ਪਿੰਡ ਦੀ ਸੱਥ ਵਿੱਚੋਂ (ਕਿਸ਼ਤ-204)

main-news-300x150ਹੱਥ ਵਿੱਚ ਰਜਿਸਟਰ ਫ਼ੜੀ ਸੱਥ ਕੋਲ ਦੀ ਲੰਘੇ ਜਾਂਦੇ ਸਕੂਲ ਦੇ ਤਿੰਨ ਚਾਰ ਮਾਸਟਰਾਂ ਨੂੰ ਵੇਖ ਕੇ ਬਾਬੇ ਜੰਗ ਸਿਉਂ ਨੇ ਜੇਬ੍ਹ ‘ਚੋਂ ਜੇਬ੍ਹਘੜੀ ਕੱਢੀ ਅਤੇ ਟਾਈਮ ਵੇਖ ਕੇ ਨਾਲ ਬੈਠੇ ਹਾਕਮ ਫ਼ੌਜੀ ਨੂੰ ਪੁੱਛਿਆ, ”ਕਿਉਂ ਬਈ ਫ਼ੌਜੀਆ! ਆਹ ਮਾਹਟਰਾਂ ਨੂੰ ਛੁੱਟੀ ਹੋ ਵੀ ਗਈ ਅੱਜ। ਹਜੇ ਤਾਂ ਯਾਰ ਇੱਕ ਮਨ੍ਹੀ ਵੱਜਿਆ। ਛੁੱਟੀ ਤਾਂ 4 ਵਜੇ ਹੁੰਦੀ ਐ, ਇਹ ਪਤੰਦਰ ਚੱਕ ਕੇ ਵੱਡੀਆਂ ਵੱਡੀਆਂ ਕਾਪੀਆਂ ਜੀਆਂ ਘਰਾਂ ਨੂੰ ਤੁਰ ਵੀ ਪਏ।”
ਨਾਥਾ ਅਮਲੀ ਬਾਬੇ ਨੂੰ ਕਹਿੰਦਾ, ”ਜੀਹਤੋਂ ਬਾਬਾ ਤੈਂ ਟੈਮ ਵੇਖਿਐ ਇਹ ਘੜੀ ਐ ਕੁ ਠੀਕਰਾ ਚੱਕੀ ਫ਼ਿਰਦੈਂ। ਚਾਰ ਵੱਜ ਈ ਗਏ ਹੋਣੇ ਐ ਤਾਂ ਈ ਚੱਲੇ ਐ ਇਹੇ ਛੁੱਟੀ ਕਰ ਕੇ। ਤੇਰਾ ਘੜਿਆਲ ਈ ਪਛੜਿਆ ਵਿਆ ਲੱਗਦੈ। ਚਾਬੀ ਚੂਬੀ ਦੇ ਕੇ ਰੱਖਿਆ ਕਰ ਖਾਂ ਇਹਨੂੰ। ਚਾਬੀ ਤਾਂ ਤੂੰ ਇਹਨੂੰ ਬਾਰ੍ਹੀਂ ਵਰ੍ਹੀਂ ਦਿੰਦਾ ਲੱਗਦੈਂ, ਸਹੀ ਟੈਮ ਕਿੱਥੋਂ ਦੇਦੇ ਇਹੇ ਲੁਧਿਆਣੇ ਆਲਾ ਘੈਂਟਾ ਘਰ।”
ਕੋਲ ਬੈਠਾ ਮਾਹਲਾ ਨੰਬਰਦਾਰ ਬਾਬੇ ਜੰਗ ਸਿਉਂ ਨੂੰ ਕਹਿੰਦਾ, ”ਕਾਹਨੂੰ ਜੰਗ ਸਿਆਂ ਛੁੱਟੀ ਹੋਈ ਐ, ਇਹ ਤਾਂ ਮਰਦਮਸ਼ਮਾਰੀ ਕਰਨ ਚੱਲੇ ਐ। ਪਿੰਡ ਦੇ ਓਧਰਲੇ ਪਾਸਿਉਂ ਲੱਗੇ ਵੇ ਐ ਪਰਸੋਂ ਕੁ ਦੇ ਲੋਕਾਂ ਦੇ ਜੀਅ ਲਿਖਣ।”
