ਪਿੰਡ ਦੀ ਸੱਥ ਵਿੱਚੋਂ (ਕਿਸ਼ਤ-268)

ਭਾਨੇ ਚੌਂਕੀਦਾਰ ਦੇ ਮੁੰਡੇ ਬਿੱਲੂ ਨੂੰ ਤਿੰਨ ਚਾਰ ਵਾਰ ਸੱਥ ਕੋਲ ਦੀ ਲੰਘਦੇ ਨੂੰ ਵੇਖ ਕੇ ਬਾਬੇ ਅਤਰ ਸਿਉਂ ਨੇ ਅਰਜਨ ਬੁੜ੍ਹੇ ਨਾਲ ਗੱਲੀਂ ਲੱਗੇ ਬੈਠੇ ਨਾਥੇ ਅਮਲੀ ਦੇ ਖੂੰਡੀ ਦੀ ਹੁੱਜ ਮਾਰ ਕੇ ਪੁੱਛਿਆ, ”ਕਿਉਂ ਅਮਲੀਆ ਓਏ! ਆਹ ਜਿਹੜਾ ਮੁੰਡਾ ਐਥੋਂ ਦੀ ਹੁਣ ਨੰਘਿਆ, ਹੋ ਜਾਂਦੇ, ਇਹ ਵਪਾਰੀ ਵਪੂਰੀ ਐ ਕੋਈ। ਕਈ ਗੇੜੇ ਮਾਰ ਗਿਆ ਸੱਥ ਕੋਲ ਦੀ ਜਿਮੇਂ ਕਿਸੇ ਨੂੰ ਭਾਲਦਾ ਹੁੰਦੈ। ਕੀਹਦਾ ਮੁੰਡਾ ਇਹੇ। ਆਪਣੇ ਪਿੰਡੋਂ ਈ ਐ ਕੁ ਬਾਹਰੋਂ ਬੂਹਰੋਂ ਐਂ?”
ਬਾਬਾ ਇੱਕੋ ਸਾਹ ‘ਚ ਅਮਲੀ ਨੂੰ ਕਈ ਸਵਾਲ ਪੁੱਛ ਗਿਆ।
ਨਾਥਾ ਅਮਲੀ ਬਾਬੇ ਅਤਰ ਸਿਉਂ ਨੂੰ ਕਹਿੰਦਾ, ”ਤੂੰ ਨ੍ਹੀ ਜਾਣਦਾ ਬਾਬਾ ਇਹਨੂੰ। ਤਾਏ ਕੁੰਢੇ ਦਾ ਭਤੀਜਾ ਜੈਲੂ ਦਾ ਮੁੰਡਾ, ਘੀਰੂ ਗੰਢੇ ਚੀਰੂ ਭੂਕਾਂ ਕੌੜੀਆਂ, ਵੀਰੂ ਨੇ ਮਾਰਿਆ ਹੀ ਹੀਂ ਹੀਂ ਹੀਂ ਹੀਂ।”
ਅਮਲੀ ਤੋਂ ਘੀਰੂ ਬਾਰੇ ਅੱਧ ਪਚੱਧਾ ਟੋਟਕਾ ਸੁਣ ਕੇ ਅਮਲੀ ਦੇ ਮੂਹਰੇ ਬੈਠਾ ਵਿਸਾਖਾ ਬੁੜ੍ਹਾ ਅਮਲੀ ਨੂੰ ਮੁਸ਼ਕਣੀਆਂ ਹੱਸ ਕੇ ਕਹਿੰਦਾ, ”ਟੋਟਕਾ ਤਾਂ ਅਮਲੀਆ ਤੂੰ ਅੱਧ ਵਚਾਲੇ ਈ ਛੱਡ ‘ਤਾ ਓਏ, ਹੁਣ ਸਿਰੇ ਤਾਂ ਲਾ ਦਿੰਦਾ ਇਹਨੂੰ। ਜਿਹੜੀ ਗੱਲ ਕਹਿਣ ਆਲੀ ਸੀ ਉਹ ਤੂੰ ਹੱਸ ਕੇ ਸਾਰ ‘ਤਾ। ਪੂਰਾ ਫ਼ਿਕਰਾ ਗਾ ਕੇ ਸਣਾ।”
