ਪੰਜਾਬ ਦੇ ਪਾਣੀਆਂ ਦਾ ਮਾਮਲਾ

main-news-300x150ਸਤਲੁਜ ਜਮੁਨਾ ਸੰਪਰਕ ਨਹਿਰ ਦਾ ਮੁੱਦਾ ਇੱਕ ਵਾਰ ਫ਼ਿਰ ਜ਼ੋਰ ਸ਼ੋਰ ਨਾਲ ਚਰਚਾ ਵਿੱਚ ਆਇਆ ਹੈ। ਪੰਜਾਬ ਵਿਰੋਧੀ ਤਾਕਤਾਂ ਦੇ ਪੰਜਾਬ ਨੂੰ ਬੰਜਰ ਬਣਾਉਣ ਦੇ ਮਨਸੂਬੇ ਨਾਲ ਕਿਸਾਨਾਂ ਦੀ ਤਕਰੀਬਨ ਸਾਢੇ ਪੰਜ ਹਜ਼ਾਰ ਏਕੜ ਜ਼ਮੀਨ ਦੀ ਹਿੱਕ ‘ਤੇ ਬਣਾਈ ਇਹ ਨਹਿਰ ਪੰਜਾਬ ਦੇ ਜਾਇਆਂ ਨੇ ਵਗਣ ਨਹੀਂ ਦਿੱਤੀ। ਕੇਂਦਰ ਵਲੋਂ ਰਿਪੇਰੀਅਨ ਕਨੂੰਨ ਦੀ ਅਣਦੇਖੀ ਕਰ ਕੇ ਪੰਜਾਬ ਦੇ ਪਾਣੀਆਂ ਨੂੰ ਪੰਜਾਬ ਤੋਂ ਖੋਹ ਕੇ ਧੱਕੇ ਨਾਲ ਗੁਆਂਢੀ ਸੂਬਿਆਂ ਨੂੰ ਦੇਣ ਦੇ ਰੋਸ ਵਜੋਂ ਪੰਜਾਬ ਦੀ ਜੁਆਨੀ ਨੇ ਰੱਜ ਕੇ ਖ਼ੂਨ ਵਹਾਇਆ ਹੈ। ਇਸ ਨਹਿਰ ਦਾ ਅਤੀਤ ਪੰਜਾਬ ਦੇ ਉਸ ਖ਼ੂਨੀ ਦਹਾਕੇ ਦੀ ਦਿਲ ਕੰਬਾਊ ਯਾਦ ਨੂੰ ਵੀ ਤਾਜ਼ਾ ਕਰ ਦਿੰਦਾ ਹੈ ਜਿਸ ਤੋਂ ਸੁਰੂ ਹੋਇਆ ਇਹ ਦੌਰ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੀ ਜੁਆਨੀ ਦੇ ਖ਼ਾਤਮੇ ਤਕ ਦਹਾਕਾ ਭਰ ਲਗਾਤਾਰ ਚਲਦਾ ਰਿਹਾ। ਇਸ ਦਹਾਕੇ ਨੇ ਪੰਜਾਬ ਦੇ ਹਜ਼ਾਰਾਂ ਘਰਾਂ ਦੇ ਦੀਵੇ ਗੁੱਲ ਕਰ ਦਿੱਤੇ, ਵਸਦੇ ਰਸਦੇ ਘਰ ਹਮੇਸ਼ਾਂ ਹਮੇਸ਼ਾਂ ਲਈ ਉਜੜ ਕੇ ਖੰਡਰ ਬਣ ਗਏ, ਪੰਜਾਬ ਦੇ ਸਿਵਿਆਂ ਦਾ ਬਾਲਣ ਮੁੱਕ ਗਿਆ ਪਰ ਲਾਸ਼ਾਂ ਨਹੀਂ ਮੁੱਕੀਆਂ, ਪੰਜਾਬ ਦੀ ਖ਼ੁਸ਼ਹਾਲੀ ਨੂੰ ਮੁਕੰਮਲ ਬਰੇਕਾਂ ਲੱਗ ਗਈਆਂ। ਕੇਂਦਰ ਦੇ ਚਲਾਕ ਹਾਕਮਾਂ ਵਲੋਂ ਪੰਜਾਬ ਦੀ ਚੁਣ ਚੁਣ ਕੇ ਖ਼ਤਮ ਕੀਤੀ ਇੱਕ ਪੀਹੜੀ ਦਾ ਖ਼ਰਚਾ ਵੀ ਪੰਜਾਬ ਸਿਰ ਪਾ ਦਿੱਤਾ ਗਿਆ, ਜਿਹੜਾ ਅੱਜ ਕੇਂਦਰੀ ਹਕੂਮਤਾਂ ਦੀਆਂ ਬਦਨੀਤੀਆਂ ਅਤੇ ਸੂਬਾ ਸਰਕਾਰਾਂ ਦੀਆਂ ਭਰਿਸ਼ਟ ਨਲਾਇਕੀਆਂ ਕਾਰਨ ਡੇਢ ਲੱਖ ਕਰੋੜ ਤੋਂ ਉੱਪਰ ਪਹੁੰਚ ਚੁੱਕਾ ਹੈ।