ਨਾਥਾ ਅਮਲੀ ਮਾਹਲੇ ਨੰਬਰਦਾਰ ਦੀ ਗੱਲ ਸੁਣ ਕੇ ਬੋਲਿਆ, ”ਲੋਕਾਂ ਦੇ ਟੱਬਰ ਲਿਖਣ ਜੋਗੇ ਈ ਐ ਇਹੇ ਮਾਹਟਰ ਜੇ । ਪੜ੍ਹਨਾ ਪੜ੍ਹਾਉਣਾ ਤਾਂ ਇਨ੍ਹਾਂ ਨੂੰ ਕੁਸ ਆਉਂਦਾ ਨ੍ਹੀ। ਬੱਸ ਇਨ੍ਹਾਂ ਕੰਮਾਂ ਨੂੰ ਈ ਰੱਖੇ ਵੇ ਐ ਸਰਕਾਰ ਦੇ ਇਹੇ। ਕਦੇ ਇਨ੍ਹਾਂ ਤੋਂ ਵੋਟਾਂ ਪੁਆ ਲੈਂਦੇ ਐ ਕਦੇ ਲੋਕਾਂ ਦੇ ਜੀਅ ਗਣਾ ਲੈਂਦੇ ਐ। ਵੀਹ ਕੁ ਦਿਨ ਹੋਏ ਐ ਕਹਿੰਦੇ ਆਪਣੇ ਪਿੰਡ ਵਿਚਲੇ ਸਕੂਲ ‘ਚ ਸਕੂਲਾਂ ਦੇ ਕਿਸੇ ਵੱਡੇ ਅਸਫ਼ਰ ਨੇ ਛਾਪਾ ਮਾਰ ਲਿਆ ਇੱਕ ਦਿਨ। ਉਹ ਜਿਹੜਾ ਅਸਫ਼ਰ ਆਇਆ ਸੀ, ਉਹਨੇ ਇੱਕ ਮਾਸਟਰਨੀ ਨੂੰ ਪੁੱਛਿਆ ਬਈ ਆਪਣੇ ਦੇਸ਼ ਦੇ ਸਾਰਿਆਂ ਤੋਂ ਵੱਡੇ ਮਾਲਕ ਦਾ ਕੀ ਨਾਉਂ ਐ?”
ਹੈਡਮਾਸਟਰ ਰਿਟਾਇਰ ਹੋਇਆ ਜੰਗੀਰ ਸਿਉਂ ਅਮਲੀ ਦੀ ਗੱਲ ਟੋਕ ਕੇ ਕਹਿੰਦਾ, ”ਡੀ.ਓ. ਆਇਆ ਸੀ ਨਾਥਾ ਸਿਆਂ ਉਹੋ। ਉਹਨੇ ਆਪਣੇ ਰਾਸ਼ਟਰਪਤੀ ਦਾ ਨਾਂਅ ਪੁੱਛਿਆ ਸੀ ਮਾਸਟਰਾਨੀ ਤੋਂ।”
ਅਮਲੀ ਜੰਗੀਰ ਸਿਉਂ ਦੀ ਗੱਲ ਸੁਣ ਕੇ ਫ਼ੇਰ ਚੱਲ ਪਿਆ ਖਤਰਾਮਾਂ ਵਾਲੇ ਖਰਾਸ ਵਾਂਗੂੰ। ਕਹਿੰਦਾ, ”ਹਾਂ-ਹਾਂ ਮਾਹਟਰ ਜੀ ਇਹੋ ਈ ਨਾਂ ਪੁੱਛਿਆ ਸੀ ਜਿਹੜਾ ਤੈਂ ਲਿਆ।”
ਬਾਬੇ ਜੰਗ ਸਿਉਂ ਨੇ ਅਮਲੀ ਨੂੰ ਪੁੱਛਿਆ, ”ਕੀ ਬੋਲੀ ਫ਼ਿਰ ਮਾਹਟਰਨੀ ਨਾਥਾਂ ਸਿਆਂ?”
