ਬਿਹਾਰ ਵਿਧਾਨ ਪ੍ਰੀਸ਼ਦ ਚੋਣਾਂ ; ਭਾਜਪਾ ਨੇ 4 ਸੀਟਾਂ ‘ਤੇ ਉਮੀਦਵਾਰਾਂ ਦਾ ਕੀਤਾ ਐਲਾਨ

ਨੈਸ਼ਨਲ ਡੈਸਕ- ਭਾਜਪਾ ਨੇ ਮੰਗਲਵਾਰ ਨੂੰ ਅਗਲੇ ਮਹੀਨੇ ਹੋਣ ਵਾਲੀਆਂ ਬਿਹਾਰ ਵਿਧਾਨ ਪ੍ਰੀਸ਼ਦ ਚੋਣਾਂ ਲਈ 4 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੂਬੇ ਦੀਆਂ 8 ਵਿਧਾਨ ਪ੍ਰੀਸ਼ਦ ਸੀਟਾਂ ਵਿਚੋਂ ਭਾਜਪਾ ਨੇ 3 ਲਈ ਮੌਜੂਦਾ ਵਿਧਾਨ ਪ੍ਰੀਸ਼ਦ ਮੈਂਬਰਾਂ ਨੂੰ ਦੁਬਾਰਾ ਮੈਦਾਨ ’ਚ ਉਤਾਰਿਆ ਹੈ।
ਇਸ ਤੋਂ ਪਹਿਲਾਂ ਬਿਹਾਰ ‘ਚ 5 ਦਲਾਂ ਵਾਲੇ ਰਾਸ਼ਟਰੀ ਜਨਤੰਤਰਿਕ ਗੱਠਜੋੜ (ਐੱਨ. ਡੀ. ਏ.) ਦੇ ਦੂਜੇ ਸਭ ਤੋਂ ਵੱਡੇ ਭਾਈਵਾਲ ਜਨਤਾ ਦਲ-ਯੂਨਾਈਟਿਡ (ਜੇ. ਡੀ. ਯੂ.) ਨੇ 4 ਹੋਰ ਹਲਕਿਆਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ।
ਭਾਜਪਾ ਨੇ ਪਟਨਾ ਟੀਚਰਜ਼, ਕੋਸੀ ਗ੍ਰੈਜੂਏਟਸ ਅਤੇ ਤਿਰਹੁਤ ਗ੍ਰੈਜੂਏਟਸ ਹਲਕਿਆਂ ਤੋਂ ਮੌਜੂਦਾ ਵਿਧਾਨ ਪ੍ਰੀਸ਼ਦ ਮੈਂਬਰਾਂ ਕ੍ਰਮਵਾਰ ਨਵਲ ਕਿਸ਼ੋਰ ਯਾਦਵ, ਡਾ. ਐੱਨ. ਕੇ. ਯਾਦਵ ਅਤੇ ਸਰਵੇਸ਼ ਕੁਮਾਰ ਨੂੰ ਮੁੜ ਆਪਣਾ ਉਮੀਦਵਾਰ ਬਣਾਇਆ ਹੈ। ਪਾਰਟੀ ਨੇ ਤਿਰਹੁਤ ਟੀਚਰਜ਼ ਹਲਕੇ ਤੋਂ ਨਰਿੰਦਰ ਕੁਮਾਰ ਸਿੰਘ ਨੂੰ ਨਾਮਜ਼ਦ ਕੀਤਾ ਹੈ, ਜੋ ਇਸ ਸਮੇਂ ਵਿਰੋਧੀ ਗੱਠਜੋੜ ‘ਇੰਡੀਆ’ ਦੇ ਭਾਈਵਾਲ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀ. ਪੀ. ਆਈ.) ਦੇ ਸੰਜੇ ਕੁਮਾਰ ਸਿੰਘ ਕੋਲ ਹੈ।