ਪੁਲਸ ਹਿਰਾਸਤ ‘ਚੋਂ ਛੁਡਵਾਏ ਜਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਹਰਸਿਮਰਤ ਬਾਦਲ ਨੇ ਕੀਤੀ ਮੰਗ

ਚੰਡੀਗੜ੍ਹ – ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਕਤਰ ’ਚ ਪੁਲਸ ਹਿਰਾਸਤ ’ਚ ਲਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਤੁਰੰਤ ਛੱਡਣ ਦਾ ਮੁੱਦਾ ਚੁੱਕਣ ਦੀ ਅਪੀਲ ਕੀਤੀ ਹੈ। ਪੱਤਰ ’ਚ ਉਨ੍ਹਾਂ ਨੇ ਲਿਖਿਆ ਹੈ ਕਿ ਜਿਸ ਤਰੀਕੇ ਨਾਲ ਤਕਰੀਬਨ 8 ਮਹੀਨੇ ਪਹਿਲਾਂ ਇਹ ਦੋ ਪਾਵਨ ਸਰੂਪ ਪੁਲਸ ਨੇ ਜ਼ਬਤ ਕੀਤੇ, ਉਸ ਤੋਂ ਸਿੱਖ ਸੰਗਤ ਬਹੁਤ ਪ੍ਰੇਸ਼ਾਨ ਹੈ। ਤਕਰੀਬਨ 35 ਸਾਲਾਂ ਤੋਂ ਦੋਹਾ ’ਚ ਦੋ ਵੱਖ-ਵੱਖ ਥਾਵਾਂ ’ਤੇ ਪਵਿੱਤਰ ਸਰੂਪ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਵਿੱਤਰ ਸਰੂਪਾਂ ਨੂੰ ‘ਕੇਸ ਪ੍ਰਾਪਰਟੀ’ ਬਣਾਇਆ ਹੋਇਆ ਹੈ, ਜਿਸ ਨਾਲ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ। ਸੰਗਤ ਪੁਲਸ ਹਿਰਾਸਤ ’ਚੋਂ ਸਰੂਪ ਛੁਡਵਾਉਣ ਲਈ ਯਤਨਸ਼ੀਲ ਹੈ ਪਰ ਉਸ ਦਾ ਕੋਈ ਨਤੀਜਾ ਨਹੀਂ ਨਿਕਲ ਰਿਹਾ। ਇਸ ਨਾਲ ਕਤਰ ਤੇ ਹੋਰ ਥਾਵਾਂ ਵਿਚਲੀ ਸਿੱਖ ਸੰਗਤ ਬਹੁਤ ਪ੍ਰੇਸ਼ਾਨ ਹੈ।
ਉਨ੍ਹਾਂ ਨੇ ਵਿਦੇਸ਼ ਮੰਤਰੀ ਨੂੰ ਇਹ ਅੜਿੱਕਾ ਖ਼ਤਮ ਕਰਵਾਉਣ ਲਈ ਮਾਮਲੇ ’ਚ ਤੁਰੰਤ ਦਖ਼ਲ ਦੇਣ ਅਤੇ ਕਤਰ ’ਚ ਗੁਰਦੁਆਰਾ ਸਾਹਿਬਾਨ ਦੀ ਸਥਾਪਤੀ ਦਾ ਮੁੱਦਾ ਚੁੱਕਣ ਦੀ ਅਪੀਲ ਕੀਤੀ ਤਾਂ ਜੋ ਸਿੱਖ ਆਪਣੇ ਧਰਮ ਦੀ ਪਾਲਣਾ ਆਜ਼ਾਦੀ ਨਾਲ ਕਰ ਸਕਣ।