ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਪ੍ਰਸਤਾਵ ‘ਤੇ ਸਹਿਮਤੀ ਜ਼ਾਹਰ ਕਰਦਿਆਂ ਬਰਤਾਨੀਆ ਦੇ ਹਾਈ ਕਮਿਸ਼ਨਰ ਸਰ ਡੋਮਿਨਿਕ ਏਸਕੁਇਥ ਨੇ ਖੇਤੀਬਾੜੀ ਵਿਭਿੰਨਤਾ ਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਸੂਬਾ ਸਰਕਾਰ ਨੂੰ ਹਰ ਮਦਦ ਤੇ ਸਹਿਯੋਗ ਦੇਣ ਤੋਂ ਇਲਾਵਾ ਸਥਾਨਕ ਅਧਿਆਪਕਾਂ ਨੂੰ ਸਿਖਲਾਈ ਦੇਣ ਵਾਸਤੇ ਅੰਗਰੇਜ਼ੀ ਭਾਸ਼ਾ ਦੇ ਟਰੇਨਰ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ ਤਾਂ ਜੋ ਇੱਥੋਂ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਲਿਖਣ, ਬੋਲਣ ਅਤੇ ਸੁਣਨ ਦੇ ਹੁਨਰ ਨੂੰ ਨਿਖਾਰਿਆ ਜਾ ਸਕੇ।
ਸਰ ਏਸਕੁਇਥ ਦੀ ਅਗਵਾਈ ਵਾਲੇ ਵਫ਼ਦ ਨੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮਿਲਣ ਮੌਕੇ ਇਹ ਭਰੋਸਾ ਦਿਵਾਇਆ। ਬਰਤਾਨੀਆ ਦੇ ਹਾਈ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਕਿ ਉਹ ਛੇਤੀ ਹੀ ਇਹ ਮੁੱਦਾ ਬ੍ਰਿਟਿਸ਼ ਕੌਂਸਲ ਕੋਲ ਉਠਾਉਣਗੇ ਤਾਂ ਕਿ ਭਾਰਤ ਸਰਕਾਰ ਦੇ ਮਨੁੱਖੀ ਵਸੀਲਿਆਂ ਦੇ ਸਹਿਯੋਗ ਨਾਲ ਚਲਾਏ ਜਾਂਦੇ ਸਿਖਾਂਦਰੂਆਂ ਦੇ ਸਿਖਲਾਈ ਪ੍ਰੋਗਰਾਮ ਵਿੱਚ ਪੰਜਾਬ ਨੂੰ ਸ਼ਾਮਲ ਕੀਤਾ ਜਾ ਸਕੇ। ਇਸ ਦੇ ਹੇਠ ਅਗਲੇ ਤਿੰਨ ਸਾਲਾ ਕੋਰਸ ਦੌਰਾਨ ਸੂਬੇ ਦੇ ਲਗਪਗ ਤਿੰਨ ਹਜ਼ਾਰ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਤੋਂ ਬਾਅਦ ਜੇਕਰ ਲੋੜ ਪਈ ਤਾਂ ਅੰਤਰਰਾਸ਼ਟਰੀ ਪੱਧਰ ਦਾ ਮਿਆਰ ਬਣਾਉਣ ਲਈ ਇਕ ਸਾਲ ਹੋਰ ਅੰਗਰੇਜ਼ੀ ਪੜ੍ਹਾਉਣ ਸਬੰਧੀ ਹੁਨਰ ਨੂੰ ਹੋਰ ਉਭਾਰਿਆ ਜਾਵੇਗਾ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਬਰਤਾਨੀਆ ਤੇ ਪੰਜਾਬ ਦਰਮਿਆਨ ਅਧਿਆਪਕਾਂ ਦੇ ਆਦਾਨ-ਪ੍ਰਦਾਨ ਦੇ ਪ੍ਰੋਗਰਾਮ ਸਬੰਧੀ ਸ. ਬਾਦਲ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ। ਇਸ ਦੇ ਨਾਲ ਅੰਗਰੇਜ਼ੀ ਭਾਸ਼ਾ ਦੇ ਅਧਿਆਪਕਾਂ ਨੂੰ ਉਥੋਂ ਦੇ ਸੱਭਿਆਚਾਰਕ ਤੇ ਸਮਾਜਿਕ ਤਾਣੇ-ਬਾਣੇ ਨੂੰ ਜਾਣਨ ਨੂੰ ਮੌਕਾ ਮਿਲੇਗਾ।