ਨਹਿਰ ਮੁਕੰਮਲ ਨਹੀਂ ਹੋਈ, ਪਰ ਇੱਕ ਵਾਰੀ ਪੰਜਾਬ ਦੀ ਜੁਆਨੀ ਨੂੰ ਮੁਕੰਮਲ ਰੂਪ ਵਿੱਚ ਖ਼ਤਮ ਕਰ ਦਿੱਤਾ ਗਿਆ। ਪੰਜਾਬ ਦੇ ਪਾਣੀਆਂ ਸਮੇਤ ਸਾਰੀਆਂ ਹੀ ਹੱਕੀ ਮੰਗਾਂ ਨੂੰ ਮਨਵਾਉਣ ਲਈ ਮੋਰਚੇ ਤਾਂ ਬਹੁਤ ਵਾਰ ਲੱਗੇ, ਪਰ ਉਹ ਮੋਰਚੇ ਸਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਸਤਾ ਭੁੱਖ ਪੂਰੀ ਕਰਨ ਤੋਂ ਸਿਵਾਏ ਹੋਰ ਕਿਸੇ ਵੀ ਕੌਮੀ ਪ੍ਰਾਪਤੀ ਤੋਂ ਬਗੈਰ ਹੀ ਦਮ ਤੋੜਦੇ ਰਹੇ। ਪੰਜਾਬ ਦੇ ਇਤਿਹਾਸ ਵਿੱਚ ਪਾਣੀਆਂ ਨੂੰ ਬਚਾਉਣ ਲਈ ਲੱਗਿਆ 1982 ਦਾ ਧਰਮਯੁੱਧ ਮੋਰਚਾ ਸਿੱਖ ਨਸਲਕੁਸ਼ੀ ਦੀ ਸ਼ੁਰੂਆਤ ਵਾਲਾ ਸਭ ਤੋਂ ਵੱਡਾ ਮੋਰਚਾ ਹੋ ਨਿਬੜਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦੀ ਸਮੁੱਚੀ ਲੀਡਰਸ਼ਿੱਪ ਨੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਇਸ ਮੋਰਚੇ ਨੂੰ ਸਿਖਰ ‘ਤੇ ਪਾਹੁੰਚਾਇਆ ਅਤੇ ਫ਼ਿਰ ਆਪ ਹੀ ਕੇਂਦਰ ਨਾਲ ਗੰਢਤੁੱਪ ਕਰ ਕੇ ਸ੍ਰੀ ਅਕਾਲ ਤਖ਼ਤ ਸਹਿਬ ‘ਤੇ ਫ਼ੌਜੀ ਹਮਲਾ ਕਰਵਾਇਆ। ਅਕਾਲੀਆਂ ਨੇ ਪੰਜਾਬ ਦੀਆਂ ਮੰਗਾ ਮਨਵਾਉਣ ਨਾਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗੇ ਵਿਰੋਧੀਆਂ ਨੂੰ ਰਾਹ ਚੋਂ ਹਟਾਉਣ ਨੂੰ ਵਧੇਰੇ ਤਰਜੀਹ ਦਿੱਤੀ, ਨਤੀਜੇ ਵਜੋਂ ਕੇਂਦਰ ਦੀ ਇੰਦਰਾ ਗਾਂਧੀ ਸਰਕਾਰ ਨੇ ਭਾਰਤੀ ਫ਼ੌਜਾਂ ਨੂੰ ਹਰਮੰਦਰ ਸਹਿਬ ਸਮੇਤ ਪੰਜਾਬ ਦੇ ਤਿੰਨ ਦਰਜਨ ਤੋਂ ਵੱਧ ਗੁਰਦੁਆਰਿਆਂ ‘ਤੇ ਹਮਲੇ ਦਾ ਹੁਕਮ ਦੇ ਦਿੱਤਾ।
