ਬੌਲੀਵੁਡ ਦਾ ਬਾਦਸ਼ਾਹ

ਅਖ਼ਤਰ ਰਸੂਲ
ਸ਼ਾਹਰੁਖ਼ ਖ਼ਾਨ ਭਾਰਤੀ ਸਿਨੇਮਾ ਦਾ ਇੱਕ ਅਜਿਹਾ ਸਿਤਾਰਾ ਹੈ ਜਿਸ ਨੇ ਭਾਰਤੀ ਸਿਨੇਮਾ ਨੂੰ ਵਿਸ਼ਵ ਪੱਧਰ ਦੀ ਸਾਖ ਦਿਵਾਈ ਹੈ। ਦੁਨੀਆਂ ਦਾ ਅਜਿਹਾ ਕਿਹੜਾ ਕੋਨਾ ਹੈ ਜਿੱਥੇ ਸ਼ਾਹਰੁਖ਼ ਖ਼ਾਨ ਨੂੰ ਨਹੀਂ ਪਛਾਣਿਆ ਜਾਂਦਾ? ਉਸ ਦੇ ਚਾਹੁਣ ਵਾਲੇ ਸਿਰਫ਼ ਭਾਰਤ ‘ਚ ਹੀ ਨਹੀਂ ਸਗੋਂ ਦੁਨੀਆਂ ਦੇ ਕੋਨੇ-ਕੋਨੇ ‘ਚ ਮੌਜੂਦ ਹਨ। ਸ਼ਾਹਰੁਖ਼ ਖ਼ਾਨ ਜੋ ਕਰਦਾ ਹੈ ਉਹ ਫ਼ੈਸ਼ਨ ਬਣ ਜਾਂਦਾ ਹੈ। ਉਹ ਅੱਜ ਦਾ ਇੱਕ ਗਲੋਬਲ ਸੁਪਰ ਸਟਾਰ ਹੈ।
ਸ਼ਾਹਰੁਖ਼ ਖ਼ਾਨ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਇੱਕ ਵਾਰ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਭਾਰਤ ਆਪਣੀ ਫ਼ੇਰੀ ਦੌਰਾਨ ਉਨ੍ਹਾਂ ਨੇ ਸ਼ਾਹਰੁਖ਼ ਖ਼ਾਨ ਦਾ ਇੱਕ ਬਹੁਤ ਹੀ ਮਕਬੂਲ ਸੰਵਾਦ ਆਪਣੇ ਇੱਕ ਭਾਸ਼ਣ ‘ਚ ਬੋਲਿਆ ਸੀ, “ਬੜੇ ਬੜੇ ਦੇਸ਼ੋਂ ਮੇਂ ਐਸੀ ਛੋਟੀ-ਛੋਟੀ ਬਾਤੇਂ ਹੋਤੀ ਰਹਿਤੀਂ ਹੈਂ।” ਸ਼ਾਹਰੁਖ਼ ਖ਼ਾਨ ਨੂੰ 2023 ਦੇ ਕਤਰ FIFA ਵਰਲਡ ਕੱਪ ਲਈ ਇੱਕ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਵੀ ਬੁਲਾਇਆ ਗਿਆ ਸੀ ਜੋ ਭਾਰਤ ਲਈ ਬਹੁਤ ਮਾਣ ਵਾਲੀ ਗੱਲ ਸੀ।
