ਪੈਰਾਂ ਦੀ ਸੋਜ ਘੱਟ ਕਰਨ ਲਈ ਅਪਨਾਓ ਇਹ ਘਰੇਲੂ ਆਸਾਨ ਤਰੀਕੇ

ਅਕਸਰ ਕਈ ਲੋਕਾਂ ਦੇ ਪੈਰਾਂ ‘ਚ ਸੋਜ ਹੋ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਦਰਦ ਹੁੰਦਾ ਹੈ। ਸੋਜ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਈ ਵਾਰੀ ਜਲਦੀ ਚੱਲਣ ਨਾਲ ਪੈਰ ‘ਚ ਮੋਚ ਆ ਜਾਂਦੀ ਹੈ ਜਾਂ ਫ਼ਿਰ ਕਿਸੇ ਬਿਮਾਰੀ ਕਾਰਨ ਵੀ ਅਜਿਹਾ ਹੋ ਸਕਦਾ ਹੈ। ਕਈ ਲੋਕਾਂ ਨੂੰ ਥਕਾਵਟ ਦੀ ਵਜ੍ਹਾ ਨਾਲ ਪੈਰਾਂ ‘ਤੇ ਸੋਜ ਹੋ ਜਾਂਦੀ ਹੈ। ਹਾਲਾਂਕਿ ਇਹ ਕੋਈ ਗੰਭੀਰ ਸਮੱਸਿਆ ਨਹੀਂ ਹੈ, ਪਰ ਫ਼ਿਰ ਵੀ ਇਸ ਵਜ੍ਹਾ ਤੋਂ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਜ਼ਿਆਦਾਤਰ ਗਰਭਵਤੀ ਔਰਤਾਂ ਦੇ ਪੈਰਾਂ ‘ਚ ਸੋਜ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮੋਟਾਪਾ ਅਤੇ ਜ਼ਿਆਦਾ ਦੇਰ ਤਕ ਖੜ੍ਹੇ ਰਹਿਣ ਦੇ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਪੈਰਾਂ ‘ਚ ਜ਼ਿਆਦਾ ਸੋਜ ਹੋਣ ਕਾਰਨ ਵਿਅਕਤੀ ਨੂੰ ਖੜ੍ਹੇ ਹੋਣ ਅਤੇ ਚੱਲਣ ‘ਚ ਵੀ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਇਸ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਤੁਸੀਂ ਕੁੱਝ ਘਰੇਲੂ ਤਰੀਕੇ ਵੀ ਆਪਨਾ ਸਕਦੇ ਹੋ। ਆਓ ਜਾਣਦੇ ਹਾਂ ਪੈਰਾਂ ‘ਤੇ ਸੋਜ ਹੋਣ ਦੇ ਕਾਰਨ ਅਤੇ ਕੁੱਝ ਘਰੇਲੂ ਨੁਸਖੇ।
ਕਾਰਨ: ਥਕਾਵਟ, ਸ਼ੂਗਰ, ਹਾਰਟ ਦੀ ਪਰੇਸ਼ਾਨੀ, ਮੋਟਾਪਾ, ਕਿਡਨੀ ਜਾ ਲਿਵਰ ਦੀ ਕੋਈ ਸਮੱਸਿਆ, ਆਦਿ।
ਘਰੇਲੂ ਉਪਾਅ
ਪੈਰਾਂ ਦੀ ਸਿਕਾਈ: ਪੈਰਾਂ ਦੀ ਸੋਜ ਦੂਰ ਕਰਨ ਦੇ ਲਈ ਸਿਕਾਈ ਕਰ ਸਕਦੇ ਹੋ। ਇਸ ਲਈ 2 ਟੱਬ ਲਓ। ਇੱਕ ਵਿੱਚ ਗਰਮ ਪਾਣੀ ਅਤੇ ਦੂਸਰੇ ‘ਚ ਠੰਡਾ ਪਾਣੀ ਭਰੋ। ਪਹਿਲਾਂ ਪੈਰਾਂ ਨੂੰ 3-4 ਮਿੰਟ ਗਰਮ ਪਾਣੀ ‘ਚ ਪਾਓ ਅਤੇ ਉਸ ਤੋਂ ਬਾਅਦ ਪੈਰ ਇੱਕ ਮਿੰਟ ਲਈ ਠੰਡੇ ਪਾਣੀ ‘ਚ ਪਾਓ। ਇਸ ਪ੍ਰੀਕਿਰਿਆਂ ਨੂੰ 15-20 ਵਾਰ ਦੋਹਰਾਉਣ ਨਾਲ ਪੈਰਾਂ ਦੀ ਸੋਜ ਠੀਕ ਹੋ ਜਾਂਦੀ ਹੈ।
ਅਦਰਕ: ਸੋਜ ਨੂੰ ਠੀਕ ਕਰਨ ਦੇ ਲਈ ਤੁਸੀਂ ਅਦਰਕ ਦਾ ਇਸਤੇਮਾਲ ਵੀ ਕਰ ਸਕਦੇ ਹੋ। ਕਿਸੇ ਵੀ ਤੇਲ ‘ਚ ਅਦਰਕ ਦੇ ਟੁੱਕੜੇ ਪਾ ਕੇ ਗਰਮ ਕਰੋ ਅਤੇ ਇਸ ਤੇਲ ਨਾਲ ਪੈਰਾਂ ਦੀ ਮਸਾਜ ਕਰੋ। ਇਸ ਨਾਲ ਸੋਜ ਘੱਟ ਹੋ ਜਾਵੇਗੀ। ਇਸ ਤੋਂ ਇਲਾਵਾ ਅਦਰਕ ਦੀ ਚਾਹ ਜਾ ਇਸ ਨੂੰ ਕੱਚਾ ਖਾਣ ਨਾਲ ਵੀ ਫ਼ਾਇਦਾ ਹੁੰਦਾ ਹੈ।
ਨਿੰਬੂ ਪਾਣੀ: ਨਿੰਬੂ ਪਾਣੀ ਪੀਣ ਨਾਲ ਵੀ ਸ਼ਰੀਰ ਦੀ ਅੰਦਰੂਨੀ ਗੰਦਗੀ ਬਾਹਰ ਨਿਕਲਦੀ ਹੈ। ਇਸ ਲਈ ਇੱਕ ਕੱਪ ਹਲਕੇ ਕੋਸੇ ਪਾਣੀ ‘ਚ 2 ਚਮਚ ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਣ ਨਾਲ ਫ਼ਾਇਦਾ ਹੁੰਦਾ ਹੈ।
ਕਸਰਤ: ਪੈਰਾਂ ਦੀ ਸੋਜ ਨੂੰ ਘੱਟ ਕਰਨ ਦੇ ਲਈ ਸਭ ਤੋਂ ਆਸਾਨ ਤਰੀਕਾ ਹੈ ਕਸਰਤ ਕਰਨੀ। ਹਫ਼ਤੇ ‘ਚ 5 ਦਿਨ ਅੱਧਾ ਘੰਟਾ ਸੈਰ ਕਰਨ ਨਾਲ ਪੈਰਾਂ ‘ਚ ਖ਼ੂਨ ਦਾ ਦੌਰਾ ਠੀਕ ਰਹਿੰਦਾ ਹੈ। ਇਸ ਨਾਲ ਵੀ ਸੋਜ ਘੱਟ ਹੁੰਦੀ ਹੈ।