ਪੰਜਾਬ ‘ਚ ਫੜੀ ਗਈ ਕਰੋੜਾਂ ਦੀ ਹੈਰੋਇਨ, ਹਥਿਆਰਾਂ ਸਣੇ ਤਸਕਰ ਗ੍ਰਿਫ਼ਤਾਰ

ਤਰਨਤਾਰਨ : ਸੀਆਈਏ ਸਟਾਫ ਤਰਨਤਾਰਨ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 3 ਕਿੱਲੋ 116 ਗ੍ਰਾਮ ਹੈਰੋਇਨ, ਇਕ ਪਿਸਤੌਲ 30 ਬੋਰ, ਇਕ ਪਿਸਤੌਲ ਗਲੋਕ 9 ਐੱਮਐੱਮ, 2 ਮੋਬਾਈਲ ਫੋਨ ਅਤੇ ਇਕ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕਰਨ ਵਿਚ ਸਫਲਤਾ ਹਾਂਸਲ ਕੀਤੀ ਹੈ। ਇਸ ਸੰਬੰਧ ਵਿਚ ਥਾਣਾ ਖਾਲੜਾ ਵਿਖੇ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਕੇ ਪੁਲਸ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਪਿੰਡ ਬਾਸਰਕੇ ਦੀ ਦਾਣਾ ਮੰਡੀ ਵਿਖੇ ਲਗਾਏ ਗਏ ਨਾਕੇ ਦੌਰਾਨ ਇਕ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਜਗਦੀਪ ਸਿੰਘ ਪੁੱਤਰ ਤੇਗਾ ਸਿੰਘ ਵਾਸੀ ਡੁਗਰੀ ਅਤੇ ਆਕਾਸ਼ ਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਮਾੜੀ ਉਦੋਕੇ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ।
ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗੁਪਤ ਸੂਚਨਾ ਦੇ ਆਧਾਰ ਉੱਪਰ ਗ੍ਰਿਫਤਾਰ ਕਰਦੇ ਹੋਏ ਇਨ੍ਹਾਂ ਪਾਸੋਂ 3 ਕਿਲੋ 116 ਗ੍ਰਾਮ ਹੈਰੋਇਨ,2 ਪਿਸਤੌਲ,2 ਮੋਬਾਇਲ ਫੋਨ ਬਰਾਮਦ ਕੀਤੇ ਹਨ। ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਮਾਰਕਿਟ ਵਿਚ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਵਿਚ ਕਈ ਵੱਡੇ ਖੁਲਾਸੇ ਹੋ ਸਕਦੇ ਹਨ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਹੈਰੋਈਨ ਦੀ ਖੇਪ ਅਤੇ ਹਥਿਆਰ ਪਾਕਿਸਤਾਨੀ ਤਸਕਰਾਂ ਨਾਲ ਮਿਲ ਕੇ ਕਿਸ ਤਰ੍ਹਾਂ ਮੰਗਵਾਉਂਦੇ ਸਨ।