ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਨੇ ਉਮੀਦ ਜਤਾਈ ਹੈ ਕਿ 5 ਅਗਸਤ ਨੂੰ ਜੀ. ਐੱਸ. ਟੀ. ਕੌਸਲ ਦੀ ਹੋਣ ਵਾਲੀ ਸਮੀਖਿਆ ਮੀਟਿੰਗ ‘ਚ ਗੁਰਦੁਆਰੇ ਸਮੇਤ ਸਮੂਹ ਧਾਰਮਿਕ ਸੰਸਥਾਵਾਂ ਨੂੰ ਨਵੇਂ ਟੈਕਸ ‘ਚ ਛੂਟ ਦੇਣ ਦੇ ਮਾਮਲੇ ‘ਤੇ ਵਿਚਾਰ ਕਰਨ ਤੋਂ ਬਾਅਦ ਰਾਹਤ ਮਿਲ ਸਕਦੀ ਹੈ। ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਇੱਥੇ ਸ਼੍ਰੋਮਣੀ ਕਮੇਟੀ ਦੇ ਦਫਤਰ ‘ਚ ਪੱਤਰਕਾਰ ਸੰਮੇਲਨ ਦੌਰਾਨ ਖੁਲਾਸਾ ਕਰਦੇ ਕਿਹਾ ਕਿ ਗੁਰਦੁਆਰੇ, ਜੋ ਸੇਵਾ ਦੇ ਕੇਂਦਰ ਹੈ, ਨੂੰ ਇਸ ਟੈਕਸ ਤੋਂ ਛੂਟ ਦੇਣ ਦੀ ਅਪੀਲ ਕੀਤੀ ਗਈ ਹੈ।
ਇਸ ਸਬੰਧ ‘ਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਨੇਤਾਵਾਂ ਦਾ ਵਫਦ ਵੀ ਕੇਂਦਰ ਸਰਕਾਰ ਨੂੰ ਮਿਲ ਚੁੱਕਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਪੱਤਰ ਭੇਜ ਕੇ ਗੁਰਦੁਆਰਿਆਂ ਨੂੰ ਟੈਕਸ ਤੋਂ ਛੂਟ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਧਰਮ ਨੂੰ ਮੰਨਣ ਵਾਲੇ ਹਨ ਅਤੇ ਕੇਂਦਰੀ ਵਿੱਤ ਮੰਤਰੀ ਤਾਂ ਅੰਮ੍ਰਿਤਸਰ ਨਾਲ ਸਬੰਧਤ ਹਨ। ਇਸ ਲਈ ਉਮੀਦ ਹੈ ਕਿ ਨਵੇਂ ਟੈਕਸ ਨਾਲ ਧਾਰਮਿਕ ਸੰਸਥਾਵਾਂ ਨੂੰ ਛੂਟ ਦਿੱਤੀ ਜਾਵੇਗੀ।
ਬਡੂੰਗਰ ਨੇ ਕਿਹਾ ਹੈ ਕਿ ਸੇਵਾ ਕੇਂਦਰਾਂ ‘ਤੇ ਅਜਿਹਾ ਟੈਕਸ ਲਗਾਉਣਾ ਗਲਤ ਹੈ। ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 33 ਵਰ੍ਹਿਆਂ ਮਗਰੋਂ ਕੋਈ ਸਮਾਨ ਨਾ ਹੋਣ ਦੀ ਗੱਲ ਗਲਤ ਹੈ ਜਦੋਂ ਕਿ ਪਿਛਲੀ ਸਰਕਾਰ ਕੁਝ ਹੋਰ ਦਾਅਵਾ ਕਰ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਿੱਖ ਖਜ਼ਾਨਾ ਵਾਪਸ ਕਰ ਆਪਣੀ ਨੈਤਿਕ ਅਤੇ ਸੰਵਿਧਾਨਕ ਜਿੰਮੇਦਾਰੀ ਪੂਰੀ ਕਰੇ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਲਾਇਬਰੇਰੀ ਦਾ ਖਜ਼ਾਨਾ ਵਾਪਸ ਕਰਨ ਨਾਲ ਪੰਜਾਬ ਦੇ ਹਾਲਾਤ ‘ਤੇ ਕੋਈ ਵੀ ਬੁਰਾ ਪ੍ਰਭਾਵ ਨਹੀਂ ਹੋਵੇਗਾ। ਇਹ ਮਾਮਲਾ ਰਾਸ਼ਟਰਪਤੀ ਕੋਲ ਵੀ ਰੱਖਿਆ ਜਾ ਚੁੱਕਾ ਹੈ ਅਤੇ ਉਨ੍ਹਾਂ ਨੇ ਮਨਜ਼ੂਰੀ ਦੇ ਦਿੱਤੀ ਹੈ। ਸ਼੍ਰੋਮਣੀ ਕਮੇਟੀ ਅੰਡੇਮਾਨ ਨਿਕੋਬਾਰ ਸਥਿਤ ਕਾਲੇ ਪਾਣੀ ਦੀ ਸੈਲੂਲਰ ਜੇਲ ‘ਚ ਸਜ਼ਾਵਾਂ ਭੁਗਤਨ ਵਾਲੇ ਪੰਜਾਬੀਆਂ ਦੀ ਯਾਦ ‘ਚ ਪੰਜਾਬ ‘ਚ ਯਾਦਗਾਰ ਸਥਾਪਿਤ ਕਰਨ ਦੀ ਇਛੁੱਕ ਹੈ।
ਪ੍ਰਧਾਨ ਨੇ ਕਿਹਾ ਕਿ ਉੱਥੇ ਮਿਊਜ਼ੀਅਮ ‘ਚ ਸਿੱਖਾਂ ਦੇ ਇਤਿਹਾਸ ਨੂੰ ਘੱਟ ਕਰਕੇ ਪੇਸ਼ ਕੀਤਾ ਗਿਆ ਹੈ। ਇਸ ਸਬੰਧ ‘ਚ ਇਕ ਪੜਤਾਲੀਆ ਕਮੇਟੀ ਬਣਾਈ ਗਈ ਹੈ ਜਿਸ ਦੀ ਰਿਪੋਰਟ ਮਗਰੋ ਅਗਲੀ ਕਾਰਵਾਈ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ‘ਚ 12 ਦਸੰਬਰ ਨੂੰ ਫਿਰੋਜ਼ਪੁਰ ਗੁਰਦੁਆਰਾ ਗੁਰੂਸਰ ਬਜੀਪੁਰ ਵਿਖੇ ਸਮਾਗਮ ਕਰ ਕੇ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਦੇਵੇਗੀ। ਇਸੇ ਤਰ੍ਹਾਂ ਜੈਤੋ ਮੋਰਚੇ ਦੇ ਸ਼ਹੀਦਾਂ ਦੀ ਯਾਦ ‘ਚ ਨਾਭਾ ਸਥਿਤ ਗੁਰਦੁਆਰਾ ਅਕਾਲਗੜ੍ਹ ਵਿਖੇ ਸ਼ਹੀਦੀ ਸਮਾਗਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੋਗਾ ਦੀ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਸ਼੍ਰੋਮਣੀ ਕਮੇਚੀ ਵੱਲੋਂ ਇਕ ਲੱਖ ਰੁਪਏ ਦੇ ਕੇ ਸਨਮਾਨਤ ਕੀਤਾ ਗਿਆ।















