ਖੰਨਾ : ਪੰਜਾਬ ਕਾਂਗਰਸ ਵਿਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਵਿਚਾਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੇ ਨਨਾਲ ਬਬੰਦ ਕਮਰਾ ਮੀਟਿੰਗ ਕੀਤੀ। ਇਹ ਮੁਲਾਕਾਤ ਖੰਨਾ ਦੇ ਪਿੰਡ ਕੌੜੀ ਸਥਿਤ ਸ਼ਮਸ਼ੇਰ ਸਿੰਘ ਦੂਲੇ ਦੀ ਫੈਕਟਰੀ ਵਿਚ ਹੋਈ, ਜਿਸ ਨੂੰ ਪੰਜਾਬ ਦੀ ਮੌਜੂਦਾ ਸਿਆਸੀ ਹਾਲਾਤ ਦੇ ਮੱਦੇਨਜ਼ਰ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਮੀਟਿੰਗ ਦੌਰਾਨ ਰਾਜਾ ਵੜਿੰਗ ਦੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਵੀ ਮੌਜੂਦ ਸਨ, ਪਰ ਤਕਰੀਬਨ 45 ਮਿੰਟ ਤਕ ਚੱਲੀ ਬੰਦ ਕਮਰਾ ਮੀਟਿੰਗ ਸਿਰਫ਼ ਰਾਜਾ ਵੜਿੰਗ ਦੇ ਸ਼ਮਸ਼ੇਰ ਸਿੰਘ ਦੂਲੋ ਵਿਚਾਲੇ ਹੀ ਚਰਚਾ ਹੋਈ। ਸੂਤਰਾਂ ਮੁਤਾਬਕ, ਦੋਹਾਂ ਆਗੂਆਂ ਨੇ ਪਾਰਟੀ ਦੇ ਮੌਜੂਦਾ ਹਾਲਾਤ, ਸੰਗਠਨ ਨੂੰ ਮਜ਼ਬੂਤ ਕਰਨ ਅਤੇ ਅੱਗੇ ਦੀ ਰਣਨੀਤੀ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸ਼ਮਸ਼ੇਰ ਸਿੰਘ ਦੂਲੋ ਆਪਣੇ ਆਪ ਵਿਚ ਸੰਸਥਾਨ ਹਨ ਤੇ ਸਾਨੂੰ ਸਾਰਿਆਂ ਨੂੰ ਹੀ ਇਨ੍ਹਾਂ ਦੇ ਤਜ਼ਰਬੇ ਤੋਂ ਸਿੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੂਲੋ ਨੇ ਕਾਂਗਰਸ ਦੇ ਔਖੇ ਵੇਲੇ ਵਿਚ ਵੀ ਪਾਰਟੀ ਲਈ ਡਟ ਕੇ ਕੰਮ ਕੀਤਾ ਤੇ ਸੰਗਠਨ ਨੂੰ ਮਜਬੂਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੱਸਿਆ ਕਿ ਦੂਲੋ ਦੇ ਤਜ਼ਰਬੇ ਤੋਂ ਸਿੱਖਣ ਅਤੇ ਉਨ੍ਹਾਂ ਦੇ ਨਾਲ ਵਿਚਾਰ ਸਾਂਝੇ ਕਰਨ ਦੇ ਉਦੇਸ਼ ਨਾਲ ਹੀ ਇੱਥੇ ਆਏ ਸਨ।
ਪਾਰਟੀ ਦੇ ਅੰਦਰ ਚੱਲ ਰਹੀ ਖਿੱਚੋਤਾਣ ਨੂੰ ਲੈ ਕੇ ਪੁੱਛੇ ਸਵਾਲ ਦੇ ਜਵਾਬ ਵਿਚ ਰਾਜਾ ਵੜਿੰਗ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਸਾਰੇ ਇਕਜੁੱਟ ਹੋ ਕੇ ਇਕ ਮੰਚ ‘ਤੇ ਦਿਸਾਂਗੇ ਤੇ ਪੰਜਾਬ ਦੇ ਭਲੇ ਲਈ ਇਕਜੁੱਟ ਹੋ ਕੇ ਕੰਮ ਕਰਨਗੇ।
ਜ਼ਿਕਰਯੋਗ ਹੈ ਕਿ ਸ਼ਮਸ਼ੇਰ ਸਿੰਘ ਦੂਲੋ ਹਮੇਸ਼ਾ ਪਾਰਟੀ ਦੇ ਅੰਦਰ ਆਪਣੀ ਬੇਬਾਕ ਰਾਏ ਰੱਖਣ ਲਈ ਜਾਣੇ ਜਾਂਦੇ ਹਨ। ਕਈ ਵਾਰ ਉਹ ਪਾਰਟੀ ਦੀ ਕਾਰਜਪ੍ਰਣਾਲੀ ਤੇ ਲੀਡਰਸ਼ਿਪ ਨੂੰ ਲੈ ਕੇ ਖੁੱਲ੍ਹ ਕੇ ਆਪਣੀ ਗੱਲ ਰੱਖਦੇ ਹਨ। ਇਸ ਤੋਂ ਪਹਿਲਾਂ ਵੀ ਉਹ ਚਰਨਜੀਤ ਸਿੰਘ ਚੰਨੀ ਦੀ ਕਾਰਜਪ੍ਰਣਾਲੀ ਤੇ ਪਾਰਟੀ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਜਨਤਕ ਤੌਰ ‘ਤੇ ਸਵਾਲ ਖੜ੍ਹੇ ਕਰ ਚੁੱਕੇ ਹਨ।
ਅਜਿਹੇ ਸਮੇਂ ਵਿਚ, ਜਦੋਂ ਪੰਜਾਬ ਕਾਂਗਰਸ ‘ਚ ਅੰਦਰੂਨੀ ਖਿੱਚੋਤਾਣ ਦੀਆਂ ਚਰਚਾਵਾਂ ਲਗਾਤਾਰ ਜਾਰੀ ਹਨ, ਰਾਜਾ ਵੜਿੰਗ ਤੇ ਸ਼ਮਸ਼ੇਰ ਸਿੰਘ ਦੂਲੋ ਵਿਚਾਲੇ ਹੋਈ ਇਹ ਬੰਦ ਕਮਰਾ ਮੀਟਿੰਗ ਸਿਆਸੀ ਤੌਰ ‘ਤੇ ਕਾਫ਼ੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਮੁਲਾਕਾਤ ਨੂੰ ਪਾਰਟੀ ਦੇ ਅੰਦਰ ਤਾਲਮੇਲ ਵਧਾਉਣ ਤੇ ਸੰਗਠਨ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਦੇ ਰੂਪ ਵਿਚ ਵੀ ਵੇਖਿਆ ਜਾ ਸਕਦਾ ਹੈ। ਉੱਥੇ ਹੀ, ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਚੰਨੀ ਦੇ ਸ਼ਕਤੀ ਪ੍ਰਦਰਸ਼ਨ ਮਗਰੋਂ ਰਾਜਾ ਵੜਿੰਗ ਵੀ ਆਪਣੇ ਧੜੇ ਨੂੰ ਮਜਬੂਤ ਕਰਨ ਵਿਚ ਲੱਗੇ ਹੋਏ ਹਨ।