ਸ਼ਾਹਰੁਖ਼ ਖ਼ਾਨ ਦੇ ਪ੍ਰਸ਼ੰਸਕ ਦੂਰ ਦੂਰ ਤਕ ਫ਼ੈਲੇ ਹੋਏ ਹਨ। ਹੌਲੀਵੁਡ ਦੇ ਪ੍ਰਸਿੱਧ ਨਿਰਦੇਸ਼ਕ ਜੇਮਜ਼ ਕੈਮਰੂਨ, ਜਿਸ ਨੇ ਐਵਤਾਰ ਫ਼ਿਲਮ ਬਣਾ ਕੇ ਵਿਸ਼ਵ ਪੱਧਰੀ ਰਿਕਾਰਡ ਬਣਾਇਆ ਸੀ, ਨੇ ਸ਼ਾਹਰੁਖ਼ ਖ਼ਾਨ ਦੀ ਤਾਰੀਫ਼ ਕਰਦੇ ਹੋਏ ਇੱਕ ਵਾਰ ਪੱਤਰਕਾਰਾਂ ਨੂੰ ਕਿਹਾ ਸੀ ਕਿ ਸ਼ਾਹਰੁਖ਼ ਖ਼ਾਨ ਇੱਕ ਬਹੁਤ ਵੱਡਾ ਫ਼ਿਲਮ ਸਟਾਰ ਹੈ। 2023 ‘ਚ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਮਰੀਕਾ ਫ਼ੇਰੀ ‘ਤੇ ਸਨ ਤਾਂ ਉਨ੍ਹਾਂ ਦੇ ਸਵਾਗਤ ਲਈ ਵ੍ਹਾਈਟ ਹਾਊਸ ‘ਚ ਸ਼ਾਹਰੁਖ਼ ਖ਼ਾਨ ਦਾ ਇੱਕ ਪ੍ਰਸਿੱਧ ਗਾਣਾ ਚਲ ਛਈਂਆਂ ਛਈਂਆਂ ਛਈਆਂ ਚਲਾਇਆ ਗਿਆ ਸੀ।
ਬੌਲੀਵੁਡ ਦੀ
ਡੁਬਦੀ ਬੇੜੀ
ਸ਼ਾਹਰੁਖ਼ ਖ਼ਾਨ ਨੇ 2023 ‘ਚ ਬੌਲੀਵੁਡ ਦੀ ਡੁੱਬਦੀ ਸਾਖ ਨੂੰ ਬਚਾਇਆ ਸੀ ਕਿਉਂਕਿ ਉਸ ਸਾਲ ਬੌਲੀਵੁਡ ਦਾ ਅਕਸ ਬਹੁਤ ਖ਼ਰਾਬ ਹੋ ਚੁੱਕਾ ਸੀ। ਫ਼ਿਲਮਾਂ ‘ਚ ਕੁੱਝ ਨਵਾਂ ਨਾ ਹੋਣ ਕਾਰਨ ਸਲਮਾਨ ਖ਼ਾਨ, ਆਮਿਰ ਖ਼ਾਨ, ਅਕਸ਼ੇ ਕੁਮਾਰ, ਅਜੇ ਦੇਵਗਨ, ਰਣਬੀਰ ਕਪੂਰ ਵਰਗੇ ਵੱਡੇ ਅਦਾਕਾਰਾਂ ਦੀਆਂ ਫ਼ਿਲਮਾਂ ਵੀ ਅਸਫ਼ਲ ਹੋ ਰਹੀਆਂ ਸਨ। ਦਰਸ਼ਕ ਬੌਲੀਵੁਡ ਦੀਆਂ ਫ਼ਿਲਮਾਂ ਤੋਂ ਤੰਗ ਆ ਚੁੱਕੇ ਸਨ। ਦੂਜੇ ਪਾਸੇ ਦੱਖਣੀ ਭਾਰਤੀ ਫ਼ਿਲਮਾਂ ਬੌਲੀਵੁਡ ‘ਤੇ ਕਾਫ਼ੀ ਭਾਰੂ ਹੋ ਚੁੱਕੀਆਂ ਸਨ।
ਅਜਿਹੇ ‘ਚ ਸ਼ਾਹਰੁਖ਼ ਖ਼ਾਨ ਨੇ ਬੌਲੀਵੁਡ ਨੂੰ ਤਿੰਨ ਬਿਹਤਰੀਨ ਅਤੇ ਯਾਦਗਾਰ ਫ਼ਿਲਮਾਂ ਕ੍ਰਮਵਾਰ ਪਠਾਨ, ਜਵਾਨ ਅਤੇ ਡੰਕੀ ਦੇ ਕੇ ਬੌਲੀਵੁਡ ਦੀ ਡੁਬਦੀ ਬੇੜੀ ਨੂੰ ਬਚਾਇਆ। ਉਨ੍ਹਾਂ ਤਿੰਨਾਂ ਫ਼ਿਲਮਾਂ ਨੇ ਬੌਲੀਵੁਡ ਦੀ ਕੁੱਲ ਸਾਲਾਨਾ ਆਮਦਨ ਦਾ 56 ਪ੍ਰਤੀਸ਼ਤ ਹਿੱਸਾ ਬੌਲੀਵੁਡ ਨੂੰ ਕਮਾ ਕੇ ਦਿੱਤਾ। ਸ਼ਾਹਰੁਖ਼ ਖ਼ਾਨ ਨੇ ਇੱਕ ਸਾਲ ‘ਚ 26 ਸੌ ਕਰੋੜ ਦਾ ਵਿਸ਼ਵ ਪੱਧਰੀ ਵਪਾਰ ਕਰ ਕੇ ਭਾਰਤੀ ਸਿਨਮਾ ਦੇ ਇਤਿਹਾਸ ‘ਚ ਇੱਕ ਮੀਲ ਪੱਥਰ ਗੱਡ ਦਿੱਤਾ।
