ਪੰਜਾਬ ਸਰਕਾਰ ਪਨਾਮਾ ਵਿਖੇ ਵਿਸ਼ੇਸ਼ ਟੀਮ ਭੇਜੇਗੀ

3ਚੰਡੀਗੜ  : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਕਿਹਾ ਹੈ ਕਿ ਪਨਾਮਾ ਕਿਸ਼ਤੀ ਦੁਖਾਂਤ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਇਕ ਟੀਮ ਛੇਤੀ ਹੀ ਅਮਰੀਕਾ ਰਵਾਨਾ ਕੀਤੀ ਜਾਵੇ ਤਾਂ ਜੋ ਇਨਸਾਨੀ ਤਸਕਰੀ ਦੇ ਰੈਕਟ ਦਾ ਖੁਲਾਸਾ ਹੋ ਸਕੇ।
ਸ. ਬਾਦਲ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਟੈਲੀਫੋਨ ਉੱਤੇ ਗੱਲਬਾਤ ਕੀਤੀ ਜਿਨ•ਾਂ ਨੇ ਉੱਪ ਮੁੱਖ ਮੰਤਰੀ ਨੂੰ ਯਕੀਨ ਦਿਵਾਇਆ ਕਿ ਕੇਂਦਰ ਸਰਕਾਰ ਵੱਲੋਂ ਪੀੜਤਾਂ ਨਾਲ ਤੁਰੰਤ ਰਾਬਤਾ ਕਾਇਮ ਕੀਤਾ ਜਾਵੇਗਾ। ਗੱਲਬਾਤ ਦੌਰਾਨ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ ਨੂੰ ਅਮਰੀਕਾ ਭੇਜਿਆ ਜਾਵੇਗਾ ਤਾਂ ਜੋ ਇਸ ਦੁਖਾਂਤ ਵਿਚੋਂ ਬਚ ਨਿਕਲੇ ਲੋਕਾਂ ਦੀ ਖੋਜ ਕੀਤੀ ਜਾ ਸਕੇ।
ਉੱਪ ਮੁੱਖ ਮੰਤਰੀ ਨੇ ਅਗਾਂਹ ਕਿਹਾ ਕਿ ਇਹ ਰਿਪੋਰਟ ਬਹੁਤ ਹੀ ਚਿੰਤਾਜਨਕ ਹੈ ਜਿਸ ਅਨੁਸਾਰ ਪਨਾਮਾ ਨੇੜੇ ਡੁੱਬੀ ਕਿਸ਼ਤੀ ਵਿਚ ਪੰਜਾਬ ਦੇ 25 ਨੌਜਵਾਨ ਵੀ ਸ਼ਾਮਲ ਸਨ। ਇਹ ਨੌਜਵਾਨ ਕਥਿਤ ਤੌਰ ‘ਤੇ ਗੈਰਕਾਨੂਨੀ ਢੰਗ ਨਾਲ ਅਮਰੀਕਾ ਜਾ ਰਹੇ ਸਨ, ਜਦੋਂ ਇਹ ਹਾਦਸਾ ਹੋਇਆ। ਇਹ ਦੁਖਾਂਤ 10 ਜਨਵਰੀ ਨੂੰ ਵਾਪਰਿਆ ਅਤੇ ਨੌਜਵਾਨਾਂ ਦੇ ਮਾਪਿਆਂ ਨੂੰ ਇਸ ਬਾਰੇ 12-13 ਜਨਵਰੀ ਨੂੰ ਪਤਾ ਲੱਗਿਆ। ਸ. ਬਾਦਲ ਨੇ ਕਿਹਾ ਕਿ ਇਹ ਦੁਖਾਂਤ ਕੋਲੰਬੀਆ ਦੇ ਟਰਬੋ ਨਾਂ ਦੇ ਬੰਦਰਗਾਹੀ ਸ਼ਹਿਰ ਅਤੇ ਨੇੜਲੇ ਦੱਖਣੀ ਅਮਰੀਕੀ ਦੇਸ਼ ਪਨਾਮਾ ਦਰਮਿਆਨ ਸਮੁੰਦਰੀ ਇਲਾਕੇ ਵਿਚ ਵਾਪਰਿਆ।
ਉੱਪ ਮੁੱਖ ਮੰਤਰੀ ਨੇ ਪੰਜਾਬ ਦੇ ਡੀਜੀਪੀ ਅਤੇ ਐਸਐਸਪੀ ਕਪੂਰਥਲਾ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਮਨੁੱਖੀ ਤਸਕਰੀ ਵਿਚ ਸ਼ਾਮਲ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਵਿੱਢਣ ਲਈ ਕਿਹਾ ਹੈ। ਕਪੂਰਥਲਾ ਪੁਲਿਸ ਨੇ ਆਈਪੀਸੀ ਦੀ ਧਾਰਾ 420 (ਧੋਖਾਧੜੀ) ਅਤੇ 406 (ਵਿਸ਼ਵਾਸ ਤੋੜਨ ਦਾ ਮਾਮਲਾ) ਅਤੇ ਇਮੀਗ੍ਰੇਸ਼ਨ ਐਕਟ ਦੀਆਂ ਵੱਖੋ-ਵੱਖ ਧਾਰਾਵਾਂ ਤਹਿਤ ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕਿਸ਼ਤੀ ਵਿਚ ਸਵਾਰ ਨੌਜਵਾਨਾਂ ਦੀ ਗਿਣਤੀ ਦਾ ਪਤਾ ਲਾਉਣ ਲਈ ਟਰੈਵਲ ਏਜੰਟਾਂ ਤੋਂ ਪੁੱਛਗਿੱਛ ਹੋ ਸਕਦੀ ਹੈ।