੂੰ ਸਜ਼ਾ ਸੁਣਾਉਣ ਲਈ 2 ਅਪ੍ਰੈਲ ਦੀ ਤਾਰੀਖ ਤੈਅ ਕੀਤੀ ਹੈ।