ਅਮਲੀ ਕਹਿੰਦਾ, ”ਬੋਲਣਾ ਕੀ ਸੁਆਹ ਸੀ ਸੱਤਾਂ ਚੁੱਲ੍ਹਿਆਂ ਦੀ, ਕਹਿੰਦੀ ਇਹ ਤਾਂ ‘ਗਰੇਜੀ ਆਲੇ ਮਾਹਟਰ ਨੂੰ ਪਤਾ ਹੋਊ ਜਰਨੈਲ ਸਿਉਂ ਨੂੰ ਜਾਂ ਫ਼ਿਰ ਪੰਜਾਬੀ ਆਲੇ ਵਜੀਰ ਸਿਉਂ ਨੂੰ ਪਤੈ। ਉਹ ਭਾਮੇਂ ਪੜ੍ਹਾਉਂਦਾ ਹੋਵੇ ਮੰਤਰੀਆਂ ਸੰਤਰੀਆਂ ਬਾਰੇ, ਮੇਰੀ ਕਲਾਸ ਨੂੰ ਨ੍ਹੀ ਲੱਗਿਆ ਇਹੇ ਅੱਖਰ।”

ਸੀਤਾ ਮਰਾਸੀ ਅਮਲੀ ਦੀ ਗੱਲ ਟੋਕ ਕੇ ਟਿੱਚਰ ‘ਚ ਬੋਲਿਆ, ”ਫ਼ੇਰ ਤਾਂ ਅਮਲੀਆ ਤੇਰੀ ਗੱਲ ਸੱਚੀਓ ਈ ਐ ਬਈ ਇਹ ਮਾਹਟਰ ਜੇ ਤਾਂ ਵੋਟਾਂ ਵੂਟਾਂ ਪੁਆਉਣ ਆਲੇ ਈ ਐ। ਹੁਣ ਵੋਟਾਂ ਨੇੜੇ ਤੇੜੇ ਨ੍ਹੀ ਹੋਣੀਆਂ। ਹੁਣ ਲੋਕਾਂ ਦੇ ਜੀਅ ਗਿਣਨ ‘ਤੇ ਲਾ ‘ਤੇ ਸਰਕਾਰ ਨੇ ਬਈ ਭੌਂਕਦੇ ਫ਼ਿਰੋ ਜਿਮੇਂ ਔਟਲੀ ਵੀ ਮੱਝ ਬਗਾਨੇ ਪਿੰਡ ‘ਚ ਹੇਲ੍ਹੀਆਂ ਦਿੰਦੀ ਫ਼ਿਰਦੀ ਹੁੰਦੀ ਐ॥ ਜਦੋਂ ਇਨ੍ਹਾਂ ਦੋਹਾਂ ਕੰਮਾਂ ਦੀ ਰੁੱਤ ਨ੍ਹੀ ਹੁੰਦੀ ਤਾਂ ਇਹ ‘ਕੱਠੇ ਹੋ ਕੇ ਚੰਦੀਗੜ੍ਹ ਮਟਕਾ ਚੌਂਕ ਨੂੰ ਤੁਰ ਪੈਂਦੇ ਐ ਕੁੱਟ ਖਾਣ ਨੂੰ।”
ਅਮਲੀ ਦੀ ਗੱਲ ‘ਚ ਬੋਲੇ ਮਰਾਸੀ ਨੂੰ ਬਾਬਾ ਜੰਗ ਸਿਉਂ ਘੂਰ ਕੇ ਬੋਲਿਆ, ”ਚੁੱਪ ਨ੍ਹੀ ਕਰਦਾ ਮੀਰ ਓਏ। ਗੱਲ ਸੁਣ ਲਿਆ ਕਰੋ ਯਾਰ ਆਵਦਾ ਈ ਟੱਟੂ ਦਵੱਲ ਤੁਰਦੇ ਐਂ ਵਿੱਚ।”
ਜੱਗਾ ਕਾਮਰੇਡ ਕਹਿੰਦਾ, ”ਹੁਣ ਦੇ ਮਾਹਟਰਾਂ ਅਰਗੇ ਮਾਹਟਰ ਕਿਤੇ ਮਿਲਣੇ ਐ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀ, ਮਾਹਟਰ ਕੁੱਟ ਕੁੱਟ ਕੇ ਵਿੱਚੇ ਈ ਮੂਤ ਕੱਢ ਦਿੰਦੇ ਹੁੰਦੇ ਸੀ ਜਿਹੜਾ ਯਾਦ ਨ੍ਹੀ ਸੀ ਕਰ ਕੇ ਆਉਂਦਾ ਕੁਸ। ਹਸਾਬ ਆਲੇ ਮਖਤਿਆਰ ਸਿਉਂ ਮਾਹਟਰ ਤੋਂ ਡਰਦੇ ਚੜ੍ਹਤੇ ਕੇ ਗੋਰੇ ਅਰਗੇ ਪਿੰਡ ਆਲਾ ਸਕੂਲ ਛੱਡ ਕੇ ਨਾਨਕੀਂ ਜਾ ਪੜ੍ਹਨ ਲੱਗੇ ਸੀ। ਹੁਣ ਤਾਂ ਯਾਰ ਨਾ ਕਿਸੇ ਨੂੰ ਫ਼ੇਲ੍ਹ ਕਰਦੇ ਐ ਨਾ ਕਿਸੇ ਦੀ ਗ਼ੈਰਹਾਜਰੀ ਲਾਉਣ। ਕਹਿ ਦਿੰਦੇ ਐ, ਬੱਸ ਕੇਰਾਂ ਸਕੂਲ ‘ਚ ਨਾਉਂ ਦਾਖਲ ਕਰਾਜੋ ਆ ਕੇ। ਸਾਲ ਪਿੱਛੋਂ ਪਾਸ ਦਾ ਸਰਟੀਫ਼ਿਟਕ ਲੈ ਜਿਓ। ਅੱਠ ਤਕ ਮੌਜਾਂ ਲੁੱਟੋ ਕਹਿ ਦਿੰਦੇ ਐ।”
ਮੁਖਤਿਆਰ ਸਿਉਂ ਮਾਸਟਰ ਬਾਰੇ ਗੱਲ ਚੱਲਦੀ ਸੁਣ ਕੇ ਭਜਨੇ ਕਾ ਕੌਡੂ ਕਹਿੰਦਾ, ”ਜੇ ਮਖਤਿਆਰ ਸਿਉਂ ਕਿਤੇ ਮਾਹਟਰ ਨਾ ਲੱਗਿਆ ਹੁੰਦਾ ਤਾਂ ਮੈਂ ਹੁਣ ਨੂੰ ਸਤੀਲਦਾਰ ਲੱਗਿਆ ਹੋਣਾ ਸੀ। ਜਿਹੜੇ ਮਾੜੇ ਮੋਟੇ ਹਸਾਬ ਦੇ ਚਾਰ ਅੱਖਰ ਯਾਦ ਸੀ ਉਹ ਵੀ ਪਤੰਦਰ ਨੇ ਕੁੱਟ ਕੇ ਭਲਾ ‘ਤੇ ਸੀ। ਮੇਰੇ ਨਾਲ ਤਾਂ ਪਤਾ ਨ੍ਹੀ ਕੀ ਦੁਸ਼ਮਣੀ ਸੀ, ਆਉਣ ਸਾਰ ਔਖਾ ਜਾ ਸੁਆਲ ਪੁੱਛ ਕੇ ਮੈਨੂੰ ਤਾਂ ਇਉਂ ਢਾਹ ਲੈਂਦਾ ਸੀ ਜਿਮੇਂ ਦਾਗ ਦੇਣੇ ਵੇਲੇ ਗਧਾ ਢਾੲ੍ਹੀਦਾ ਹੁੰਦਾ। ਇੱਕ ਮਾਰ ਦੋ ਚਾਰ, ਮਾਰ ਚਾਰ ਮਾਰ, ਪਤੰਦਰ ਹਟਦਾ ਈ ਨ੍ਹੀ ਸੀ ਕੁੱਟਣੋ ਜਿੰਨਾ ਚਿਰ ਕੁਸ ਲੀਕ ਛੀਕ ਨ੍ਹੀ ਸੀ ਹੁੰਦਾ। ਮੈਂ ਵੀ ਪੰਜ ਚਾਰ ਕੁ ਮਹੀਨੇ ਤਾਂ ਵੇਖਿਆ ਬਈ ਹੁਣ ਵੀ ਹਟਿਆ, ਹੁਣ ਵੀ ਹਟਿਆ। ਪਰ ਕਿੱਥੇ। ਹਾਰ ਕੇ ਮੈਂ ਈ ਥੱਕ ਹੰਭ ਕੇ ਸਕੂਲੋਂ ਹਟ ਗਿਆ। ਮਖਿਆ ਡੰਗਰ ਚਾਰ ਲੂ ਪਰ ਤੇਰੀ ਜਾੜ੍ਹ ਥੱਲੇ ਆਉਂਦਾ ਹੁਣ। ਮੇਰੇ ਗਲ ‘ਚ ਅਨਪੜ੍ਹਤਾ ਦੀ ਤਖ਼ਤੀ ਪਾਉਣ ਆਲਾ ਮਖਤਿਆਰ ਸਿਉਂ ਮਾਹਟਰ ਈ ਐ।”
ਨਾਥਾ ਅਮਲੀ ਕੌਡੂ ਦੀ ਗੱਲ ਸੁਣ ਕੇ ਕਹਿੰਦਾ, ”ਬੇਅਕਲਿਆਂ ਦੇ ਜੋਗੇ ਕੇ ਮਿੱਠੂ ਦੇ ਵਿਆਹ ਵੇਲੇ ਜੰਨ ਕਟਾਉਣ ਦਾ ਸੇਹਰਾ ਵੀ ਮਖਤਿਆਰ ਸਿਉਂ ਮਾਹਟਰ ਨੂੰ ਈ ਜਾਂਦੈ।”
ਬਾਬੇ ਜੰਗ ਸਿਉਂ ਨੇ ਅਮਲੀ ਨੂੰ ਪੁੱਛਿਆ, ”ਉਹ ਕਿਮੇਂ ਅਮਲੀਆ। ਜੰਨ ਜੁੰਨ ‘ਚ ਸੁਆਲ ਸੂਲ ਪਾ ‘ਤਾ ਸੀ ਮਾਹਟਰ ਨੇ ਕੁ ਕੋਈ ਹੋਰ ਗੱਲ ਐ?”
