ਚੰਡੀਗੜ : ਪੰਜਾਬ ਸਰਕਾਰ ਨੇ ਪੈਨਸ਼ਨ ਅਤੇ ਹੋਰ ਵਿੱਤੀ ਲਾਭ ਪੇਂਡੂ ਖੇਤਰਾਂ ਦੇ ਲਾਭਪਾਤਰੀਆਂ ਨੂੰ ਵੰਡਣ ਦੇ ਅਧਿਕਾਰ ਬਾਕਾਇਦਾ ਚੁਣੀਆਂ ਗਈਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਦੇ ਦਿੱਤੇ ਹਨ।
ਅੱਜ ਇਥੇ ਜਾਰੀ ਇਕ ਨੋਟੀਫਿਕੇਸ਼ਨ ਮੁਤਾਬਿਕ ਪੈਨਸ਼ਨ ਅਤੇ ਹੋਰ ਲਾਭ ਪੇਂਡੂ ਖੇਤਰ ਦੇ ਲਾਭਪਾਤਰੀਆਂ ਨੂੰ ਪਹਿਲਾਂ ਬੈਂਕਾਂ ਵਲੋਂ ਵੰਡੇ ਜਾਂਦੇ ਸਨ। ਪੰਜਾਬ ਸਰਕਾਰ ਨੇ ਜਿਲਾ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਹਦਾਇਤਾਂ ਜਾਰੀ ਕਰਕੇ ਤੁਰੰਤ ਪ੍ਰਭਾਵ ਨਾਲ ਪ੍ਰਸ਼ਾਸਨਿਕ ਅਫਸਰਾਂ ਦੀ ਨਿਯੁਕਤੀ ਕਰਨ ਨੂੰ ਕਿਹਾ ਹੈ, ਖਾਸ ਕਰਕੇ ਉਨ•ਾਂ ਸਥਾਨਾਂ ਉੱਤੇ ਜਿਥੇ ਕੁਝ ਪ੍ਰਸ਼ਾਸਨਿਕ ਕਾਰਨਾਂ ਕਰਕੇ ਪੰਚਾਇਤਾਂ ਲਾਭਪਾਤਰੀਆਂ ਨੂੰ ਪੈਨਸ਼ਨ ਅਤੇ ਹੋਰ ਵਿੱਤੀ ਲਾਭਾਂ ਦੀ ਵੰਡ ਕਰਨ ਵਿਚ ਅਸਮਰੱਥ ਰਹੀਆਂ ਸਨ। ਅਧਿਕਾਰੀਆਂ ਨੂੰ ਪੈਨਸ਼ਨ ਅਤੇ ਵਿੱਤੀ ਲਾਭਾਂ ਦੀ ਵੰਡ ਇਸ ਮਕਸਦ ਲਈ ਫੰਡ ਹਾਸਲ ਹੋਣਦੇ ਇਕ ਹਫਤੇ ਅੰਦਰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਇਕ ਸਰਕਾਰੀ ਬੁਲਾਰੇ ਅਨੁਸਾਰ ਡੀ ਡੀ ਪੀ ਓਜ ਅਤੇ ਜਿਲਾ ਭਲਾਈ ਅਫਸਰਾਂ ਦੀ ਸ਼ਮੂਲੀਅਤ ਵਾਲੀਆਂ ਜਿਲਾ ਪੱਧਰੀ ਕਮੇਟੀਆਂ ਦਾ ਗਠਨ ਵੀ ਛੇਤੀ ਹੀ ਕੀਤਾ ਜਾਵੇਗਾ ਤਾਂ ਜੋ ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਵੰਡਿਆ ਜਾਣਾ ਯਕੀਨੀ ਬਣਾਇਆ ਜਾ ਸਕੇ।















