ਮੁੰਬਈਂ ਭਾਰਤ ਦੇ ਸਟਾਰ ਕਿਊਇਸਟ ਪੰਕਜ ਅਡਵਾਨੀ ਨੇ ਐਤਵਾਰ ਦੀ ਰਾਤ ਨੂੰ ਅਬੁਧਾਬੀ ‘ਚ ਏਸ਼ੀਆਈ 6-ਰੈੱਡ ਸਨੂਕਰ ਖਿਤਾਬ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ। ਉੱਥੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਅਡਵਾਨੀ 6-ਰੈੱਡ ‘ਚ ਵਿਸ਼ਵ ਅਤੇ ਮਹਾਦੀਪੀ ਖਿਤਾਬ ਦੋਹਾਂ ਨੂੰ ਇੱਕੱਠਿਆਂ ਜਿੱਤਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ।
ਦੋਹਰਾ ਆਈ.ਬੀ.ਐੱਸ.ਐੱਫ਼. ਵਿਸ਼ਵ ਸਿਕਸ-ਰੈੱਡ ਸਨੂਕਰ ਚੈਂਪੀਅਨ ਨੇ ਐਤਵਾਰ ਦੀ ਰਾਤ ਮਲੇਸ਼ੀਆ ਦੇ ਚੋਟੀ ਦਾ ਦਰਜਾ ਪ੍ਰਾਪਤ ਕੀਨ ਹੋ ਮੋ ਨੂੰ 7-5 ਨੂੰ ਹਰਾ ਕੇ ਖੇਡ ਦੇ ਇਸ ਸਭ ਤੋਂ ਛੋਟੇ ਸਵਰੂਪ ‘ਚ ਆਪਣਾ ਦਬਦਬਾ ਬਣਾਏ ਰਖਿਆ। ਫ਼ਾਈਨਲ ਉਤਰਾਅ-ਚੜ੍ਹਾਅ ਵਾਲਾ ਰਿਹਾ। ਦੋਹਾਂ ਖਿਡਾਰੀਆਂ ਨੇ ਹਰ ਦੂਜੇ ਫ਼ਰੇਮ ‘ਚ ਵਾਪਸੀ ਕਰ ਕੇ ਮੁਕਾਬਲੇ ਨੂੰ ਰੋਮਾਂਚਕ ਬਣਾ ਦਿੱਤਾ ਪਰ ਅੰਤ ‘ਚ ਅਡਵਾਨੀ ਨੇ ਬਾਜ਼ੀ ਮਾਰੀ। ਸੋਮੀਫ਼ਾਈਨਲ ‘ਚ ਹਮਵਤਨ ਆਦਿਤਿਆ ਮਹਿਤਾ ਨੂੰ 6-1 ਤੋਂ ਹਰਾਉਣ ਦੇ ਬਾਅਦ ਅਡਵਾਨੀ ਨੇ ਫ਼ਾਈਨਲ ‘ਚ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲਾ ਫ਼ਰੇਮ 39-4 ਨਾਲ ਜਿਤਿਆ ਪਰ ਉਹ ਦੂਜਾ ਫ਼ਰੇਮ 6-51 ਨਾਲ ਹਾਰ ਗਏ। ਹਾਰ ਜਿੱਤ ਦਾ ਇਹ ਸਿਲਸਿਲਾ ਅੱਗੇ ਵੀ ਚਲਦਾ ਰਿਹਾ। ਅਡਵਾਨੀ ਨੇ ਤੀਜਾ ਫ਼ਰੇਮ 40-14 ਨਾਲ ਜਿੱਤਿਆ ਪਰ ਚੌਥਾ ਫ਼ਰੇਮ 0-37 ਤੋਂ ਗੁਆ ਬੈਠੇ। ਪੰਜਵੇਂ ਅਤੇ ਛੇਵੇਂ ਫ਼ਰੇਮ ‘ਚ ਪੂਰੀ ਤਰ੍ਹਾਂ ਨਾਲ 30 ਸਾਲਾ ਅਡਵਾਨੀ ਦਾ ਦਬਦਬਾ ਰਿਹਾ ਜਿਨ੍ਹਾਂ ਨੇ ਕ੍ਰਮਵਾਰ 41-7 ਅਤੇ 44-8 ਨਾਲ ਜਿੱਤ ਹਾਸਲ ਕੀਤੀ। 6 ਫ਼ਰੇਮ ਦੇ ਬਾਅਦ ਇਹ ਭਾਰਤੀ 4-2 ਨਾਲ ਬੜ੍ਹਤ ‘ਤੇ ਸੀ, ਪਰ ਕੀਨ ਹੋ ਮੋ ਨੇ ਸਤਵਾਂ ਫ਼ਰੇਮ 38-21 ਨਾਲ ਜਿੱਤ ਕੇ ਵਾਪਸੀ ਕੀਤੀ। ਅਡਵਾਨੀ ਨੇ ਅੱਠਵਾਂ ਫ਼ਰੇਮ 45-24 ਨਾਲ ਜਿੱਤ ਕੇ ਫ਼ਿਰ ਤੋਂ ਆਪਣੀ ਬੜ੍ਹਤ ਮਜ਼ਬੂਤ ਕਰ ਦਿੱਤੀ।