ਅਮਲੀ ਕਹਿੰਦਾ, ”ਸੁਆਲ ਕਾਹਨੂੰ ਪਾਇਆ ਸੀ ਬਾਬਾ। ਮਖਤਿਆਰ ਸਿਉਂ ਤਾਂ ਜੰਨ ਮਨ੍ਹੀ ਸੀ ਗਿਆ। ਜੇ ਕਿਤੇ ਜੰਨ ਜਾ ਪੈਂਦਾ ਤਾਂ ਸਭ ਤੋਂ ਵੱਧ ਕੰਬਖਤੀ ਮੇਰੀਓ ਈ ਆਉਣੀ ਸੀ। ਉਹਨੇ ਪੁੱਛ ਲੈਣਾ ਸੀ ਬਈ ਜੇ ਇੱਕ ਜਾਨੀ ਇੱਕ ਬਾਲੂਸ਼ਾਹੀ, ਦੋ ਲੱਡੂ, ਅੱਧ ਪਾ ਪਤੌੜ ਤੇ ਦੋ ਬਾਟੀਆਂ ਚਾਹ ਦੀਆਂ ਪੀਂਦਾ ਤਾਂ ਇਉਂ ਦੱਸ ਬਈ ਅੱਠ ਜਾਨੀ ਤੇ ਪੰਜ ਜੁਆਕ ਜਾਨੀ ਆਥਣ ਤਕ ਇਹੀ ਸਮਾਨ ਕਿੰਨਾ ਖਾਣਗੇ। ਮੈਨੂੰ ਸੁਆਲ ਆਉਣਾ ਨ੍ਹੀ ਸੀ, ਮਖਤਿਆਰ ਸਿਉਂ ਨੇ ਕੁੱਟ ਕੁੱਟ ਕੇ ਮੇਰਾ ਮੂੰਹ ਭਿਸੀਆਣੇ ਆਲੇ ਛੱਪੜ ਅਰਗਾ ਕਰ ਦੇਣਾ ਸੀ।”
ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, ”ਹੁਣ ਫ਼ੇਰ ਕੁਸ ਦੱਸੇਂਗਾ ਵੀ ਕੁ ਅੱਕਾਂ ਚੀ ਡਾਂਗਾਂ ਮਾਰੀ ਜਾਏਂਗਾ?”
ਅਮਲੀ ਕਹਿੰਦਾ, ”ਲੈ ਫ਼ਿਰ ਉਰ੍ਹੇ ਨੂੰ ਹੋ ਜੋ ਹੁਣ ਜੇ ਕੁਸ ਸੁਣਨਾ ਤਾਂ। ਇਹ ਜਿਹੜਾ ਬੇਅਕਲਿਆਂ ਦੇ ਜੋਗੇ ਬੀਂਢਲ ਕਾ ਮਿੱਠੂ ਐ। ਇਹਨੂੰ ਮਨ੍ਹੀ ਸਕੂਲ ‘ਚ ਕੁਸ ਆਉਂਦਾ ਹੁੰਦਾ ਸੀ। ਮਖਤਿਆਰ ਸਿਉਂ ਨੇ ਇਹਨੂੰ ਵੀ ਬਹੁਤ ਬੜਘੰਜਣਾ। ਮਖਤਿਆਰ ਸਿਉਂ ਦੀ ਕੁੱਟ ਨੇ ਈ ਮਿੱਠੂ ਨੂੰ ਸਵਾਰੀਆਂ ਢੋਹਣ ਆਲਾ ਤਿੰਨ ਪਹੀਆਂ ਆਲਾ ਟੈਂਪੂ ਚਲਾਉਣ ਲਾਇਆ। ਕੁੱਟ ਤੋਂ ਡਰਦਾ ਮਿੱਠੂ ਸਕੂਲੋਂ ਈ ਹਟ ਗਿਆ। ਮਿੱਠੂ ਕੇ ਬੁੜ੍ਹੇ ਨੇ ਮਿੱਠੂ ਨੂੰ ਨਮਾਂ ਟੈਂਪੂ ਲੈ ‘ਤਾ। ਚਾਰ ਸਾਲ ਮਿੱਠੂ ਨੇ ਦਿਨ ਰਾਤ ਵਾਹਿਆ ਟੈਂਪੂ। ਮੁੜ ਕੇ ਮਿੱਠੂ ਦਾ ਵਿਆਹ ਧਰ ‘ਤਾ ਮਿੱਠੂ ਦੇ ਘਰਦਿਆਂ ਨੇ। ਸਵਾਰੀਆਂ ਢੋਂਹਦਾ ਕਰ ਕੇ ਮਿੱਠੂ ਦੀ ਜਾਣ ਪਛਾਣ ਬਹੁਤ ਬਾਹਲ਼ੀ ਹੋ ਗੀ। ਮਿੱਠੂ ਆਵਦੀਆਂ ਬਹੁਤੀਆਂ ਸਵਾਰੀਆਂ ਨੂੰ ਜੰਨ ਲੈ ਗਿਆ। ਡੂਢ ਸੈ ਬੰਦਾ ਮਿੱਠੂ ਦੀ ਜੰਨ ਦਾ ਸੀ। ਜਦੋਂ ਮਿੱਠੂ ਦੇ ‘ਨੰਦ ਕਾਰਜ ਹੋਣ ਲੱਗੇ ਤਾਂ ‘ਨੰਦਾਂ ‘ਤੇ ਕੁੜੀ ਕਿਤੇ ਮਿੱਠੂ ਤੋਂ ਥੋੜ੍ਹੀ ਜੀ ਵਿੱਥ ਨਾਲ ਬਹਿ ਗੀ। ਜਦੋਂ ਅੱਧੇ ਕੁ ‘ਨੰਦ ਪੜ੍ਹੇ ਗਏ ਤਾਂ ਮਿੱਠੂ ਕਿਤੇ ਕੁੜੀ ਨੂੰ ਕਹਿੰਦਾ ‘ਉਰ੍ਹੇ ਨੂੰ ਜਾ ਭੈਣੇ, ਤੇਰੇ ਪਰਲੇ ਪਾਸੇ ਕੋਈ ਹੋਰ ਬਹਿ ਜੂ ਗੀ ਤੇਰੇ ਨਾਲ’।”
ਗੱਲ ਸੁਣੀ ਜਾਂਦੇ ਬੁੱਘਰ ਦਖਾਣ ਨੇ ਅਮਲੀ ਨੂੰ ਪੁੱਛਿਆ, ”ਇਉਂ ਕਿਉਂ ਕਿਹਾ ਮਿੱਠੂ ਨੇ ਉਹਨੂੰ?”