ਬੌਲੀਵੁਡ ‘ਚ ਇੱਕ ਅਖਾਣ ਪ੍ਰਚੱਲਿਤ ਹੈ ਕਿ ਜਿਸ ਦਾ ਕੋਈ ਗੌਡ ਫ਼ਾਦਰ ਨਹੀਂ ਹੁੰਦਾ, ਉਸ ਦਾ ਇੱਥੇ ਟਿਕਣਾ ਬਹੁਤ ਮੁਸ਼ਕਿਲ ਹੈ। ਸ਼ਾਹਰੁਖ਼ ਖ਼ਾਨ ਨੇ ਇਸ ਕਥਨ ਨੂੰ ਖਿੜੇ ਮੱਥੇ ਪ੍ਰਵਾਨ ਕਰ ਕੇ ਆਪਣੀ ਮਿਹਨਤ ਅਤੇ ਲਗਨ ਨਾਲ ਬੌਲੀਵੁਡ ‘ਤੇ ਰਾਜ ਕਰ ਕੇ ਵਿਖਾਇਆ। ਉਸ ਨੇ ਆਪਣੇ ਕਰੀਅਰ ਦੇ ਸ਼ੁਰੂ ‘ਚ ਹੀ ਕਈ ਨਾਂਹ-ਪੱਖੀ ਫ਼ਿਲਮਾਂ ਜਿਵੇਂ ਡਰ, ਅੰਜਾਮ ਅਤੇ ਬਾਜ਼ੀਗਰ ਕਰ ਕੇ ਵੀ ਦਰਸ਼ਕਾਂ ਦਾ ਦਿਲ ਜਿੱਤ ਲਿਆ। ਉਸ ਨੇ ਭਾਂਤ-ਭਾਂਤ ਦੀਆਂ ਰੁਮੈਂਟਿਕ, ਐਕਸ਼ਨ, ਕਲਾਸਿਕ, ਕੌਮੇਡੀ, ਡਰਾਮਾ ਫ਼ਿਲਮਾਂ ਕਰ ਕੇ ਹਰ ਪਾਸੇ ਆਪਣੀ ਅਦਾਕਾਰੀ ਦਾ ਦਬਦਬਾ ਬਣਾਇਆ। ਦਰਸ਼ਕਾਂ ਨੇ ਉਸ ਨੂੰ ਹਰ ਰੋਲ ‘ਚ ਪਸੰਦ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਅਪਣੇ ਸ਼ੁਰੂਆਤੀ ਦੌਰ ‘ਚ ਹੀ ਭਾਰਤੀ ਸਿਨੇਮਾ ਦੇ ਪ੍ਰਮੁੱਖ ਅਦਾਕਾਰਾਂ ਨਾਨਾ ਪਾਟੇਕਰ, ਨਸੀਰੂਦੀਨ ਸ਼ਾਹ, ਅਮਰੀਸ਼ ਪੁਰੀ, ਅਨੂਪਮ ਖੇਰ, ਅਮਿਤਾਭ ਬੱਚਨ ਅਤੇ ਕਮਲ ਹਾਸਨ ਆਦਿ ਨਾਲ ਭਿੜ ਕੇ ਅਪਣੀ ਕਲਾ ਨੂੰ ਮਨਵਾਇਆ ਹੈ। ਸ਼ਾਹਰੁਖ਼ ਕਦੇ ਰੁਮੈਂਸ ਕਿੰਗ ਬਣਿਆ, ਕਦੇ ਬੌਲੀਵੁਡ ਦਾ ਬਾਦਸ਼ਾਹ, ਕਦੇ ਡੌਨ ਅਤੇ ਕਦੇ ਐਕਸ਼ਨ ਕਿੰਗ। ਉਹ ਆਪਣੀ ਮਿਹਨਤ ਅਤੇ ਲਗਨ ਨਾਲ ਅਪਣੀਆ ਫ਼ਿਲਮਾਂ ਨੂੰ ਸਿਖਰ ‘ਤੇ ਲੈ ਕੇ ਗਿਆ ਅਤੇ ਬੌਲੀਵੁਡ ਨੂੰ ਵਿਸ਼ਵ ਪੱਧਰੀ ਸਾਖ ਦਿਵਾਈ। ਸ਼ਾਹਰੁਖ਼ ਖ਼ਾਨ ਨੇ ਆਪਣੀ ਅਦਾਕਾਰੀ ‘ਚ ਵੰਨ-ਸੁਵੰਨਤਾ ਵਾਲੀਆਂ ਫ਼ਿਲਮਾਂ ਦੇ ਕੇ ਆਪਣਾ ਵਿਸ਼ੇਸ਼ ਰੁਤਬਾ ਬਣਾਇਆ ਹੈ। ਉਸ ਨੇ DDLJ, ਵੀਰਜ਼ਾਰਾ ਅਤੇ ਪ੍ਰਦੇਸ ਫ਼ਿਲਮਾਂ ਕਰ ਕੇ ਰੁਮੈਂਟਿਕ ਪ੍ਰਵਿਰਤੀ ਨੂੰ ਸਿਖਰ ‘ਤੇ ਪਹੁੰਚਾਇਆ। ਦੇਸ਼ ਭਗਤੀ ਦੀਆਂ ਫ਼ਿਲਮਾਂ ਸਵਦੇਸ਼, ਚੱਕ ਦੇ ਇੰਡੀਆ, ਪਠਾਣ, ਜਵਾਨ ਆਦਿ ਕਰ ਕੇ ਭਾਰਤੀਆਂ ‘ਚ ਦੇਸ਼ ਭਗਤੀ ਦੀ ਚਿਣਗ ਜਗਾਈ ਹੈ। ਇਸ ਤੋਂ ਇਲਾਵਾ ਉਹ ਡੌਨ, ਪਠਾਨ ਅਤੇ ਜਵਾਨ ਫ਼ਿਲਮਾਂ ਕਰ ਕੇ ਐਕਸ਼ਨ ਦਾ ਕਿੰਗ ਕਹਾਇਆ।
ਆਰਥਿਕ ਪੱਖ
ਸ਼ਾਹਰੁਖ਼ ਖ਼ਾਨ ਭਾਰਤ ਦਾ ਸਭ ਤੋਂ ਅਮੀਰ ਅਦਾਕਾਰ ਬਣ ਚੁੱਕਾ ਹੈ ਜਿਸ ਦੀ ਕੁੱਲ ਸੰਪਤੀ ਲਗਭਗ 700 ਮਿਲੀਅਨ ਅਮਰੀਕੀ ਡਾਲਰ ਹੈ। ਉਹ ਦੁਨੀਆਂ ਦਾ ਚੌਥਾ ਸਭ ਤੋਂ ਵੱਧ ਅਮੀਰ ਅਦਾਕਾਰ ਹੈ। ਉਸ ਕੋਲ ਬੌਲੀਵੁਡ ਦਾ ਸਭ ਤੋਂ ਮਹਿੰਗਾ ਬੰਗਲਾ ਮੰਨਤ ਹੈ ਜਿਸ ਦੀ ਕੀਮਤ ਲਗਭਗ 200 ਕਰੋੜ ਹੈ। ਇਸ ਤੋਂ ਇਲਾਵਾ ਉਸ ਕੋਲ ਵਿਦੇਸ਼ਾਂ ‘ਚ ਬੰਗਲੇ ਅਤੇ ਹੌਲੀਡੇਅ ਹੋਮਜ਼ ਵੀ ਹਨ। ਉਸ ਕੋਲ ਇੱਕ ਲਗਯਰੀ ਨਿੱਜੀ ਜੈੱਟ ਪਲੇਨ ਹੈ। ਉਸ ਕੋਲ ਮਹਿੰਗੀਆਂ ਅਤੇ ਲਗਯਰੀ ਕਾਰਾਂ ਦੀ ਇੱਕ ਵੱਡੀ ਕੋਲੈਕਸ਼ਨ ਹੈ। ਇਸ ਤੋਂ ਇਲਾਵਾ, ਉਹ ਕੋਲਕਾਤਾ ਨਾਈਟ ਰਾਈਡਰਜ਼ IPL ਕ੍ਰਿਕਟ ਟੀਮ ਅਤੇ ਰੈੱਡ ਚਿਲੀਜ਼ ਐਂਟਰਟੇਨਮੈਂਟ ਦਾ ਮਾਲਕ ਵੀ ਹੈ।
ਅਨੇਕ ਰਿਕਾਰਡ