ਅਮਲੀ ਵਿਸਾਖੇ ਬੁੜ੍ਹੇ ਨੂੰ ਕਹਿੰਦਾ, ”ਕਿਉਂ ਤਾਊ ਜੁੱਤੀਆਂ ਮਰਾਉਣੈ ਮੇਰੇ, ਇਹ ਤਾਂ ਅੱਗੇ ਈ ਮੇਰੇ ‘ਤੇ ਇਉਂ ਦੰਦੀਆਂ ਵੱਢਦੇ ਜਿਮੇਂ ਗੰਦੇ ਨਾਲੇ ‘ਚ ਸੂਰ ਨੂੰ ਲਿਟਦਾ ਵੇਖ ਕੇ ਬਨੇਰੇ ‘ਤੇ ਬੰਨ੍ਹੀ ਬਾਂਦਰੀ ਕਚੀਚੀਆਂ ਲੈਂਦੀ ਹੁੰਦੀ ਐ। ਬਾਬੇ ਅਤਰ ਸਿਉਂ ਨੇ ਮੁੰਡੇ ਬਾਰੇ ਪੁੱਛਿਆ ਸੀ ਬਈ ਕੀਹਦਾ ਕੁਸ ਐ ਇਹੇ, ਆਪਾਂ ਦੱਸ ‘ਤਾ। ਇਹ ਤਾਂ ਗੱਲ ਨਿੱਬੜਗੀ, ਹੁਣ ਹੋਰ ਕੋਈ ਗੱਲ ਕਰੋ।”
ਬਾਬਾ ਕਹਿੰਦਾ, ”ਮੈਂ ਤਾਂ ਅਮਲੀਆ ਇਉਂ ਪੁੱਛਦਾਂ ਬਈ ਇਹ ਇਉਂ ਜੇ ਕਿਉਂ ਔਟਲਿਆ ਫਿਰਦੈ ਜਿਮੇਂ ਬੁੱਢੇ ਗਧੇ ਮਗਰ ਕਤੂਰੀ ਪਈ ਫਿਰਦੀ ਹੁੰਦੀ ਐ। ਪਤੰਦਰ ਇਹ ਤਾਂ ਮਾਰ ਗਿਆ ਵੀਹ ਗੇੜੇ ਸੱਥ ਕੋਲ ਦੀ।”
ਏਨੇ ਚਿਰ ਨੂੰ ਸੱਥ ਕੋਲ ਦੀ ਟਰੈਕਟਰ ਟਰਾਲੀ ‘ਚ ਕਿਸੇ ਨੂੰ ਮੱਝ ਲਈ ਜਾਂਦੇ ਨੂੰ ਵੇਖ ਕੇ ਮੁਖਤਿਆਰਾ ਮੈਂਬਰ ਟਰਾਲੀ ਦੇ ਮੂਹਰੇ ਜਾਂਦੇ ਘੀਰੂ ਨੂੰ ਉੱਚੀ ਆਵਾਜ਼ ਮਾਰ ਕੇ ਬੋਲਿਆ, ”ਓਏ ਆਹ ਜਾਂਦੀ ਐ ਓਏ ਘੀਰੂ, ਸਿਆਣ ਲੈ ਇਹੀ ਐ ਕੁ ਕੋਈ ਹੋਰ ਐ?”
ਮੁਖਤਿਆਰੇ ਮੈਂਬਰ ਦਾ ਘੀਰੂ ਨੂੰ ਹੋਕਾ ਸੁਣ ਕੇ ਬਾਬੇ ਅਤਰ ਸਿਉਂ ਨੇ ਮੁਖਤਿਆਰੇ ਮੈਂਬਰ ਨੂੰ ਪੁੱਛਿਆ, ”ਕੀ ਜਾਂਦੀ ਐ ਬਿੰਬਰਾ ਕਾਹਦੀ ਗੱਲ ਕਰਦੈਂ?”
ਨਾਥਾ ਅਮਲੀ ਬਾਬੇ ਦਾ ਸੁਆਲ ਸੁਣਕੇ ਬਾਬੇ ਨੂੰ ਟਿੱਚਰ ‘ਚ ਕਹਿੰਦਾ, ”ਮੱਝ ਜਾਂਦੀ ਆ ਬਾਬਾ, ਹੋਰ ਹਨੀਪ੍ਰੀਤ ਤਾਂ ਨ੍ਹੀ ਜਾਂਦੀ। ਇਹਦੀ ਮੱਝ ਗੁਆਚ ਗੀ ਘੀਰੂ ਦੀ ਉਹ ਭਾਲਦਾ ਫ਼ਿਰਦਾ।”
ਬਾਬਾ ਅਤਰ ਸਿਉਂ ਗੁੱਸੇ ਜੇ ‘ਚ ਬੋਲ ਕੇ ਕਹਿੰਦਾ, ”ਛੱਡੋ ਯਾਰ ਹੁਣ ਸਾਧ ਦੇ ਲੁੱਚਪੁਣੇ ਦੀਆਂ ਦੀਆਂ ਗੱਲਾਂ, ਮਹੀਨਾ ਹੋ ਗਿਆ ਚਵਾ ਚਵੀ ਲਾਈ ਐ। ਸਾਰੀ ਦਿਹਾੜੀ ਸੌਦਾ ਸਾਧ, ਝੂਠਾ ਸਾਧ, ਲੁੱਚਾ ਸਾਧ ਈ ਕਰੀ ਜਾਨੇਂ ਐਂ। ਕਦੇ ਕਿਸੇ ਸੁੱਚੇ ਸਾਧ ਦੀ ਵੀ ਗੱਲ ਕਰ ਲਿਆ ਕਰੋ।”
ਨਾਥਾ ਅਮਲੀ ਸੁੱਚੇ ਸਾਧ ਦਾ ਨਾਂਅ ਲਿਆ ਸੁਣ ਕੇ ਬਾਬੇ ਅਤਰ ਸਿਉਂ ਨੂੰ ਕਹਿੰਦਾ, ”ਹੁਣ ਤੂੰ ਸੁੱਚੇ ਸਾਧ ਦੀ ਸੁਣਨੀ ਐ। ਉਰ੍ਹੇ ਨੂੰ ਹੋ ਜਾ ਫ਼ਿਰ। ਲੁੱਚਿਆਂ ਦੀਆਂ ਤਾਂ ਤੂੰ ਬਹੁਤ ਸੁਣ ਲੀਆਂ ਹੋਣੀਐਂ, ਲੈ ਫ਼ਿਰ ਸੁੱਚੇ ਦੀ ਵੀ ਸੁਣ ਲਾ ਹੁਣ। ਪਹਿਲੀ ਗੱਲ ਤਾਂ ਬਾਬਾ ਇਉਂ ਐਂ ਬਈ ਸਾਧ ਤਾਂ ਕੋਈ ਸੁੱਚਾ ਹੈ ਈ ਨ੍ਹੀ। ਲੁੱਚੇ ਤਾਂ ਕੀ ਲੁੱਚਿਆਂ ਦੇ ਸਾਲੇ ਐ ਇਹ ਤਾਂ ਸਾਧੜੇ। ਦੂਜੀ ਗੱਲ ਐ ਬਈ ਜੇ ਕਿਸੇ ਦਾ ਨਾਂਅ ਸੁੱਚਾ, ਉਹ ਪਤੰਦਰ ਊਂ ਸਿਰੇ ਦਾ ਲੁੱਚੈ। ਹੁਣ ਤੈਨੂੰ ਤਾਂ ਪਤਾ ਈ ਐ ਬਈ ਪਰਾਣੇ ਜਮਾਨੇ ‘ਚ ਲੋਕ ਧਾਰਮਕ ਤੇ ਸਾਫ਼ ਸੁਥਰੇ ਨਾਂਅ ਰੱਖਦੇ ਹੁੰਦੇ ਸੀ। ਲੋਕ ਉਨ੍ਹਾਂ ਨਾਮਾਂ ਦੀ ਕਦਰ ਵੀ ਕਰਦੇ ਸੀ। ਹੁਣ ਤਾਂ ਜਿੰਨੇ ਨਾਂਅ ਸਾਫ਼ ਸੁਥਰੇ ਐ, ਓਨੇ ਬੰਦੇ ਕੰਜਰ ਐ। ਆਹ ਟੈਲੀਵੀਯਨ ‘ਤੇ ਭੱਲਾ ਨਾਂਅ ਗਿਣਦਾ ਤਾਂ ਹੁੰਦਾ, ਨਾਲੇ ਕਰਤੂਤਾਂ ਦੱਸਦਾ ਹੁੰਦੇ। ਭੱਲਾ ਕਹਿੰਦਾ ਹੁੰਦਾ ‘ਸਾਰੇ ਪਿੰਡ ਦੀ ਜੂਠ, ਨਾਉਂ ਸੁੱਚਾ। ਨਾਂਅ ਸ਼ੇਰ ਸਿਉਂ, ਡਰੀ ਕੁੱਤੇ ਤੋਂ ਜਾਊ। ਉਹ ਗੱਲ ਐ ਬਾਬਾ ਲੋਕਾਂ ਦੀ ਤਾਂ।”
ਰੁਲਦੂ ਮਾਸਟਰ ਨਾਥੇ ਅਮਲੀ ਨੂੰ ਕਹਿੰਦਾ, ”ਅਸਲੀ ਗੱਲ ਤਾਂ ਅਮਲੀਆ ਤੂੰ ਲਕੋ ਗਿਆਂ ਓਏ। ਉਹ ਦੱਸ।”
ਅਮਲੀ ਨੇ ਪੁੱਛਿਆ, ”ਉਹ ਕਿਹੜੀ?”
ਵਿਸਾਖਾ ਬੁੜ੍ਹਾ ਕਹਿੰਦਾ, ”ਸੁੱਚੇ ਆਲੀ, ਹੋਰ ਕਿਹੜੀ?”
ਨਾਥਾ ਅਮਲੀ ਫ਼ੇਰ ਹੋ ਗਿਆ ਪੈਰਾਂ ਭਾਰ ਗੱਲ ਸੁਣਾਉਣ ਨੂੰ। ਵਿਸਾਖੇ ਬੁੜ੍ਹੇ ਨੂੰ ਕਹਿੰਦਾ, ”ਕੀ ਸਣਾਈਏ ਤਾਊ ਯਾਰ। ਉਹ ਬੰਦੇ ਨੇ ਤਾਂ ਜੱਖਣਾਂ ਈ ਪੱਟ ‘ਤੀ ਸਭ ਕਾਸੇ ਦੀ।”
ਬਾਬਾ ਅਤਰ ਸਿਉਂ ਕਹਿੰਦਾ, ”ਕੁਸ ਦੱਸ ਵੀ, ਸਾਨੂੰ ਵੀ ਪਤਾ ਲੱਗੇ ਬਈ ਜੱਗ ‘ਚ ਕੀ ਕੁਸ ਹੋਈ ਜਾਂਦੈ?”
ਅਮਲੀ ਕਹਿੰਦਾ, ”ਗੱਲ ਤਾਂ ਬਾਬਾ ਬਾਹਲ਼ੀ ਭੈੜੀ ਹੋਈ ਐ। ਆਹ ਕੋਈ ਸੁੱਚਾ ਸੱਚਾ ਨਾਉਂ ਦਾ ਬੰਦਾ ਦੱਸਦੇ ਐ, ਅਕੇ ਉਹ ਵੀ ਸੱਚੇ ਸੌਦੇ ਤੋਂ ਝੂਠਾ ਸੌਦਾ ਬਣੇ ਸਾਧ ਆਲੇ ਲੱਛਣਾ ‘ਤੇ ਆ ਗਿਆ। ਗਲਤ ਕੰਮਾਂ ‘ਚ ਫ਼ਸ ਗਿਆ। ਜਦੋਂ ਪਤਾ ਲੱਗ ਗਿਆ ਬਈ ਹੁਣ ਤਾਂ ਕਹਾਣੀ ਖਰਾਬ ਹੋ ਗੀ, ਫ਼ੇਰ ਛੇਤੀ ਆਵਦੇ ਵੱਡ ਵਡੇਰੇ ਲੀਡਰਾਂ ਨੂੰ ਗਿੱਦੜ ਚਿੱਠੀ ਲਿਖ ਕੇ ਫ਼ੜਾ ਗਿਆ ਆਪ ਹਰਨਾਂ ਦੇ ਸਿੰਗੀਂ ਚੜ੍ਹ ਗਿਆ। ਹੁਣ ਪੁਲਸ ਇਉਂ ਭਾਲਦੀ ਫ਼ਿਰਦੀ ਐ ਜਿਮੇਂ ਹਰਿਆਣੇ ਆਲੇ ਹਨੀਪ੍ਰੀਤ ਕੋ ਢੂੰਡ ਰਹੇ ਐ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਇਹ ਤਾਂ ਇੱਕ ਦਿਨ ਪੇਸ਼ ਤਾਂ ਹੋਣਾ ਈਂ ਪਊ ਕੁ ਨਹੀਂ?”
ਅਮਲੀ ਕਹਿੰਦਾ, ”ਅਸਲ ‘ਚ ਤਾਂ ਇਨ੍ਹਾਂ ਦੋਨਾਂ ਨੂੰ ਫ਼ੜਨਾ ਈ ਨ੍ਹੀ ਚਾਹੀਦਾ। ਨਾ ਸੁੱਚੇ ਨੂੰ ਨਾ ਪ੍ਰੀਤੋ ਨੂੰ।”
ਪ੍ਰਤਾਪੇ ਭਾਊ ਨੇ ਪੁੱਛਿਆ, ”ਕਿਉਂ ਕਾਹਤੋਂ ਨ੍ਹੀ ਫੜ੍ਹਣਾ ਚਾਹੀਦਾ ਬਈ। ਹਰਿਆਣੇ ਆਲੇ ਹਨੀਪ੍ਰੀਤ ਨੂੰ ਫ਼ੜਨ। ਪੰਜਾਬ ਆਲੇ ਸੁੱਚੇ ਨੂੰ ਫ਼ੜਨ।”
ਅਮਲੀ ਕਹਿੰਦਾ, ”ਏਸੇ ਗੱਲ ਕਰਕੇ ਤਾਂ ਮੈਂ ਕਹਿਨਾਂ ਬਈ ਇੱਕ ਹਰਿਆਣੇ ਦੀ ਭੱਜ ਗੀ ਇੱਕ ਪੰਜਾਬੋਂ ਭੱਜ ਗਿਆ। ਦੋਨਾਂ ਦੀ ਬੀੜ੍ਹੀ ਲਹਿ ਗੀ, ਗੱਲ ਖ਼ਤਮ।”
ਜੱਗਾ ਕਾਮਰੇਡ ਕਹਿੰਦਾ, ”ਆਏਂ ਕਿਮੇਂ ਗੱਲ ਖ਼ਤਮ ਹੋ ਜੂ। ਹਰਿਆਣੇ ਦਾ ਸੱਚਾ, ਪੰਜਾਬ ਦਾ ਸੁੱਚਾ। ਇਹ ਤਾਂ ਜੋੜੀ ਘੋੜੀ ਆਲੀ ਤੁਕ ਜੁੜ ਗੀ। ਸੱਚਾ ਤੇ ਸੁੱਚਾ। ਸੌਦਾ ਸਾਧ ਸੱਚਾ ਸੌਦਾ, ਲੁੱਚੇ ਕੰਮ ਕਰਨ ਆਲੇ ਦਾ ਨਾਂਅ ਸੁੱਚਾ। ਹੱਦ ਈ ਹੋ ਗੀ ਯਾਰ। ਪਤੰਦਰ ਨੇ ਨਾਂਅ ਨੂੰ ਈ ਲਾਜ ਲਾ ‘ਤੀ।”
ਕੰਨਾਂ ਤੋਂ ਉੱਚੀ ਸੁਣਦਾ ਪੰਚਾਸੀਆਂ ਤੋਂ ਟੱਪਿਆਂ ਘੀਸਾ ਚੌਂਕੀਦਾਰ ਕਹਿੰਦਾ, ”ਕੀਹਦੀ ਗੱਲ ਕਰਦੇਂ ਯਾਰ ਮੈਨੂੰ ਵੀ ਕੁਸ ਉੱਚੀ ਬੋਲ ਕੇ ਦੱਸ ਦਿਉ।”
ਨਾਥਾ ਅਮਲੀ ਘੀਸੇ ਚੌਕੀਂਦਾਰ ਦੇ ਕੰਨ ਕੋਲ ਮੂੰਹ ਕਰਕੇ ਉੱਚੀ ਬੋਲ ਕੇ ਕਹਿੰਦਾ, ”ਸੁੱਚੇ ਦੋਧੀ ਦੀ ਗੱਲ ਕਰਦੇ ਆਂ ਚੌਂਕੀਦਾਰਾ। ਕਹਿੰਦੇ ਓਹਨੇ ਕਿਸੇ ਤੀਮੀਂ ਨੂੰ ਬੁਰਾ ਭਲਾ ਆਖ ‘ਤਾ। ਉਹ ਤੀਮੀਂ ਵੀ ਪੁਲਸ ਦੇ ਮਹਿਕਮੇਂ ਦੀ ਦੱਸਦੇ ਐ। ਹੁਣ ਓਹਦੇ ਨਾਲ ਵੀ ਸੌਦੇ ਸਾਧ ਆਲਾ ਸਿਆਪਾ ਪਿਆ ਵਿਐ।”