ਨਾਥਾ ਅਮਲੀ ਕਹਿੰਦਾ, ”ਉਹਨੇ ਕਿਹੜਾ ਛੇੜਨ ਦੇ ਮਾਰੇ ਨੇ ਕਿਹਾ ਸੀ। ਮਿੱਠੂ ਟੈਂਪੂ ਚਲਾਉਂਦਾ ਕਰ ਕੇ ਸਵਾਰੀਆਂ ਨੂੰ ਸੀਟਾਂ ‘ਤੇ ਬਠਾਉਣ ਦਾ ਮਾਰਾ ਸਾਰੀਆਂ ਸਵਾਰੀਆਂ ਨੂੰ ਅਕਸਰ ਈ ਕਿਹਾ ਕਰਦਾ ਸੀ ਬਈ ਭੈਣੇ ਨਾਲ-ਨਾਲ ਹੋ ਜੋ ਸੋਡੇ ਨਾਲ ਇੱਕ ਸਵਾਰੀ ਹੋਰ ਬਹਿ ਜੂ। ਸਵਾਰੀਆਂ ਨੂੰ ਇਉਂ ਕਹਿਣ ਦੀ ਮਿੱਠੂ ਦੀ ਆਦਤ ਪੱਕੀ ਵੀ ਸੀ। ਉਹਨੇ ਆਵਦੇ ਤੇ ਵਿਹਾਓਲੀ ਕੁੜੀ ਦੇ ਵਚਾਲੇ ਖ਼ਾਲੀ ਥਾਂ ਪਈ ਵੇਖ ਕੇ ਈ ਕੁੜੀ ਨੂੰ ਇਹ ਗੱਲ ਕਹੀ ਸੀ। ਕੁੜੀ ਦੇ ਘਰ ਦਿਆਂ ਨੇ ਸੋਚਿਆ ਬਈ ਇਹ ਕਿਤੇ ਖਣੀ ਇਉਂ ਕਹਿੰਦਾ ਬਈ ਇੱਕ ਹੋਰ ਬਠਾ ਦਿਓ ਨਾਲ। ਉਨ੍ਹਾਂ ਨੇ ਸਮਝਿਆ ਬਈ ਖਣੀ ਦੋਂਹ ਨੂੰ ਵਿਆਹ ਕੇ ਲਿਜਾਣ ਨੂੰ ਫ਼ਿਰਦੈ ਇਹੇ। ਕੁੜੀ ਆਲਿਆਂ ਨੇ ਭਾਈ ‘ਨੰਦ ਕਾਰਜ ਜੇ ਅੱਧ ਵਚਾਲੇ ਕਰਾ ਕੇ ਬੰਦ, ਮਿੱਠੂ ਦੇ ਗਲ ‘ਚ ਜਿਹੜੀ ਚੁੰਨੀ ਜੀ ਪਾਈ ਵੀ ਸੀ, ਓਸੇ ਨਾਲ ਦੇ ਕੇ ਵਟਾ ਮਿੱਠੂ ਨੂੰ ਕੁੜੀ ਦੇ ਭਰਾ ਅੰਦਰ ਨੂੰ ਇਉਂ ਘੜੀਸ ਕੇ ਲੈ ਗੇ ਜਿਮੇਂ ਮਰਿਆ ਵਿਆ ਸੂਰ ਘੜੀਸ ਕੇ ਖੁੱਡੇ ‘ਚੋਂ ਕੱਢਦੇ ਹੋਣ।”
ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਅਮਲੀਆ ਜਿਹੜਾ ਡੂਢ ਸੈ ਬੰਦਾ ਜੰਨ ਦਾ ਨਾਲ ਗਿਆ ਸੀ ਉਨ੍ਹਾਂ ਨੇ ਨ੍ਹੀ ਕੋਈ ਹਿੱਲ ਜੁੱਲ ਕੀਤੀ ਬਈ ਇਹ ਕੀ ਕਰੀ ਜਾਨੇਂ ਐਂ?”
