ਜਲੰਧਰ : ਹਿਜ਼ਬੁਲ ਮੁਜਾਹਿਦੀਨ ਦੇ ‘ਪੋਸਟਰ ਬੁਆਏ’ ਬੁਰਹਾਨ ਵਾਣੀ ਦੇ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ‘ਚ ਮਾਰੇ ਜਾਣ ਦੇ ਵਿਰੋਧ ਵਿਚ ਦੰਗਾਕਾਰੀਆਂ ਨੇ ਸ਼੍ਰੀ ਅਮਰਨਾਥ ਯਾਤਰਾ ਵਿਚ ਰੁਕਾਵਟ ਪਾਉਂਦੇ ਹੋਏ ਪਹਿਲਗਾਮ ਨੇੜੇ ਗਣੇਸ਼ਪੁਰਾ ‘ਚ 5 ਲੰਗਰਾਂ ਨੂੰ ਅੱਗ ਲਗਾ ਦਿੱਤੀ। ਅੰਬਾਲਾ ਤੋਂ ਅਮਰਨਾਥ ਬਾਬਾ ਸੇਵਾ ਸੰਘ ਦੇ ਪ੍ਰਧਾਨ ਸੁਰੇਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਲਗਭਗ 2000 ਤੋਂ ਵੱਧ ਦੰਗਾਕਾਰੀਆਂ ਨੇ 5 ਲੰਗਰਾਂ ‘ਤੇ ਹਮਲਾ ਬੋਲ ਦਿੱਤਾ, ਲੰਗਰ ਸੰਗਠਨਾਂ ਵੱਲੋਂ ਲਾਏ ਗਏ ਟੈਂਟਾਂ ਨੂੰ ਤੋੜ ਦਿੱਤਾ ਗਿਆ ਤੇ ਲੰਗਰ ਸਮੱਗਰੀ ਤਹਿਸ-ਨਹਿਸ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਲੰਗਰ ਵਾਲੀ ਜਗ੍ਹਾ ‘ਤੇ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਨ। ਲੰਗਰ ਲਾਉਣ ਵਾਲੀਆਂ ਸੰਸਥਾਵਾਂ ਦੇ ਮੈਂਬਰਾਂ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਹ ਪੁਲਸ ਕੋਲ ਕੇਸ ਦਰਜ ਕਰਵਾਉਣ ਗਏ ਤਾਂ ਐੱਸ. ਐੱਚ. ਓ. ਨੇ ਜਵਾਬ ਦਿੱਤਾ ਕਿ ਦਿੱਲੀ ਤੋਂ ਜਦੋਂ ਸੁਰੱਖਿਆ ਆਵੇਗੀ ਤਾਂ ਲੰਗਰ ਵਾਲਿਆਂ ਨੂੰ ਮੁਹੱਈਆ ਕਰਵਾ ਦਿੱਤੀ ਜਾਵੇਗੀ।
ਮੀਰ ਬਾਜ਼ਾਰ ‘ਚ ਲੰਗਰ ਲਾਉਣ ਵਾਲੇ ਜਲਾਲਾਬਾਦ ਦੇ ਸੁਸ਼ੀਲ ਪਰੂਥੀ ਨੇ ਦੱਸਿਆ ਕਿ ਗਣੇਸ਼ਪੁਰਾ ਵਿਚ ਲੰਗਰ ਸੰਗਠਨਾਂ ‘ਚ ਭਾਰੀ ਡਰ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕ ਲੰਗਰ ਲੁਧਿਆਣਾ, ਇਕ ਰਾਜਸਥਾਨ, ਇਕ ਅੰਬਾਲਾ ਤੇ 2 ਹੋਰਨਾਂ ਥਾਵਾਂ ਦੇ ਲੰਗਰਾਂ ਨੂੰ ਅੱਗ ਲਾਈ ਗਈ। ਦੰਗਾਕਾਰੀਆਂ ਨੇ ਲੰਗਰਾਂ ‘ਤੇ ਭਾਰੀ ਪਥਰਾਅ ਵੀ ਕੀਤਾ।
ਸ਼੍ਰੀ ਅਮਰਨਾਥ ਯਾਤਰਾ ਭੰਡਾਰਾ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਰਾਜਨ ਕਪੂਰ ਨੇ ਕੇਂਦਰ ਤੇ ਜੰਮੂ-ਕਸ਼ਮੀਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਅਮਰਨਾਥ ਯਾਤਰਾ ਮਾਰਗ ‘ਤੇ ਲਾਏ ਗਏ ਲੰਗਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਪਹਿਲਗਾਮ ਤੋਂ 10 ਕਿਲੋਮੀਟਰ ਪਹਿਲਾਂ ਗਣੇਸ਼ਪੁਰਾ ਦੀ ਘਟਨਾ ਤੋਂ ਸਬਕ ਲੈਂਦੇ ਹੋਏ ਸੂਬਾ ਸਰਕਾਰ ਨੂੰ ਪ੍ਰਭਾਵਿਤ ਹੋਏ ਲੰਗਰ ਸੰਗਠਨਾਂ ਨੂੰ ਉਚਿਤ ਵਿੱਤੀ ਸਹਾਇਤਾ ਦੇਣੀ ਚਾਹੀਦੀ ਹੈ।
ਸ਼੍ਰੀ ਅਮਰਨਾਥ ਯਾਤਰਾ ਵੈੱਲਫੇਅਰ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਰਜਿੰਦਰ ਸ਼ਰਮਾ ਨੇ ਕਿਹਾ ਕਿ ਬੀਤੇ ਸਾਲ ਵੀ ਬਾਲਟਾਲ ‘ਚ ਦੰਗਾਕਾਰੀਆਂ ਨੇ 9 ਲੰਗਰਾਂ ਨੂੰ ਅੱਗ ਲਗਾ ਦਿੱਤੀ ਸੀ। ਬਾਅਦ ਵਿਚ ਸਰਕਾਰ ਨੇ ਪੀੜਤਾਂ ਨੂੰ ਇਕ-ਇਕ ਲੱਖ ਰੁਪਏ ਦੀ ਮਦਦ ਦਿੱਤੀ ਸੀ ਪਰ ਪ੍ਰਭਾਵਿਤ ਲੰਗਰ ਸੰਸਥਾਵਾਂ ਨੇ ਇਹ ਰਾਸ਼ੀ ਸਰਕਾਰ ਨੂੰ ਵਾਪਸ ਕਰ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਅਜੇ ਤਾਂ ਯਾਤਰਾ ਸ਼ੁਰੂ ਹੋਈ ਹੈ ਜੋ 17 ਅਗਸਤ ਤੱਕ ਚੱਲਣੀ ਹੈ, ਇਸ ਲਈ ਜੰਮੂ-ਕਸ਼ਮੀਰ ਦੇ ਰਾਜਪਾਲ ਨੂੰ ਤੁਰੰਤ ਮਾਮਲੇ ਵਿਚ ਦਖਲ ਦਿੰਦੇ ਹੋਏ ਲੰਗਰ ਸੰਸਥਾਵਾਂ ਨੂੰ ਉਚਿਤ ਆਰਥਿਕ ਸਹਾਇਤਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ਦੇ ਖੇਤਰਾਂ ਤੋਂ ਲੰਗਰ ਸੰਸਥਾਵਾਂ ਅਮਰਨਾਥ ਯਾਤਰਾ ਲਈ ਲੰਗਰ ਲਾਉਂਦੀਆਂ ਹਨ ਪਰ ਦੰਗਾਕਾਰੀਆਂ ਵੱਲੋਂ ਜੰਮੂ-ਕਸ਼ਮੀਰ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ।