ਸ਼ਾਹਰੁਖ਼ ਖ਼ਾਨ ਦੀ ਫ਼ਿਲਮ DDLJ ਭਾਰਤੀ ਸਿਨੇਮਾ ‘ਚ ਸਭ ਤੋਂ ਲੰਮਾ ਸਮਾਂ ਚੱਲਣ ਵਾਲੀ ਫ਼ਿਲਮ ਬਣੀ। ਜਵਾਨ ਫ਼ਿਲਮ ਦੀ ਰਿਲੀਜ਼ ਦੇ ਪਹਿਲੇ ਦਿਨ ਹੀ ਇਸ ਨੇ ਵਿਸ਼ਵ ਪੱਧਰ ‘ਤੇ 129.6 ਕਰੋੜ ਦੀ ਕਮਾਈ ਕਰ ਕੇ ਬੌਲੀਵੁਡ ਦੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ। ਜਵਾਨ ਫ਼ਿਲਮ ਚੀਨ ਤੋਂ ਬਿਨਾਂ ਵਿਸ਼ਵ ਪੱਧਰ ‘ਤੇ ਸਭ ਤੋਂ ਵੱਧ ਬਿਜ਼ਨਸ ਕਰਨ ਵਾਲੀ ਪਹਿਲੀ ਬੌਲੀਵੁਡ ਫ਼ਿਲਮ ਬਣ ਚੁੱਕੀ ਹੈ। ਸ਼ਾਹਰੁਖ਼ ਖ਼ਾਨ ਦੀਆਂ ਫ਼ਿਲਮਾਂ ਦੀ ਸਫ਼ਲਤਾ ਦੀ ਦਰ ਲਗਭਗ 63% ਹੈ। ਉਸ ਨੇ ਇੱਕ ਸਾਲ ‘ਚ ਦੋ ਇੱਕ ਹਜ਼ਾਰ ਕਰੋੜੀ ਫ਼ਿਲਮਾਂ ਦੇ ਕੇ ਭਾਰਤੀ ਸਿਨੇਮਾ ਦੇ ਇਤਿਹਾਸ ‘ਚ ਇੱਕ ਬਹੁਤ ਵੱਡਾ ਰਿਕਾਰਡ ਬਣਾਇਆ ਹੈ। ਉਸ ਦੀਆਂ ਹੁਣ ਤਕ ਬਾਰ੍ਹਾਂ ਫ਼ਿਲਮਾਂ ਨੇ ਸਭ ਤੋਂ ਵੱਧ ਬੌਕਸ ਔਫ਼ਿਸ ਕੋਲੈਕਸ਼ਨ ਕਰਨ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ। ਉਸ ਦੀਆਂ ਪੰਜ ਫ਼ਿਲਮਾਂ 2000 ਤੋਂ 2004 ਤਕ ਪੰਜ ਸਾਲ ਲਗਾਤਾਰ ਕ੍ਰਮਵਾਰ ਮੁਹੱਬਤੇਂ, ਕਭੀ ਖ਼ੁਸ਼ੀ ਕਭੀ ਗ਼ਮ, ਦੇਵਦਾਸ, ਕਲ ਹੋ ਨਾ ਹੋ ਅਤੇ ਵੀਰਜ਼ਾਰਾ ਨੇ ਬੌਲੀਵੁਡ ‘ਚ ਸਭ ਤੋਂ ਵੱਧ ਕਮਾਈ ਕਰ ਕੇ ਭਾਰਤੀ ਸਿਨਮਾ ‘ਚ ਇੱਕ ਵੱਡਾ ਰਿਕਾਰਡ ਬਣਾਇਆ ਜੋ ਅੱਜ ਤਕ ਕਾਇਮ ਹੈ। ਉਸ ਨੂੰ ਹੁਣ ਤਕ ਅੱਠ ਫ਼ਿਲਮਫ਼ੇਅਰ ਪੁਰਸਕਾਰ ਮਿਲ ਚੁੱਕੇ ਹਨ ਅਤੇ IIFA ਦੇ ਚਾਰ ਸਨਮਾਨ ਪ੍ਰਾਪਤ ਹੋਏ ਹਨ।