ਉਸ ਸਮੇਂ ਦੀ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਿੱਥੇ ਭਾਰਤੀ ਫ਼ੌਜ ਦੇ ਜਰਨੈਲਾਂ ਨੂੰ ਸੰਤ ਭਿੰਡਰਾਂਵਾਲਿਆਂ ਨੂੰ ਸਾਥੀਆਂ ਸਮੇਤ ਖ਼ਤਮ ਕਰਨ ਲਈ ਕਿਸੇ ਵੀ ਹੱਦ ਤਕ ਜਾਣ ਦੀ ਖੁੱਲ੍ਹ ਦਿੱਤੀ ਹੋਈ ਸੀ ਉਥੇ ਦਰਬਾਰ ਸਹਿਬ ਸ੍ਰੀ ਅਮ੍ਰਿਤਸਰ ਸਹਿਬ ਵਿੱਚ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਕਿਸੇ ਵੀ ਤਰਾਂ ਦਾ ਜ਼ਰਾ ਜਿੰਨਾ ਵੀ ਨੁਕਸਾਨ ਪਾਹੁਚਾਉਂਣ ਤੋਂ ਸਖ਼ਤੀ ਨਾਲ ਵਰਜਿਆ ਗਿਆ ਸੀ। ਅਕਾਲੀ ਆਗੂਆਂ ਪ੍ਰਤੀ ਕੇਂਦਰ ਦੀ ਇੰਦਰਾ ਸਰਕਾਰ ਦੇ ਹੇਜ ਨੂੰ ਸ੍ਰੀ ਹਰਮੰਦਰ ਸਹਿਬ ‘ਤੇ ਹਮਲਾ ਕਰਨ ਵਾਲੀ ਭਾਰਤੀ ਫ਼ੌਜ ਦੇ ਕਮਾਂਡਰ ਰਹੇ ਜਰਨਲ ਕੁਲਦੀਪ ਸਿੰਘ ਬਰਾੜ ਨੇ ਆਪਣੀ ਕਿਤਾਬ ”ਬਲੂ ਸਟਾਰ ਦੀ ਸੱਚੀ ਕਹਾਣੀ” ਵਿੱਚ ਨੰਗਿਆਂ ਕੀਤਾ ਹੈ। ਇਸ ਫ਼ੌਜੀ ਹਮਲੇ ਦੇ ਅੰਤ ਤੋਂ ਬਾਅਦ ਕੋਈ ਇੱਕ ਦਹਾਕਾ ਖ਼ੂਨ ਦੀ ਹੋਲੀ ਖੇਡਦੇ ਪੰਜਾਬ ਨੇ ਜੋ ਸੰਤਾਪ ਭੁਗਤਿਆ ਉਸ ਲਈ ਕੇਂਦਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਪੂਰੀ ਤਰਾਂ ਜ਼ਿੰਮੇਵਾਰ ਹੈ ਜਿਸ ਨੇ ਅੰਦਰ ਖਾਤੇ ਕੇਂਦਰ ਨਾਲ ਗੁਪਤ ਸਮਝੌਤੇ ਕਰ ਕੇ ਆਪਣੀ ਚੌਧਰ ਦੀ ਭੁੱਖ ਨੂੰ ਪੂਰਾ ਕਰਨ ਲਈ ਪੰਜਾਬ ਨੂੰ ਬਲਦੀ ਦੇ ਬੁੱਥੇ ਦਿੱਤਾ। ਪੰਜਾਬ ਦੇ ਲੋਕਾਂ ਨੇ ਸਰਕਾਰੀ ਅਤੇ ਗ਼ੈਰ-ਸਰਕਾਰੀ ਅਤੰਕ ਦਾ ਹਰ ਜਬਰ ਆਪਣੇ ਪਿੰਡੇ ‘ਤੇ ਹੰਢਾਇਆ। ਖਾੜਕੂ ਸਿੱਖ ਲਹਿਰ ਨੂੰ ਬਦਨਾਮ ਕਰਨ ਲਈ ਏਜੰਸੀਆਂ ਦੀ ਘੁਸਪੈਠ ਤੋਂ ਬਾਅਦ ਜੋ ਨਿਹੱਥੇ ਗ਼ੈਰ-ਸਿੱਖ ਅਤੇ ਬੇਦੋਸ਼ਿਆਂ ਦੇ ਸਮੂਹਿਕ ਕਤਲ ਹੋਏ। ਖਾੜਕੂਆਂ ਅਤੇ ਪੁਲਿਸ ਪਰਿਵਾਰਾਂ ਦੇ ਕਤਲ ਕਰਵਾ ਕੇ ਕੇਂਦਰ ਵਲੋਂ ਪੰਜਾਬ ਦੀ ਆਜ਼ਾਦੀ ਦੀ ਲੜਾਈ ਨੂੰ ਭਰਾ ਮਾਰੂ ਜੰਗ ਵਿੱਚ ਬਦਲਿਆ ਗਿਆ, ਅਤੇ ਉਹ ਸਾਰਾ ਕੁਝ ਅਕਾਲੀ ਦਲ ਦੀ ਲੀਡਰਸ਼ਿੱਪ ਦੀ ਸਹਿਮਤੀ ਨਾਲ ਹੋਇਆ।
ਪੰਜਾਬ ਦੀ ਇੱਕ ਪੀੜ੍ਹੀ ਦੀਆਂ ਲਾਸ਼ਾਂ ਉੱਪਰ ਦੀ ਦੜੰਗੇ ਮਾਰ ਕੇ ਲੰਘਣ ਵਾਲੇ ਕਾਂਗਰਸੀ ਅਤੇ ਅਕਾਲੀਆਂ ਨੇ ਪੰਜਾਬ ਦੇ ਪਾਣੀਆਂ ਸਮੇਤ ਸਾਰੇ ਹੀ ਮੁੱਦੇ ਭੁਲਾ ਕੇ ਮਹਿਜ਼ ਰਾਜ ਭਾਗ ਹਥਿਆਉਣ ਨੂੰ ਹੀ ਆਪਣਾ ਨਿਸ਼ਾਨਾ ਬਣਾ ਲਿਆ ਸੀ। ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨ ਵਾਲੀ ਸਾਜਿਸ਼ੀ ਫ਼ਸਲ ਝੋਨੇ ਦੀ ਪੰਜਾਬ ਵਿੱਚ ਵਧੀ ਪੈਦਾਵਾਰ ਨੇ ਜਿੱਥੇ ਭੁੱਖੇ ਮਰਦੇ ਭਾਰਤ ਦੇ ਲੋਕਾਂ ਦਾ ਢਿੱਡ ਭਰਿਆ ਉਥੇ ਪੰਜਾਬ ਦੇ ਧਰਤੀ ਹੋਠਲੇ ਪਾਣੀ ਨੂੰ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ। ਇਹ ਗਹਿਰੀਆਂ ਸਾਜ਼ਿਸ਼ਾਂ ਨਾਲ ਭਰਪੂਰ ਹਮਲੇ ਕਿਸੇ ਅਤਿਵਾਦ ਤੋਂ ਘੱਟ ਨਹੀਂ ਸਮਝੇ ਜਾਣੇ ਚਾਹੀਦੇ। ਇਹ ਕਦਮ ਦਰ ਕਦਮ ਅਪਨਾਏ ਹੋਏ ਪੰਜਾਬ ਮਾਰੂ ਮਨਸੂਬਿਆਂ ਦਾ ਤਰਤੀਬਵਾਰ ਚੱਲ ਰਿਹਾ ਇੱਕ ਅਜਿਹਾ ਪ੍ਰਵਾਹ ਹੈ ਜਿਸ ਨੂੰ ਰੋਕਣ ਜਾਂ ਸਮਝਣ ਤੋਂ ਪੰਜਾਬ ਦੇ ਲੋਕ ਸਦਾ ਹੀ ਬੇਖ਼ਬਰ ਰਹੇ। ਅੱਜ ਹਾਲਾਤ ਇਹ ਬਣ ਗਏ ਹਨ ਕਿ ਕੁਦਰਤੀ ਦਾਤ ਵਜੋਂ ਪਰਾਪਤ ਹੋਣ ਵਾਲਾ ਧਰਤੀ ਹੇਠਲਾ ਪਾਣੀ ਜਿੱਥੇ ਖ਼ਤਰਨਾਕ ਹੱਦ ਤੋਂ ਵੀ ਥੱਲੇ ਚਲਾ ਗਿਆ ਹੈ ਉਥੇ ਆਪਣੀ ਸ਼ੁੱਧਤਾ ਗੁਆ ਕੇ ਜਹਿਰੀਲੇ ਰਸਾਇਣਾਂ ਕਾਰਨ ਅਪਵਿੱਤਰ ਵੀ ਹੋ ਚੁੱਕਾ ਹੈ। ਉਧਰ ਪੰਜ ਦਰਿਆਵਾਂ ਵਾਲੇ ਪੰਜਾਬ ਨੂੰ ਵਿਚਕਾਰ ਤੋਂ ਚੀਰ ਕੇ ਸਨ ਸੰਤਾਲੀ ਵਿੱਚ ਹੀ ਅਪਾਹਜ ਬਣਾ ਦੇਣ ਵਾਲੇ ਪੰਜਾਬ ਦੁਸ਼ਮਣ ਲੋਕਾਂ ਨੇ ਪੰਜਾਬ ਦੇ ਹਿੱਸੇ ਦੇ ਦਰਿਆਈ ਪਾਣੀਆਂ ‘ਚੋਂ ਵੀ ਧੱਕੇ ਨਾਲ ਦੂਜੇ ਸੂਬਿਆਂ ਨੂੰ ਦਿੱਤਾ ਹੋਇਆ ਹੈ ਅਤੇ ਪੰਜਾਬ ਦੀ ਲੋੜ ਪੂਰੀ ਕਰਨ ਤੋਂ ਵੀ ਘੱਟ ਬਚਦੇ ਪਾਣੀ ਨੂੰ ਖੋਹਣ ਦੀਆਂ ਸਾਜ਼ਿਸ਼ਾਂ ਲਗਾਤਾਰ ਜਾਰੀ ਹਨ। ਅੱਜ ਹਲਾਤ ਇਹ ਬਣ ਗਏ ਹਨ ਕਿ ਪੰਜ ਆਬਾਂ ਵਾਲਾ ਸੂਬਾ ਖੁਦ ਪਾਣੀ ਖੁਣੋਂ ਪਿਆਸਾ ਦਮ ਤੋੜਦਾ ਜਾ ਰਿਹਾ ਹੈ। ਹੁਣ ਜਦੋਂ ਸੂਬੇ ਦੇ ਚੌਧਰੀਆਂ ਦੀ ਨਿੱਜੀ ਲੋਭ ਲਾਲਸਾਵਾਂ ਕਾਰਨ ਹੋਈ ਬਦਨੀਤੀ ਕਰ ਕੇ ਪੰਜਾਬ ਦੇ ਪਾਣੀ ਲੱਗਭੱਗ ਗੁਆ ਹੀ ਚੁੱਕੇ ਹਨ ਅਤੇ ਪਾਣੀਆਂ ਸਬੰਧੀ ਬੇ-ਇਨਸਾਫ਼ੀ ਵਾਲਾ ਫ਼ੈਸਲਾ ਕੇਂਦਰ ਨੇ ਭਾਰਤ ਦੀ ਸਰਬ ਉੱਚ ਅਦਾਲਤ ਵਿੱਚ ਵਿਚਾਰ ਅਧੀਨ ਰੱਖ ਕੇ ਪੰਜਾਬ ਦੇ ਸਾਹ ਸੁਕਾਏ ਹੋਏ ਹਨ।
ਅਜਿਹੀ ਸਥਿੱਤੀ ਵਿੱਚ ਵੀ ਜੇਕਰ ਪੰਜਾਬ ਦੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਨੇ 2016 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜਰ ਸਿਆਸੀ ਪੈਂਤੜੇ ਖੇਡਣ ਵਿੱਚ ਮੁਹਾਰਤ ਦਿਖਾਉਣੀ ਜਾਰੀ ਰੱਖੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਇਹਨਾਂ ਸਿਆਸੀ ਆਗੂਆਂ ਦੀ ਨਮਕ ਹਰਾਮੀ ਕਾਰਨ ਪਾਣੀ ਖੁਣੋਂ ਤੜਫ਼ ਤੜਫ਼ ਕੇ ਮਰ ਰਿਹਾ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਪੰਜਾਬ ਵਿਧਾਨ ਸਭਾ ਵਿੱਚ ਸਤਲੁਜ ਜਮਨਾ ਸੰਪਰਕ ਨਹਿਰ ਦਾ ਮੁੱਦਾ ਹੀ ਖ਼ਤਮ ਕਰ ਦੇਣ ਵਾਲਾ ਫ਼ੈਸਲਾ ਪੰਜਾਬ ਸਰਕਾਰ ਦਾ ਲੋਕਾਂ ‘ਤੇ ਕੋਈ ਅਹਿਸਾਨ ਨਹੀਂ ਬਲਕਿ ਉਸ ਦਾ ਫ਼ਰਜ਼ ਹੈ ਜਿਸ ਨੂੰ ਸਰਕਾਰ ਨੂੰ ਇਮਾਨਦਾਰੀ ਨਾਲ ਪੂਰਾ ਕਰਨਾ ਚਾਹੀਦਾ ਹੈ। ਇਹ ਅਹਿਸਾਸ ਵੀ ਇਹਨਾਂ ਰਾਜਨੀਤਕ ਲੋਕਾਂ ਨੂੰ ਹੋ ਜਾਣਾ ਚਾਹੀਦਾ ਹੈ ਕਿ ਜੇਕਰ ਇਹਨਾਂ ਨੇ ਸੂਬੇ ਦੇ ਹਿਤਾਂ ਖ਼ਿਲਾਫ਼ ਕੋਈ ਗੁਪਤ ਸਮਝੌਤਾ ਕੇਂਦਰ ਨਾਲ ਕਰ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਲੋਕ ਹੁਣ ਚੁੱਪ ਨਹੀਂ ਬੈਠਣਗੇ। ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਜੇਕਰ ਉਹਨਾਂ ਵਲੋਂ ਹੁਣ ਵੀ ਕੋਈ ਅਜਿਹੀ ਸਾਜ਼ਿਸ਼ ਘੜਨ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਪੰਜਾਬ, ਪੰਜਾਬੀਅਤ ਅਤੇ ਸਿੱਖ ਨੌਜਵਾਨਾਂ ਨੂੰ ਕਿਸੇ ਮਚਦੀ ਅੱਗ ਵਿੱਚ ਧਕੇਲਣ ਲਈ ਬਣਾਈ ਗਈ ਹੋਵੇ ਤਾਂ ਉਹ ਇਹ ਸਮਝ ਲੈਣ ਕਿ ਹੁਣ ਉਸ ਅੱਗ ਦਾ ਸੇਕ ਉਹਨਾਂ ਦੇ ਪਰਿਵਾਰਾਂ ਤਕ ਵੀ ਜ਼ਰੂਰ ਪੁੱਜੇਗਾ, ਅਤੇ ਇਹ ਸੇਕ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਪ੍ਰਭਾਵਤ ਕਰਦਾ ਰਹੇਗਾ। ਇਸ ਬਹੁਤ ਹੀ ਨਾਜ਼ੁਕ ਸਮੇਂ ਵਿੱਚ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੀਆਂ ਚਤਰ ਚਲਾਕੀਆਂ ਤੋ ਸੁਚੇਤ ਰਹਿਣ ਦੀ ਲੋੜ ਹੈ ਤਾਂ ਕਿ ਇਹ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ”ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ” ਵਾਲੀ ਕਹਾਵਤ ਨੂੰ  ਅਮਲ ਵਿੱਚ ਲਿਆ ਕੇ ਪੰਜਾਬ ਨਾਲ ਧੋਖਾ ਨਾ ਕਰ ਸਕਣ।
ਬਘੇਲ ਸਿੰਘ ਧਾਲੀਵਾਲ
99142-58142