ਚੌਂਕੀਦਾਰ ਫ਼ੇਰ ਬੋਲਿਆ, ”ਹੁਣ ਫ਼ੇਰ ਉਹਨੂੰ ਵੀ ਫ਼ੜ ਕੇ ਸੌਦੇ ਸਾਧ ਕੋਲ ਛੱਡ ਆਉਣ। ਦੋਮੇਂ ਸਾਢੂ ਸਾਢੂ ‘ਕੱਠੇ ਰਹਿ ਲੈਣਗੇ।”
ਸੀਤਾ ਮਰਾਸੀ ਕਹਿੰਦਾ, ”ਮੈਨੂੰ ਤਾਂ ਲੱਗਦਾ ਕਿਤੇ ਇਹੋ ਜੇ ਕੁੱਤੇ ਕੰਮਾਂ ਆਲਿਆਂ ਵਾਸਤੇ ਜੇਲ੍ਹ ਈ ਨਾ ਅੱਡ ਬਣਾਉਣੀ ਪੈ ਜੇ। ਦੂਰ ਰੋਹੀਆਂ ਰਾਹੀਆਂ ‘ਚ ਬਣਾ ਦੇਣ, ਉੱਥੇ ਛੱਡਿਆਇਆ ਕਰਨ। ਇਹੋ ਜੇ ਲੁੱਚੇ ਸੁੱਚਿਆਂ ਦਾ ਪੂਰਾ ਪਿੰਡ ਈ ਬਣਾ ਦੇਣ। ਪਿੰਡ ਦਾ ਨਾਉ ਰੱਖ ਦੇਣ ਸੁੱਚ ਲੁੱਚ ਗੜ੍ਹ।”
ਬਾਬਾ ਅਤਰ ਸਿਉਂ ਕਹਿੰਦਾ, ”ਚਾਰ ਤਾਂ ਜਣੇ ਹਜੇ ਜਿਹੜੇ ਕੁੱਤੇ ਕੰਮਾਂ ‘ਚ ਫ਼ੜੇ ਗਏ ਐ। ਚੌਂਹ ਦੀ ਖਾਤਰ ਐਨਾਂ ਖਰਚ ਕਦੋਂ ਕਰਦੀਆਂ ਸਰਕਾਰਾਂ।”
ਨਾਥਾ ਅਮਲੀ ਕਹਿੰਦਾ, ”ਜੇਲ੍ਹ ਬਣਾਉਣੀ ਤਾਂ ਸ਼ੁਰੂ ਕਰਨ। ਇਹ ਕਿਹੜਾ ਇੱਕ ਦਿਨ ‘ਚ ਬਣ ਜੂ। ਜਦੋਂ ਨੂੰ ਮਕੰਮਲ ਹੋਣੀ ਐਂ ਉਦੋਂ ਨੂੰ ਹੋਰ ਬਥੇਰੇ ਅੜ ਜਾਣਗੇ ਪਿੰਜਰੇ ‘ਚ। ਹੁਣ ਤਾਂ ਕੰਮ ਭੋਰਾ ਰਿੜਿਆ ਈ ਐ। ਹੋਲੀ ਹੌਲੀ ਆਪੇ ਪੂਰੀ ਸ਼ਪੀਟ ਫ਼ੜ ਜੂ। ਕੇਰਾਂ ਕੰਮ ਚਾਲੂ ਤਾਂ ਕਰਨ। ਆਹ ਆਪਣੇ ਪਿੰਡ ਆਲੇ ਜੱਗੂ ਮਿਸਤਰੀ ਅਰਗੇ ਵੇਹਲੇ ਈ ਫ਼ਿਰਦੇ ਐ ਇਨ੍ਹਾਂ ਨੂੰ ਲੈ ਜਾਣ ਤੇਸੀਆਂ ਕਰੰਡੀਆਂ ਲੈ ਕੇ।”
ਸੀਤਾ ਮਰਾਸੀ ਬੁੱਘਰ ਦਖਾਣ ਵੱਲ ਹੱਥ ਕਰਕੇ ਟਿੱਚਰ ‘ਚ ਕਹਿੰਦਾ, ”ਤੇ ਆਹ ਬੁੱਘਰ ਸਿਉਂ ਅਰਗੇ ਕਿਹੜਾ ਏਥੇ ਮੂੰਗਲੀਆਂ ਫ਼ੇਰਦੇ ਐ। ਐਥੇ ਸੱਥ ‘ਚ ਆ ਕੇ ਐਮੇਂ ਲੜਦਾ ਈ, ਜਦੋਂ ਜੇਲ੍ਹ ਬਣਾਉਣੀ ਸ਼ੁਰੂ ਕਰ ‘ਤੀ ਉਦੋਂ ਤਾਂ ਇਹ ਵੀ ਜਾ ਵੜੂ। ਕਿਉਂ ਮਿਸਤਰੀਆ ਓਏ ਜਾ ਵੜੇਂਗਾ ਕੁ ਨਹੀਂ?”
ਮਰਾਸੀ ਦੀ ਗੱਲ ਸੁਣ ਕੇ ਨਾਥਾ ਅਮਲੀ ਕਹਿੰਦਾ, ”ਇਹ ਕਿਮੇਂ ਜਾ ਪੈਣ ਗੇ ਬਈ। ਇਨ੍ਹਾਂ ਨੇ ਕੋਈ ਕੁੱਤਾ ਕੰਮ ਕਰਨਾ ਨ੍ਹੀ, ਅਗਲਿਆਂ ਨੇ ਲਜਾਣਾ ਨ੍ਹੀ।”
ਉੱਘ ਦੀਆਂ ਪਤਾਲ ਗੱਲਾਂ ਛਿੜੀਆਂ ਸੁਣ ਕੇ ਬਾਬਾ ਅਤਰ ਸਿਉਂ ਸਾਰਿਆਂ ਨੂੰ ਘੂਰ ਕੇ ਬੋਲਿਆ, ”ਚੁੱਪ ਨ੍ਹੀ ਕਰਦੇ ਓਏ। ਕੋਈ ਚੱਜ ਦੀ ਗੱਲ ਕਰ ਲਿਆ ਕਰੋ। ਨਾਲੇ ਹੁਣ ਨਾ ਬੋਲਿਉ ਗਿਆਨੀ ਜੱਸਾ ਸਿਉਂ ਆਉਂਦਾ। ਸਿਆਣੇ ਬੰਦੇ ਕੋਲ ਉੱਚਾ ਨੀਮਾਂ ਬੋਲਿਆ ਸੋਂਹਦਾ ਨ੍ਹੀ ਹੁੰਦਾ।”
ਏਨੇ ਚਿਰ ਨੂੰ ਗਿਆਨੀ ਜੱਸਾ ਸਿਉਂ ਸੱਥ ‘ਚ ਆ ਕੇ ਸਾਰਿਆਂ ਨੂੰ ਗੁਰ ਫ਼ਤਹਿ ਬੁਲਾ ਕੇ ਬਾਬੇ ਅਤਰ ਸਿਉਂ ਕੋਲ ਬਹਿ ਗਿਆ। ਗਿਆਨੀ ਜੱਸਾ ਸਿਉਂ ਬਾਹਰ ਖੇਤਾਂ ‘ਚ ਰਹਿੰਦਾ ਕਰ ਕੇ ਕਦੇ ਕਦੇ ਪਿੰਡ ਦੀ ਖਬਰਸਾਰ ਲੈਣ ਸੱਥ ‘ਚ ਆ ਜਾਂਦਾ। ਗਿਆਨੀ ਜੀ ਨੇ ਸੱਥ ‘ਚ ਬੈਠਦਿਆਂ ਹੀ ਬਾਬੇ ਅਤਰ ਸਿਉਂ ਨੂੰ ਪੁੱਛਿਆ, ”ਕਿਉਂ ਅਤਰ ਸਿਆਂ! ਦਸੌਂਧੇ ਦੇ ਮੁੰਡੇ ਨੂੰ ਕੀ ਗੱਲ ਹੋ ਗੀ। ਮੈਂ ਸੁਣਿਆਂ ਕਹਿੰਦੇ ਉਹਨੂੰ ਪਰੋਜਪੁਰ ਆਲੀ ਪੁਲਸ ਫ਼ੜ ਕੇ ਲੈ ਗੀ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਕਦੋਂ ਬਈ?”
ਗਿਆਨੀ ਜੀ ਕਹਿੰਦੇ, ”ਆਹ ਹੁਣ ਘੈਂਟਾ ਕੁ ਸਾਰਾ ਹੋਇਆ ਦੱਸਦੇ ਐ।”
ਬਾਬੇ ਅਤਰ ਸਿਉਂ ਨੇ ਵਿਸਾਖੇ ਬੁੜ੍ਹੇ ਨੂੰ ਪੁੱਛਿਆ, ”ਕਿਉਂ ਵਿਸਾਖਾ ਸਿਆਂ! ਤੇਰਾ ਮੁੰਡਾ ਤੇ ਦਸੌਂਧੇ ਦਾ ਮੁੰਡਾ ਸਾਂਢੂ ਐ, ਤੈਨੂੰ ਤਾਂ ਪਤਾ ਹੋਣੈ ਜਿਹੜੀ ਗੱਲ ਗਿਆਨੀ ਜੀ ਦੱਸਦੇ ਐ?”
ਵਿਸਾਖਾ ਬੁੜ੍ਹਾ ਕਹਿੰਦਾ, ”ਨਾ ਬਈ ਕਸਮ ਲੈ ਲੋ, ਮੈਨੂੰ ਕੋਈ ਪਤਾ ਨ੍ਹੀ।”
ਬਾਬਾ ਅਤਰ ਸਿਉਂ ਵਿਸਾਖੇ ਬੁੜ੍ਹੇ ਨੂੰ ਕਹਿੰਦਾ, ”ਚੱਲ ਖਾਂ ਲਈਏ ਪਤਾ।”
ਜਦੋਂ ਬਾਬਾ ਅਤਰ ਸਿਉਂ ਤੇ ਵਿਸਾਖਾ ਬੁੜ੍ਹਾ ਸੱਥ ‘ਚੋਂ ਉੱਠ ਕੇ ਦਸੌਂਧੇ ਬੁੜ੍ਹੇ ਦੇ ਘਰ ਨੂੰ ਉਹਦੇ ਮੁੰਡੇ ਦੀ ਖ਼ਬਰ ਨੂੰ ਤੁਰੇ ਤਾਂ ਬਾਕੀ ਦੀ ਸੱਥ ਵੀ ਆਪੋ ਆਪਣੇ ਘਰਾਂ ਨੂੰ ਇਉਂ ਉਠ ਕੇ ਤੁਰ ਪਈ ਜਿਮੇਂ ਉਹ ਵੀ ਕਿਸੇ ਲੁੱਚੇ ਸੁੱਚੇ ਦੇ ਪਤੇ ਨੂੰ ਤੁਰ ਪਏ ਹੋਣ। ਸੱਥ ਖ਼ਾਲੀ ਹੋ ਗਈ।