ਸ਼ਾਹਰੁਖ਼ ਖ਼ਾਨ ਭਾਵੇਂ ਬਹੁਤ ਰੁਝੇਵੇਂ ਭਰਿਆ ਜੀਵਨ ਬਤੀਤ ਕਰ ਰਿਹਾ ਹੈ, ਪਰ ਇਸ ਦੇ ਨਾਲ ਹੀ ਉਹ ਆਪਣੇ ਪਰਿਵਾਰ ਨਾਲ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ। ਉਹ ਦਿਨ ‘ਚ ਲਗਭਗ ਦੋ-ਤਿੰਨ ਘੰਟੇ ਆਪਣੇ ਬੱਚਿਆਂ ਨਾਲ ਮਿਲ ਕੇ ਕਸਰਤ ਕਰਦਾ ਹੈ ਅਤੇ ਵੱਧ ਤੋਂ ਵੱਧ ਸਮਾਂ ਆਪਣੇ ਪਰਿਵਾਰ ਨਾਲ ਬਿਤਾਉਾਂਦਾ ਹੈ।
ਸਰਵਸ਼੍ਰੇਸਠ ਐਵਾਰਡਜ਼
ਸ਼ਾਹਰੁਖ਼ ਖ਼ਾਨ ਨੂੰ ਵਿਸ਼ਵ ਭਰ ‘ਚੋਂ ਅਨੇਕਾਂ ਐਵਾਰਡਜ਼ ਮਿਲ ਚੁੱਕੇ ਹਨ ਜਿਨ੍ਹਾਂ ਦੀ ਸੂਚੀ ਤਾਂ ਬਹੁਤ ਲੰਮੀ ਹੈ, ਪਰ ਕਈ ਸਰਵੋਤਮ ਐਵਾਰਡਾਂ ਦਾ ਜ਼ਿਕਰ ਕਰਨਾ ਇੱਥੇ ਜ਼ਰੂਰੀ ਹੈ। ਉਸ ਨੂੰ ਏਸ਼ੀਅਨ ਫ਼ਿਲਮਫ਼ੇਅਰ ਐਵਾਰਡ 2007 (ਡੌਨ ਫ਼ਿਲਮ ਲਈ) ਅਤੇ IIFA 2009 (ਰੱਬ ਨੇ ਬਨਾ ਦੀ ਜੋੜੀ ਫ਼ਿਲਮ ਲਈ) ਮਿਲੇ ਹਨ। ਉਸ ਨੂੰ ਯੁਨੈੱਸਕੋ ਵਲੋਂ 2011 ‘ਚ ਪਿਰਾਮਿਡ ਕੋਨ ਮਰਨੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੇ 2018 ‘ਚ ਵਰਲਡ ਇਕਨੌਮਿਕ ਕ੍ਰਿਸਟਲ ਐਵਾਰਡ ਪ੍ਰਾਪਤ ਕੀਤਾ ਸੀ। ਸ਼ਾਹਰੁਖ਼ ਨੇ ਭਾਰਤ ਦੇ ਰਾਸ਼ਟਰਪਤੀ ਤੋਂ ਭਾਰਤ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਐਵਾਰਡ ਪਦਮ ਸ਼੍ਰੀ ਵੀ 2005 ‘ਚ ਪ੍ਰਾਪਤ ਕੀਤਾ। ਸ਼ਾਹਰੁਖ਼ ਖ਼ਾਨ ਨੂੰ ਫ਼ਰਾਂਸ ਸਰਕਾਰ ਨੇ ਔਰਡਰ ਔਫ਼ ਆਰਟਸ ਐਂਡ ਲੈਟਰਜ਼ ਐਵਾਰਡ 2007 ਅਤੇ ਦਾ ਨੈਸ਼ਨਲ ਔਰਡਰ ਔਫ਼ ਦਾ ਲੀਜਨ ਔਫ਼ ਔਨਰ 2014 ਦੇ ਕੇ ਸਨਮਾਨਿਤ ਕੀਤਾ ਸੀ। ਉਸ ਨੇ ਮੋਰੌਕੋ ਦਾ ਨਾਗਰਿਕ ਐਵਾਰਡ ਵਿਸਾਮੇ ਅਲ ਕਫ਼ਾ ਅਲ ਫ਼ਿਕਰਿਆ ਮੋਰੌਕੋ ਦੇ ਕਿੰਗ ਐਤੋਆਲ ਦ’ਓਰ ਵਲੋਂ 2012 ‘ਚ ਪ੍ਰਾਪਤ ਕੀਤਾ। ਸ਼ਾਹਰੁਖ਼ ਖ਼ਾਨ ਨੂੰ 2014 ‘ਚ ਇੰਟਰ ਪੋਲ ਟਰਨ ਬੈਕ ਕਰਾਈਮ ਕੈਮਪੇਨ ਦਾ ਐਮਬੈਸਡਰ ਵੀ ਚੁਣਿਆ ਗਿਆ। ਉਸ ਨੂੰ ਬਰਤਾਨੀਆ ਸਰਕਾਰ ਵਲੋਂ 2014 ‘ਚ ਗਲੋਬਲ ਡਾਇਵਰਸਿਟੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। 2016 ‘ਚ ਅਮੀਰਾਤ ਸਰਕਾਰ ਵਲੋਂ ਦੁਬਈ ਟੂਰਿਜ਼ਮ ਦਾ ਬ੍ਰੈਂਡ ਅੰਬੈਸਡਰ ਚੁਣਿਆ ਗਿਆ। ਸ਼ਾਹਰੁਖ਼ ਖ਼ਾਨ ਦਾ ਮੋਮ ਦਾ ਬੁੱਤ ਬਰਤਾਨੀਆ ਦੀ ਸਰਕਾਰ ਵਲੋਂ ਲੰਡਨ ਦੇ ਮੈਡਮ ਤੁਸੈਡ ਅਜਾਇਬ ਘਰ ‘ਚ ਲਗਾਇਆ ਗਿਆ ਹੈ।
ਦਾਨੀ ਅਦਾਕਾਰ
ਸ਼ਾਹਰੁਖ਼ ਖ਼ਾਨ ਇੱਕ ਮਹਾਨ ਅਦਾਕਾਰ ਦੇ ਨਾਲ-ਨਾਲ ਇੱਕ ਫ਼ਰਾਖ਼ ਦਿਲ ਅਤੇ ਦਾਨੀ ਸੱਜਣ ਵੀ ਹੈ ਜਿਸ ਨੇ ਭਾਰਤ ਦੀ ਗ਼ਰੀਬਾਂ ਦੀ ਸਹਾਇਤਾ ਕਰਨ ਅਤੇ ਗ਼ਰੀਬ ਅਤੇ ਮਜ਼ਲੂਮ ਮਰੀਜ਼ਾਂ ਦਾ ਇਲਾਜ ਕਰਵਾਉਣ ‘ਚ ਵੀ ਵੱਡਾ ਯੋਗਦਾਨ ਪਾਇਆ ਹੈ। ਉਸ ਨੇ ਨਾਨਾਵਤੀ ਹਸਪਤਾਲ ਮੁੰਬਈ ‘ਚ ਇੱਕ ਸਪੈਸ਼ਲ ਚਿਲਰਨ ਕੈਂਸਰ ਵਾਰਡ ਸਥਾਪਿਤ ਕੀਤਾ ਜਿੱਥੇ ਉਸ ਨੇ ਬੱਚਿਆਂ ਦੇ ਕੈਂਸਰ ਦੇ ਇਲਾਜ ਲਈ ਇੱਕ ਵੱਡੀ ਰਕਮ ਅਦਾ ਕੀਤੀ। 2012 ‘ਚ ਸ਼ਾਹਰੁਖ਼ ਖ਼ਾਨ ਨੇ ਉੜੀਸਾ ਦੇ ਸੱਤ ਪਿੰਡ ਗੋਦ ਲਏ ਜਿਨ੍ਹਾਂ ਦਾ ਬਿਜਲੀ ਪਾਣੀ ਆਦਿ ਦਾ ਖ਼ਰਚ ਮੁਕੰਮਲ ਤੌਰ ‘ਤੇ ਸ਼ਾਹਰੁਖ਼ ਨੇ ਚੁੱਕਿਆ। 2014 ‘ਚ ਉਸ ਨੇ ਸੁਨਾਮੀ ਪੀੜਤਾਂ ਲਈ 2.5 ਰੁਪਏ ਡਾਕਟਰ ਮਨਮੋਹਨ ਸਿੰਘ (ਤਤਕਾਲੀ ਭਾਰਤੀ ਪ੍ਰਧਾਨ ਮੰਤਰੀ) ਸੁਨਾਮੀ ਰਾਹਤ ਕੋਸ਼ ਨੂੰ ਦਾਨ ਕੀਤੇ। ਉਸ ਦੀ ਕੰਪਨੀ ਰੈੱਡ ਚਿਲੀ ਐਂਟਰਟੇਨਮੈਂਟ ਨੇ 2014 ‘ਚ ਸਮਾਜਕ ਅਤੇ ਪੇਂਡੂ ਵਿਕਾਸ ਲਈ 25 ਕਰੋੜ ਰੁਪਏ ਦਾਨ ਦਿੱਤੇ। ਕਰੋੜ
ਸ਼ਾਹਰੁਖ਼ ਖ਼ਾਨ ਨੇ ਆਪਣੇ ਪਿਤਾ ਦੇ ਨਾਮ ‘ਤੇ ਇੱਕ ਚੈਰੀਟੇਬਲ ਸੰਸਥਾ ਵੀ ਸਥਾਪਿਤ ਕੀਤੀ ਹੋਈ ਹੈ ਜਿਸ ਦਾ ਨਾਮ ਮੀਰ ਫ਼ਾਊਂਡੇਸ਼ਨ ਹੈ। ਉਸ ਨੂੰ ਇਸ ਸੰਸਥਾ ਦੇ ਕੰਮਾਂ ਕਰ ਕੇ ਯੁਨੈੱਸਕੋ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਸ ਨੇ ਕੋਲਕਾਤਾ ਨਾਈਟ ਰਾਈਡਰਜ਼ ਕ੍ਰਿਕਟ ਟੀਮ ਦੀ ਜਿੱਤ ਤੋਂ ਪ੍ਰਾਪਤ ਹੋਈ ਪੰਦਰਾਂ ਕਰੋੜ ਰੁਪਏ ਦੀ ਰਾਸ਼ੀ ਮੁੰਬਈ ਅਤੇ ਕੋਲਕਾਤਾ ਦੇ ਕੈਂਸਰ ਪੀੜਤ ਮਰੀਜ਼ਾਂ ਲਈ ਦਾਨ ਕਰ ਦਿੱਤੀ ਸੀ।
ਯਾਦਗਾਰੀ ਫ਼ਿਲਮਾਂ
ਸ਼ਾਹਰੁਖ਼ ਖ਼ਾਨ ਨੇ ਭਾਰਤੀ ਸਿਨੇਮਾ ਨੂੰ ਦਰਜਨਾਂ ਯਾਦਗਾਰੀ ਫ਼ਿਲਮਾਂ ਦਿੱਤੀਆਂ ਹਨ ਜੋ ਕਿ ਭਾਰਤੀ ਸਿਨੇਮਾ ਲਈ ਇੱਕ ਆਧਾਰ ਸਾਬਿਤ ਹੋਈਆਂ ਹਨ। ਇਨ੍ਹਾਂ ‘ਚੋਂ DDLJ, ਰੱਬ ਨੇ ਬਨਾ ਦੀ ਜੋੜੀ, ਪ੍ਰਦੇਸ, ਚੇਨੱਈ ਐੱਕਸਪ੍ਰੈੱਸ, ਮਾਈ ਨੇਮ ਇਜ਼ ਖ਼ਾਨ, ਚੱਕ ਦੇ ਇੰਡਆ, ਡੌਨ, ਪਠਾਨ, ਜਵਾਨ ਆਦਿ ਪ੍ਰਮੁੱਖ ਹਨ। ਇਹ ਫ਼ਿਲਮਾਂ ਭਾਰਤੀ ਸਿਨੇਮਾ ਲਈ ਮਾਰਗਦਰਸ਼ਕ ਬਣ ਗਈਆਂ ਹਨ। ਸ਼ਾਹਰੁਖ਼ ਖ਼ਾਨ ਦੀਆਂ ਇਨ੍ਹਾਂ
ਫ਼ਿਲਮਾਂ ਤੋਂ ਸੇਧ ਲੈ ਕੇ ਬੌਲੀਵੁਡ ਅਤੇ ਦੱਖਣ ਭਾਰਤੀ ਸਿਨੇਮਾ ‘ਚ ਅਨੇਕਾਂ ਫ਼ਿਲਮਾਂ ਬਣਾਈਆਂ ਗਈਆਂ ਹਨ। ਰੱਬ ਕਰੇ ਇਹ ਸਿਤਾਰਾ ਇੱਕ ਲੰਬੇ ਸਮੇਂ ਤਕ ਭਾਰਤੀ ਸਿਨੇਮਾ ਦੇ ਆਸਾਨ ‘ਚ ਚਮਕਦਾ ਰਹੇ।