ਅਮਲੀ ਕਹਿੰਦਾ, ”ਅਗਲਿਆਂ ਨੇ ਬਾਕੀ ਦੀ ਜੰਨ ਵੀ ਇਉਂ ਘੇਰ ਲੀ ਜਿਮੇਂ ਸੂਰਾਂ ਨੇ ਕਤੂਰਾ ਘੇਰਿਆ ਹੁੰਦਾ। ਜਿਹੜੇ ਜਾਨੀ ਭੱਜ ਨਿੱਕਲੇ ਉਹ ਤਾਂ ਬਚ ਗੇ, ਜਿਹੜੇ ਪਿੰਡ ਆਲਿਆਂ ਨੇ ਘੇਰ ਲੇ ਉਨ੍ਹਾਂ ਦੇ ਮਾਰ-ਮਾਰ ਘਸੁੰਨ  ਬੂੱਥਰ ਇਉਂ ਕਰ ‘ਤੇ ਜਿਮੇਂ ਬੁੱਟਬਾਲ ਦੇ ਬਲੈਡਰ ‘ਚ ਫ਼ੂਕ ਭਰੀ ਹੁੰਦੀ ਐ। ਵੱਸ ਫ਼ੇਰ ਵਿੱਚੇ ਈ ਰਹਿ ਰੂਹ ਗਿਆ ਮਿੱਠੂ ਦਾ ਤਰੌਜਾ। ਆਹ ਗੱਲ ਹੋਈ ਹੈ ਬਾਬਾ ਮਿੱਠੂ ਨਾਲ। ਤਾਹੀਂ ਤਾਂ ਕਿਹਾ ਬਈ ਮਿੱਠੂ ਦੇ ਵਿਆਹ ‘ਚ ਜਾਨੀਆਂ ਦੇ ਜਿਹੜੀ ਕੁੱਟ ਪਈ ਸੀ ਉਹ ਸਭ ਮਖਤਿਆਰ ਸਿਊਂ ਨੇ ਪੈਰੋਂ ਈ ਪਈ ਸੀ। ਜੇ ਮਖਤਿਆਰ ਸਿਉਂ ਮਿੱਠੂ ਨੂੰ ਨਾ ਕੁੱਟਦਾ, ਉਹਨੇ ਸਕੂਲੋਂ ਹਟਣਾ ਨ੍ਹੀ ਸੀ, ਨਾ ਹੀ ਉਹਨੇ ਟੈਪੂ ਚਲਾਉਣ ਲੱਗਣਾ ਸੀ ਤੇ ਨਾ ਹੀ ਜੰਨ ਦੇ ਕੁੱਟ ਪੈਣੀ ਸੀ।”
ਬਾਬਾ ਜੰਗ ਸਿਉਂ ਕਹਿੰਦਾ, ”ਮਖਤਿਆਰ ਸਿਉਂ ਤਾਂ ਚੰਗੇ ਨੂੰ ਈਂ ਕੁੱਟਦਾ ਸੀ ਫ਼ਿਰ ਬਈ ਜੇ ਭੋਰਾ ਚਾਰ ਪੜ੍ਹ ਜਾਣ ਤਾਂ ਕਿਸੇ ਚੰਗੇ ਕੰਮ ਧੰਦੇ ਲੱਗ ਜਾਣਗੇ। ਹੋਰ ਮਖਤਿਆਰ ਸਿਉਂ ਨੇ ਕੁੱਟ ਕੇ ਕਿਹੜਾ ਉਨ੍ਹਾਂ ਤੋਂ ਮੁਰਮਰੇ ਚੱਬਣੇ ਸੀ।”
ਸੀਤਾ ਮਰਾਸੀ ਟਿੱਚਰ ‘ਚ ਹੱਸ ਕੇ ਬੋਲਿਆ, ”ਮਖਤਿਆਰ ਸਿਉਂ ਤਾਂ ਬਾਬਾ ਮੁਰਮਰੇ ਚਬਾਉਂਦਾ ਸੀ।”
ਏਨੇ ਚਿਰ ਨੂੰ ਗੱਲਾਂ ਕਰਦਿਆਂ ਕਰਦਿਆਂ ਤੋਂ ਗੁਰਦੁਆਰਾ ਸਾਹਿਬ ਤੋਂ ਸਪੀਕਰ ‘ਚ ਹੋਕਾ ਆ ਗਿਆ ਬਈ ‘ਪਿੰਡ ਦੇ ਛਿਪਦੇ ਪਾਸੇ ਵਾਲੇ ਛੱਪੜ ‘ਚ ਜੁਆਕ ਮੱਝਾਂ ਨਹਾਉਂਦੇ ਲੜ ਪਏ। ਜਿੰਨਾ੍ਹਂ ਦੇ ਉਹ ਜੁਆਕ ਐ ਉਹ ਜੁਆਕਾਂ ਨੂੰ ਲੈ ਕੇ ਆਉ ਕਿਤੇ ਲੜਦੇ-ਲੜਦੇ ਉਹ ਪਾਣੀ ‘ਚ ਡੁੱਬ ਡੱਬ ਨਾ ਜਾਣ’।
ਹੋਕਾ ਸੁਣਦੇ ਸਾਰ ਹੀ ਸਾਰੇ ਸੱਥ ਵਾਲੇ ਛੱਪੜ ਵੱਲ ਨੂੰ ਭੱਜ ਲਏ ਤੇ ਵੇਂਹਦਿਆਂ ਵੇਂਹਦਿਆਂ ਸੱਥ ਖ਼ਾਲੀ ਹੋ ਗਈ।