ਬਟਾਲਾ- ਥਾਣਾ ਬਟਾਲਾ ਅਧੀਨ ਪੈਂਦੇ ਕਸਬਾ ਫਤਿਹਗੜ੍ਹ ਚੂੜੀਆਂ ਵਿੱਚ ਰੇਲਵੇ ਰੋਡ ’ਤੇ ਸਥਿਤ ਕਰਨ ਪੈਲੇਸ ਵਿੱਚ ਅੱਗ ਲੱਗ ਗਈ। ਜਿਸ ਕਾਰਨ ਪੈਲੇਸ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਸ ਅਤੇ ਸਥਾਨਕ ਲੋਕ ਇਕੱਠੇ ਹੋ ਗਏ।
ਜਾਣਕਾਰੀ ਦਿੰਦਿਆਂ ਮਾਲਕ ਤਰਸੇਮ ਸਿੰਘ ਦੇ ਭਤੀਜੇ ਗੁਰਿੰਦਰਬੀਰ ਸਿੰਘ ਰਾਜੂ ਨੇ ਦੱਸਿਆ ਕਿ ਪੈਲੇਸ ਵਿਚ ਵਿਆਹਾਂ ਸਮਾਰੋਹਾਂ ਦਾ ਕੰਮ ਬੰਦ ਹੋਣ ਕਾਰਨ ਅਜੇ ਪੈਲੇਸ ਬੰਦ ਪਿਆ ਸੀ। ਸਵੇਰੇ ਪੈਲੇਸ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਜਦੋਂ ਪੈਲੇਸ ‘ਚੋਂ ਕਾਫ਼ੀ ਧੂੰਆਂ ਨਿਕਲਦਾ ਵੇਖਿਆ ਤਾਂ ਉਨ੍ਹਾਂ ਨੇ ਤੁਰੰਤ ਫੋਨ ਕਰਕੇ ਸੂਚਿਤ ਕੀਤਾ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਲੱਖਾਂ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।















