ਪੰਜਾਬੀਓ, ਤੁਹਾਡਾ ਪੰਜਾਬ ਇਮਾਨਦਾਰ ਤੀਜੀ ਧਿਰ ਭਾਲਦੈ!

main-news-300x150ਗੁਰਚਰਨ ਪੱਖੋਕਲਾਂ ਫ਼ੋਨ 9417727245 ਪਿੰਡ ਪੱਖੋਕਲਾਂ, ਜ਼ਿਲ੍ਹਾ ਬਰਨਾਲਾ
ਪੰਜਾਬ ਦੇ ਵਰਤਮਾਨ ਰਾਜਨੀਤਕ ਹਲਾਤ ਆਉਣ ਵਾਲੇ ਪੰਜ ਸਾਲਾਂ ਲਈ ਘੁੰਮਣ ਘੇਰੀਆਂ ਸਿਰਜਣ ਵਾਲੇ ਦਿਖਾਈ ਦੇ ਰਹੇ ਨੇ। ਅਕਾਲੀ ਦਲ ਤੋਂ ਨਰਾਜ਼ ਜਨਤਾ ਕਾਂਗਰਸ ਵਲੋਂ ਵੀ ਸੰਭਾਲੀ ਜਾਂਦੀ ਦਿਖਾਈ ਨਹੀਂ ਦੇ ਰਹੀ। 2014 ਵਿੱਚ ਇਹਨਾਂ ਦੋਨਾਂ ਪਾਰਟੀਆਂ ਨੂੰ ਬਰਾਬਰ ਦੀ ਟੱਕਰ ਦੇਣ ਵਾਲੀ ਤੀਜੀ ਧਿਰ ਬਹੁਤ ਸਾਰੀਆਂ ਆਸਾਂ ਉਮੀਦਾਂ ਜਗਾ ਗਈ ਸੀ ਪੰਜਾਬ ਦੀ ਤੀਜੀ ਧਿਰ ਸਥਾਪਤ ਕਰਨ ਵਾਲੇ ਲੋਕਾਂ ਲਈ। ਇਹ ਬਰਾਬਰ ਦੀ ਟੱਕਰ ਆਮ ਆਦਮੀ ਪਾਰਟੀ ਦੇ ਖਾਤੇ ਗਈ ਜ਼ਰੂਰ ਸੀ, ਪਰ ਇਹ ਨਾ ਤਾਂ ਕੋਈ ਕੇਜਰੀਵਾਲ ਦਾ ਕ੍ਰਿਸ਼ਮਾ ਸੀ ਅਤੇ ਨਾ ਹੀ ‘ਆਪ’ ਪਾਰਟੀ ਦਾ ਬਲਕਿ ਇਹ ਤਾਂ ਪੰਜਾਬੀ ਲੋਕਾਂ ਦਾ ਸਥਾਪਤ ਧਿਰਾਂ ਅਕਾਲੀ ਅਤੇ ਕਾਂਗਰਸ਼ ਖ਼ਿਲਾਫ਼ ਉੱਠ ਰਹੇ ਰੋਹ ਦਾ ਪਰਤੀਕ ਸੀ। ਜੇ ਕੇਜਰੀਵਾਲ ਦੀ ਲਹਿਰ ਹੁੰਦੀ ਤਾਂ ਉਹ ਦਿੱਲੀ ਵਿੱਚ ਕਦੇ ਨਾਂ ਹਾਰਦਾ ਅਤੇ ਵਾਰਾਣਸੀ ਵਿੱਚ ਖ਼ੂਬ ਟੱਕਰ ਦਿੰਦਾ, ਪਰ ਉਹ ਤਾਂ ਹਰ ਥਾਂ ਹਾਰਿਆ ਸੀ। ਪੰਜਾਬ ਵਿੱਚ ਜਿੱਤ ਉਸ ਦੀ ਨਹੀਂ ਬਲਕਿ ਪੰਜਾਬੀਆਂ ਦੀ ਸੀ ਜੋ ਅੱਜ ਵੀ ਪੰਜਾਬ ਵਿੱਚ ਨਵੀਂ ਕਰਾਂਤੀਕਾਰੀ ਅਤੇ ਇਮਾਨਦਾਰ ਲੋਕਾਂ ਦੀ ਕਿਸੇ ਨਵੀਂ ਧਿਰ ਨੂੰ ਜੀ ਆਇਆਂ ਨੂੰ ਕਹਿਣ ਨੂੰ ਤਿਆਰ ਬੈਠੀ ਹੈ। ਆਮ ਆਦਮੀ ਪਾਰਟੀ ਦਿਨੋਂ ਦਿਨ ਇਸ ਦੇ ਲਾਲਚੀ ਅਤੇ ਕੱਚ ਘਰੜ ਲੀਡਰਾਂ ਕਾਰਨ ਗਿਰਾਵਟ ਵੱਲ ਜਾ ਰਹੀ ਹੈ। ਪੰਜਾਬੀ ਲੋਕਾਂ ਨੂੰ ਦਰਕਿਨਾਰ ਕਰ ਇਸ ਦੇ ਤਨਖ਼ਾਹਦਾਰ ਪਰਦੇਸੀ ਲੋਕ ਪੰਜਾਬੀਆਂ ‘ਤੇ ਹਕੂਮਤ ਕਰ ਰਹੇ ਹਨ। ਪੰਜਾਬ ਵਿਰੋਧੀ ਧਿਰਾਂ ਨਾਲ ਕੇਜਰੀਵਾਲ ਦੀ ਯਾਰੀ ਨੰਗੀ ਹੋਈ ਜਾ ਰਹੀ ਹੈ। ਅਣਖੀ ਲੋਕ ਪਾਰਟੀ ਤੋਂ ਕਿਨਾਰਾ ਕਰ ਰਹੇ ਹਨ। ਚਮਚੇ ਅਤੇ ਦਲਾਲ ਕਿਸਮ ਦੇ ਲੋਕਾਂ ਨੇ ‘ਆਪ’ ‘ਤੇ ਕਬਜ਼ਾ ਕਰ ਲਿਆ ਹੈ। ਨਿੱਤ ਦੂਸਰੀਆਂ ਪਾਰਟੀਆਂ ਦੇ ਭਗੌੜੇ ਅਤੇ ਏਜੰਟ ਇਸ ਵਿੱਚ ਸ਼ਾਮਲ ਹੋ ਰਹੇ ਹਨ। ਨਵੀਆਂ ਪਿਰਤਾਂ ਪਾਉਣ ਵਾਲੇ ਪੰਜਾਬੀ ਭਰੇ ਪੀਤੇ ਬੈਠੇ ਹਨ ਇਹੋ ਜਿਹੇ ਹਲਾਤ ਨੂੰ ਦੇਖ ਕੇ।
ਇਹੋ ਜਿਹੇ ਸਮੇਂ ‘ਤੇ ਨਿਰਾਸ਼ ਅਤੇ ਨਰਾਜ਼ ਹੋ ਕੇ ਘਰ ਬੈਠੇ ਉਹਨਾਂ ਜੁਝਾਰੂ ਲੋਕਾਂ ਨੂੰ ਜਿਨ੍ਹਾਂ ਨੇ ‘ਆਪ’ ਦੀ 2014 ਵਿੱਚ ਮਦਦ ਕੀਤੀ ਸੀ ਅਤੇ ਤੀਜੀ ਧਿਰ ਦੇ ਜੁਝਾਰੂ ਲੋਕਾਂ ਨੂੰ ਇਕੱਠੇ ਹੋਕੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਆਸ਼ੇ ਥੱਲੇ ਇਕੱਠੇ ਹੋਕੇ ਨਵਾਂ ਬਦਲ ਦੇਣ ਦੀ ਕੋਸ਼ਿਸ਼ ਕਰਨੀਂ ਚਾਹੀਦੀ ਹੈ। ਇਸ ਵਕਤ ਜੇ ਨਿਰਾਸ਼ ਹੋਕੇ ਬੈਠ ਗਏ ਤਦ ਪੰਜਾਬ ਦੀ ਭਵਿੱਖ ਦੀ ਤਬਾਹੀ ਅਤੇ ਬੇਗਾਨੇ ਹੱਥਾਂ ਵਿੱਚ ਜਾ ਰਹੇ ਪੰਜਾਬ ਦੀ ਕਿਸਮਤ ਨੂੰ ਹਨੇਰੇ ਵਿੱਚ ਧੱਕਣ ਦੇ ਜ਼ਿੰਮੇਵਾਰ ਵੀ ਇਹ ਸੂਰਮੇ ਲੋਕ ਹੀ ਗਰਦਾਨੇ ਜਾਣੇ ਹਨ । ਇਤਿਹਾਸ ਕਦੇ ਕਿਸੇ ਨੂੰ ਮੁਆਫ਼ ਨਹੀਂ ਕਰਦਾ ਅਤੇ ਨਾਂ ਹੀ ਕਿਸੇ ਨਾਲ ਲਿਹਾਜ਼ਾਂ ਪੂਰਦਾ ਹੈ। ਵਿਦੇਸ਼ਾਂ ਵਿੱਚ ਬੈਠੇ ਸਿਆਣੇ ਸੂਝਵਾਨ ਲੋਕ ਜੋ ਝਾੜੂ ਦੇ ਨਾਂ ਥੱਲੇ ਆਪਣੀ ਕਮਾਈ ਦਾ ਵੱਡਾ ਹਿੱਸਾ ਵਾਰ ਚੁੱਕੇ ਹਨ ਵੀ ਸਪੱਸਟ ਸਮਝ ਚੁੱਕੇ ਹਨ ਕਿ ਇਹ ਪਾਰਟੀ ਉਹ ਨਹੀਂ ਰਹੀ ਜੋ ਉਹ ਸੋਚਦੇ ਅਤੇ ਚਾਹੁੰਦੇ ਸਨ। ਇਹਨਾਂ ਵੀਰਾਂ ਨੂੰ ਵੀ ਦੁਬਾਰਾ ਹੰਭਲਾ ਮਾਰ ਕੇ ਪੰਜਾਬ ਦੇ ਪ੍ਰਤੀ ਸੁਹਿਰਦ ਧਿਰਾਂ ਨੂੰ ਸਹਿਯੋਗ ਅਤੇ ਸਲਾਹ ਦੇ ਕੇ ਖੜ੍ਹਾ ਕਰਨ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ। ਵਰਤਮਾਨ ਸਮੇਂ ਦੇ ਸੋਸ਼ਲ ਮੀਡੀਆ ਰਾਹੀਂ ਭਵਿੱਖ ਦੇ ਆਗੂਆਂ ਦਾ ਇੱਕ ਵਿਸ਼ਾਲ ਵਰਗ ਲੱਭਿਆ ਜਾ ਸਕਦਾ ਹੈ ਜਿਹੜਾ ਅੱਗੇ ਆਮ ਲੋਕਾਂ ਵਿੱਚੋਂ ਜੁਝਾਰੂ ਲੋਕਾਂ ਨੂੰ ਤਿਆਰ ਕਰ ਸਕਦਾ ਹੈ ਅਤੇ ਤੋਰਨ ਦੀ ਵੀ ਸਮਰੱਥਾ ਰੱਖਦਾ ਹੈ।
ਪੰਜਾਬ ਦੀ ਤੀਜੀ ਧਿਰ ਦੇ ਵਾਰਿਸੋ ਮੈਂ ਇੱਕ ਆਮ ਸਧਾਰਨ ਪੰਜਾਬੀ ਹੋਣ ਦੇ ਨਾਤੇ ਤੁਹਾਨੂੰ ਜੁਝਾਰੂ ਸਿਆਣੇ ਅਤੇ ਸਮਝਦਾਰ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਹੁਣ ਵਕਤ ਉਡੀਕਣ ਦਾ ਨਹੀਂ ਉੱਠਣ ਅਤੇ ਤੁਰਨ ਦਾ ਹੈ। ਧਰਮਵੀਰ ਗਾਂਧੀ ਜੀ ਹੁਣ ਮਰੀਜ਼ ਦੇਖਣ ਦਾ ਕੰਮ ਛੱਡੋ। ਬਿਮਾਰ ਪੰਜਾਬ ਨੂੰ ਠੀਕ ਕਰਨ ਲਈ ਇੱਕ ਪਲੇਟਫ਼ਾਰਮ ਬਣਾਉਣ ਦੀ ਸੋਚੋ। ਤੁਹਾਡਾ ਰਹਿੰਦੀ ਉਮਰ ਤਕ ਪੈਨਸ਼ਨਾਂ ਅਤੇ ਸਹੂਲਤਾਂ ਦਾ ਪਰਬੰਧ ਹੋ ਚੁੱਕਿਆ ਹੈ। ਤੁਹਾਡੇ ਕੋਲੋਂ ਦਵਾਈਆਂ ਲੈਣ ਆਉਣ ਵਾਲੇ ਗਿਣਤੀ ਦੇ ਲੋਕਾਂ ਦੀ ਥਾਂ ਸਮੁੱਚੇ ਪੰਜਾਬੀਆਂ ਦੇ ਦੁੱਖ ਸੁਣਨ ਵਾਲੇ ਪਲੇਟਫ਼ਾਰਮ ਤਿਆਰ ਕਰਨ ਦੀ ਜ਼ਿੰਮੇਵਾਰੀ ਆ ਪਈ ਹੈ। ਫ਼ੈਸਲਾ ਤੁਹਾਡੇ ਹੱਥ ਹੈ ਕਿ ਪਟਿਆਲੇ ਦੇ ਕੁੱਝ ਮਰੀਜ਼ ਦੇਖਣੇ ਹਨ ਜਾਂ ਸਮੁੱਚੇ ਪੰਜਾਬੀਆਂ ਦਾ ਸਾਝਾਂ ਦੁੱਖ ਦੂਰ ਕਰਨਾਂ ਹੈ। ਤੀਜੀ ਧਿਰ ਦੇ ਬਾਕੀ ਸਾਰੀਆਂ ਧਿਰਾਂ ਦੀ ਨੁਮਾਇੰਦਗੀ ਕਰਦੇ ਰਿਟਾਇਰ ਹੋ ਚੁੱਕੇ ਜਥੇਬੰਦਕ ਮੁਲਾਜ਼ਮ ਆਗੂਉਂ ਤੁਸੀਂ ਵੀ ਇਹ ਸੇਵਾ ਲੈ ਕੇ ਆਪਣਾ ਜੀਵਨ ਸਫ਼ਲਾ ਕਰ ਸਕਦੇ ਹੋ ਜੇ ਪੰਜਾਬ ਪੰਜਾਬੀਅਤ ਦਾ ਮਾੜਾ ਮੋਟਾ ਦਰਦ ਤੁਹਾਡੇ ਅੰਦਰ ਹੈ।
ਪੰਜਾਬ ਮਜ਼ਬੂਤ ਤੀਜੀ ਧਿਰ ਵਾਸਤੇ ਇਸ ਵਕਤ ਤਿਆਰ ਖੜ੍ਹਾ ਹੈ। ਪੰਜਾਬ ਪਰੀਵਾਰ ਪਰਸਤਾਂ ਅਤੇ ਦਿੱਲੀ ਦੇ ਗ਼ੁਲਾਮ ਆਗੂਆਂ ਵਾਲੀਆਂ ਧਿਰਾਂ ਤੋਂ ਮੁਕਤੀ ਭਾਲਦਾ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੋਚ ਵਾਲਿਆਂ ਨੂੰ ਇਕੱਠੇ ਹੋ ਕੇ ਜੂਝਣ ਦੀ ਸੱਦ ਪਾ ਰਿਹਾ ਹੈ। ਵਰਤਮਾਨ ਸਮਾਂ ਕਿਸੇ ਨੋਟਾਂ ਵਰਗੇ ਜੁਮਲੇ ਦੇ ਨਾਂ ਥੱਲੇ ਲੋਕਤੰਤਰ ਦੀ ਹੱਤਿਆ ਨਹੀਂ ਭਾਲਦਾ। ਇਹ ਸਮਾਂ ਵੋਟ ਨੂੰ ਹਥਿਆਰ ਬਣਾਉਣ ਦਾ ਹੈ। ਵਰਤਮਾਨ ਰਾਜ ਸੱਤਾ ਵੋਟ ਨਾਲ ਹਾਸਲ ਹੁੰਦੀ ਕਿਸੇ ਹਥਿਆਰ ਨਾਲ ਨਹੀਂ ਨਾ ਹੀ ਨੋਟਾਂ ਦੀ ਵਰਤੋਂ ਨਾਲ ਸਰਕਾਰ ਬਣਨੋਂ ਰੁਕਦੀ ਹੈ। ਮੇਰੇ ਵਰਗਾ ਸਧਾਰਨ ਪੰਜਾਬੀ ਤਾਂ ਇਹੀ ਸੋਚਦਾ ਹੈ। ਤੀਜੀ ਧਿਰ ਅਤੇ ਛੋਟੀਆਂ ਛੋਟੀਆਂ ਜਥੇਬੰਦੀਆਂ ਬਣਾ ਕੇ ਜੂਝਣ ਵਾਲਿਓ ਤੁਸੀਂ ਕੀ ਸੋਚਦੇ ਹੋ? ਕੀ ਤੁਸੀਂ ਆਪੋ ਆਪਣੀਆਂ ਡਫ਼ਲੀਆਂ ਵਜਾ ਕੇ ਤਮਾਸ਼ਿਆ ਦੀ ਖੇਡ ਨਾਲ ਹੀ ਖ਼ੁਸ਼ ਹੋ ਅਤੇ ਆਪਣੇ ਪਿੱਛੇ ਤੁਰਨ ਵਾਲਿਆਂ ਨੂੰ ਰਾਹ ਤੋਂ ਭਟਕਾਉਂਦੇ ਰਹੋਗੇ ਜਾਂ ਆਪ ਅਤੇ ਆਪਣਿਆਂ ਨੂੰ ਇੱਕ ਵੱਡੇ ਕਾਫ਼ਲੇ ਦੇ ਜਰਨੈਲ ਅਤੇ ਸਿਪਾਹੀ ਬਣਾ ਕੇ ਪੰਜਾਬ ਦੀ ਰਾਜ ਸੱਤਾ ‘ਤੇ ਕਬਜ਼ਾ ਕਰਨ ਦਾ ਯਤਨ ਕਰੋਗੇ? ਪੰਜਾਬ ਦੀ ਕਰਜ਼ਈ, ਨਸ਼ਿਆਂ ਨਾਲ ਬੇਅਣਖੀ ਹੁੰਦੀ ਜਾ ਰਹੀ ਜਨਤਾ ਨੂੰ ਆਓ, ਅਗਵਾਈ ਦਿਓ। ਪੰਜਾਬ ਦੀ ਮਿੱਟੀ ਦੀ ਮਹਿਕ ਤੁਹਾਡੇ ਲਲਕਾਰੇ ਦੀ ਅੱਜ ਵੀ ਉਡੀਕ ਕਰ ਰਹੀ ਹੈ। ਆਓ ਉਠੋ, ਤੁਰੋ, ਜਿੱਤ ਤੁਹਾਡੀ ਪੈੜ ਚਾਲ ਦੀ ਧਮਕ ਸੁਣਨਾ ਲੋਚਦੀ ਹੈ। ਕੀ ਤੁਸੀਂ ਹਾਲੇ ਵੀ ਨਹੀਂ ਤੁਰੋਗੇ? ਸਮਾਂ ਤੁਹਾਡੇ ਹੁੰਗਾਰਿਆਂ ਦੀ ਉਡੀਕ ਕਰ ਰਿਹੈ!