ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਭੋਗ ਤੇ ਅੰਤਿਮ ਅਰਦਾਸ ਦਾ ਪ੍ਰੋਗਰਾਮ ਅੱਜ ਉਨ੍ਹਾਂ ਦੇ ਜੱਦੀ ਪਿੰਡ ਪਿੰਡਾ ਪੋਨਾ (ਤਹਿਸੀਲ ਜਗਰਾਂਉ, ਜ਼ਿਲ੍ਹਾ ਲੁਧਿਆਣਾ) ਵਿਖੇ ਕੀਤਾ ਜਾ ਰਿਹਾ ਹੈ। ਇਹ ਧਾਰਮਿਕ ਸਮਾਗਮ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗਾ। ਪਰਿਵਾਰ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਹਾਜ਼ਰ ਹੋ ਕੇ ਵਿਛੜੀ ਹੋਈ ਰੂਹ ਦੀ ਸ਼ਾਂਤੀ ਲਈ ਅਰਦਾਸ ਕਰਨ। ਇਸ ਮੌਕੇ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਦੀਆਂ ਕਈ ਪ੍ਰਸਿੱਧ ਹਸਤੀਆਂ ਦੇ ਪਹੁੰਚਣ ਦੀ ਉਮੀਦ ਹੈ।
ਰਾਜਵੀਰ ਜਵੰਦਾ ਦੇ ਐਕਸੀਡੈਂਟ ਨੂੰ ਲੈ ਕੇ ਪਹਿਲਾਂ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸਨ। ਕੁਝ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਬਾਈਕ ਇੱਕ ਬੋਲੈਰੋ ਗੱਡੀ ਨਾਲ ਟਕਰਾਈ ਸੀ, ਪਰ ਹੁਣ ਪੰਚਕੁਲਾ ਪੁਲਸ ਦੇ ਜਾਂਚ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਹਾਦਸਾ ਪਸ਼ੂ ਨਾਲ ਟੱਕਰ ਕਾਰਨ ਹੋਇਆ ਸੀ ਅਤੇ ਉੱਥੇ ਕੋਈ ਗੱਡੀ ਮੌਜੂਦ ਨਹੀਂ ਸੀ।
ਜਾਂਚ ਅਧਿਕਾਰੀ ਦੇ ਮੁਤਾਬਕ, 27 ਸਤੰਬਰ ਨੂੰ ਰਾਜਵੀਰ ਜਵੰਦਾ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ। ਉਹ 5 ਸਾਥੀਆਂ ਸਮੇਤ ਵੱਖ-ਵੱਖ ਬਾਈਕਾਂ ‘ਤੇ ਸਫਰ ਕਰ ਰਹੇ ਸਨ। ਇਸ ਦੌਰਾਨ ਪਿੰਜੌਰ ਦੇ ਨੇੜੇ ਜਵੰਦਾ ਹਾਦਸੇ ਦਾ ਸ਼ਿਕਾਰ ਹੋ ਗਏ। ਚਸ਼ਮਦੀਦਾਂ ਨੇ ਪੁਲਸ ਨੂੰ ਦੱਸਿਆ ਕਿ ਬਾਈਕ ਸਿੱਧੀ ਪਸ਼ੂ ਨਾਲ ਟਕਰਾਈ ਸੀ। ਨੇੜੇ ਮੌਜੂਦ ਲੋਕਾਂ ਨੇ ਵੀ ਪੁਸ਼ਟੀ ਕੀਤੀ ਕਿ ਉਸ ਸਮੇਂ ਉੱਥੇ ਕੋਈ ਕਾਰ ਨਹੀਂ ਸੀ।
ਇਸ ਹਾਦਸੇ ‘ਚ ਰਾਜਵੀਰ ਜਵੰਦਾ ਨੂੰ ਸਿਰ ਅਤੇ ਰੀੜ ਦੀ ਹੱਡੀ ‘ਚ ਗੰਭੀਰ ਸੱਟਾਂ ਲੱਗੀਆਂ ਸਨ। ਉਨ੍ਹਾਂ ਨੂੰ ਪਹਿਲਾਂ ਨਜ਼ਦੀਕੀ ਹਸਪਤਾਲ ਤੇ ਬਾਅਦ ਵਿੱਚ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ਼ 11 ਦਿਨ ਤੱਕ ਚੱਲਦਾ ਰਿਹਾ ਅਤੇ ਆਖਿਰਕਾਰ ਉਹ 8 ਅਕਤੂਬਰ 2025 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ।