ਮੁੱਖ ਮੰਤਰੀ ਨੇ ਸਰ ਏਸਕੁਇਥ ਨੂੰ ਆਖਿਆ ਕਿ ਉਹ ਸੂਬੇ ਦੇ ਸੂਰ ਪਾਲਕਾਂ ਨੂੰ ਸੂਰ ਪਾਲਣ ਦਾ ਗਿਆਨ ਵਿਗਿਆਨਕ ਲੀਹਾਂ ‘ਤੇ ਮੁਹੱਈਆ ਕਰਵਾਉਣ ਲਈ ਆਖਿਆ ਤਾਂ ਜੋ ਇੱਥੇ ਖੇਤੀ ਸਹਾਇਕ ਧੰਦਿਆਂ ਨੂੰ ਹੁਲਾਰਾ ਦੇਣ ਤੋਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਨੇ ਬਰਤਾਨੀਆ ਦੇ ਹਾਈ ਕਮਿਸ਼ਨਰ ਨੂੰ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਰ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਬ੍ਰਿਟਿਸ਼ ਪਿੱਗ ਐਸੋਸੀਏਸ਼ਨ (ਬੀ.ਪੀ.ਏ.) ਪਹਿਲਾਂ ਹੀ ਇਕ ਸਮਝੌਤੇ ‘ਤੇ ਸਹੀ ਪਾਈ ਹੈ। ਸ. ਬਾਦਲ ਨੇ ਹਾਈ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਇਸ ਸਮਝੌਤੇ ਨੂੰ ਤੇਜ਼ੀ ਵਿੱਚ ਅਮਲ ‘ਚ ਲਿਆਉਣ ਲਈ ਨਿੱਜੀ ਦਖਲ ਦੇਣ ਕਿਉਂਕਿ ਪੰਜਾਬ ਕੋਲ ਅਸਾਮ ਤੇ ਅਰੁਣਾਂਚਲ ਪ੍ਰਦੇਸ਼ ਨੂੰ ਸੂਰ ਦਾ ਮੀਟ ਸਪਲਾਈ ਕਰਨ ਦੀ ਵੱਡੀ ਸਮਰਥਾ ਹੈ। ਸ. ਬਾਦਲ ਨੇ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਬੀ.ਪੀ.ਏ. ਨਾਲ ਪੂਰੀ ਤਰ੍ਹਾਂ ਸੰਪਰਕ ਵਿੱਚ ਹੈ ਤਾਂ ਕਿ ਉਚ ਪੱਧਰ ਦਾ ਵੀਰਜ ਪ੍ਰਾਪਤ ਕਰਕੇ ਸਰਕਾਰੀ ਸੂਰ ਫਾਰਮਾਂ ਵਿੱਚ ਸੂਰਾਂ ਦੀਆਂ ਉਚ ਮਿਆਰ ਨਸਲਾਂ ਵਿਕਸਤ ਕੀਤੀਆਂ ਜਾ ਸਕਣ।
ਸੂਰ ਪਾਲਣ ਲਈ ਸੂਬਾ ਸਰਕਾਰ ਵੱਲੋਂ ਕੀਤੀਆਂ ਪਹਿਲਕਦਮੀਆਂ ਦੀ ਸ਼ਲਾਘਾ ਕਰਦਿਆਂ ਸਰ ਏਸਕੁਇਥ ਨੇ ਸੂਬੇ ਵਿੱਚ ਸੂਰਾਂ ਨੂੰ ਪਾਲਣ ਲਈ ਤਕਨੀਕੀ ਗਿਆਨ ਤੇ ਮੁਹਾਰਤ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਤਾਂ ਜੋ ਸੂਰ ਪਾਲਕਾਂ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ। ਹੁਨਰ ਵਿਕਾਸ ਪ੍ਰੋਗਰਾਮ ਦੇ ਖੇਤਰ ਵਿੱਚ ਸਹਿਯੋਗ ਕਰਨ ਲਈ ਉਤਸੁਕਤਾ ਦਿਖਾਉਂਦੇ ਹੋਏ ਸਰ ਏਸਕੁਇਥ ਤੋਂ ਕਿੱਤਾਕਾਰੀ ਸਿਖਲਾਈ/ਹੁਨਰ ਵਿਕਾਸ ਪ੍ਰੋਗਰਾਮਾਂ ਲਈ ਸਹਿਯੋਗ ਦੀ ਮੰਗ ਕੀਤੀ ਤਾਂ ਕਿ ਨੌਜਵਾਨਾਂ ਨੂੰ ਵਧੀਆ ਹੁਨਰ ਮੁਹੱਈਆ ਕਰਵਾ ਕੇ ਚੰਗੇ ਰੁਜ਼ਗਾਰ ਦੇ ਸਮਰਥ ਬਣਾਇਆ ਜਾ ਸਕੇ।















