ਜਲੰਧਰ/ਚੰਡੀਗੜ੍ਹ- ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਕੇਸਰੀ ਗਰੁੱਪ ‘ਤੇ ਸਟੇਟ ਜੀ. ਐੱਸ. ਟੀ. ਟੀਮਾਂ ਵੱਲੋਂ ਕੀਤੀ ਗਈ ਛਾਪੇਮਾਰੀ ਨੂੰ ਲੈ ਕੇ ਸੂਬਾ ਸਰਕਾਰ ‘ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ। ਬਾਜਵਾ ਨੇ ਇਸ ਕਾਰਵਾਈ ਨੂੰ ਮਹਿਜ਼ ਇਕ ਨਿਯਮਤ ਜਾਂਚ ਨਹੀਂ, ਸਗੋਂ ਪ੍ਰੈੱਸ ਨੂੰ ਡਰਾਉਣ ਅਤੇ ਉਸ ਦੀ ਆਵਾਜ਼ ਨੂੰ ਬੰਦ ਕਰਨ ਦੀ ਇਕ ਕੋਸ਼ਿਸ਼ ਕਰਾਰ ਦਿੱਤਾ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਕਾਨੂੰਨ ਦੀ ਰਾਖੀ ਕਰਨ ਵਾਲੀਆਂ ਸੰਸਥਾਵਾਂ ਨੂੰ ਮੀਡੀਆ ਘਰਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਇਕ ਹਥਿਆਰ ਵਜੋਂ ਵਰਤਿਆ ਜਾਂਦਾ ਹੈ ਤਾਂ ਇਸ ਨਾਲ ਲੋਕਤੰਤਰ ਖ਼ਤਰੇ ‘ਚ ਪੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਵਿੱਚ ਛਾਪੇਮਾਰੀ ਅਤੇ ਜਬਰ ਰਾਹੀਂ ਵਿਰੋਧੀ ਸੁਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪ੍ਰੈੱਸ ਦੀ ਆਜ਼ਾਦੀ ਸੰਵਿਧਾਨਕ ਗਰੰਟੀ
ਪ੍ਰਤਾਪ ਸਿੰਘ ਬਾਜਵਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਕ ਆਜ਼ਾਦ ਪ੍ਰੈੱਸ ਸੱਤਾ ਵਿੱਚ ਬੈਠੇ ਲੋਕਾਂ ਦੁਆਰਾ ਦਿੱਤਾ ਗਿਆ ਕੋਈ ਅਹਿਸਾਨ ਨਹੀਂ ਹੈ। ਇਹ ਇਕ ਸੰਵਿਧਾਨਕ ਗਾਰੰਟੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਸਰਕਾਰ ਜੋ ਸਵਾਲਾਂ ਤੋਂ ਡਰਦੀ ਹੈ, ਉਹ ਲਾਜ਼ਮੀ ਤੌਰ ‘ਤੇ ਪੱਤਰਕਾਰਾਂ ਤੋਂ ਡਰੇਗੀ। ਪੰਜਾਬ ਪਾਰਦਰਸ਼ਤਾ ਦਾ ਹੱਕਦਾਰ ਹੈ, ਡਰਾਉਣ ਦਾ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਰਕਾਰ ਤੋਂ ਪਾਰਦਰਸ਼ਤਾ ਦੀ ਉਮੀਦ ਹੈ, ਨਾ ਕਿ ਅਜਿਹੇ ਡਰਾਵੇ ਭਰੇ ਮਾਹੌਲ ਦੀ।















