ਪਿੰਡ ਦੀ ਸੱਥ ਵਿੱਚੋਂ (ਕਿਸ਼ਤ-194)

main-news-300x150ਬਾਬੇ ਨੰਦ ਸਿਉਂ ਨੇ ਸੱਥ ‘ਚ ਆਉਂਦਿਆ ਹੀ ਸੱਥ ਵਾਲੇ ਥੜ੍ਹੇ ਕੋਲ ਖੜ੍ਹ ਕੇ, ਸੱਥ ਦੇ ਦੂਜੇ ਪਾਸੇ ਰੂੜੀਆਂ ‘ਚ ਨੀਵੀਂ ਪਾਈ ਤੁਰੇ ਫ਼ਿਰਦੇ ਨਰੈਣੇ ਕੇ ਗੋਹਲੂ ਵੱਲ ਵੇਖ ਕੇ ਤਾਸ਼ ਖੇਡੀ ਜਾਂਦੇ ਪ੍ਰਤਾਪੇ ਭਾਊ ਨੂੰ ਪੁੱਛਿਆ, ”ਭਾਊ! ਔਹ ਨਰੈਣੇ ਦਾ ਮੁੰਡਾ ਕੀ ਭਾਲਦਾ ਫ਼ਿਰਦਾ ਰੂੜੀਆਂ ‘ਚੋਂ?”
ਤਾਸ਼ ਵਾਲਿਆਂ ਦੇ ਕੋਲ ਬੈਠਾ ਨਾਥਾ ਅਮਲੀ ਮੁਸ਼ਕਣੀ ਹੱਸ ਕੇ ਦੂਜੇ ਪਾਸੇ ਮੂੰਹ ਕਰ ਕੇ ਕਹਿੰਦਾ, ”ਮੱਛੀਆਂ ਫ਼ੜਦਾ ਫ਼ਿਰਦਾ।”
ਬਾਬੇ ਨੇ ਹੱਸ ਕੇ ਪੁੱਛਿਆ, ”ਰੂੜੀਆਂ ‘ਚ ਕਿੱਤੇ ਹੁੰਦੀਆਂ ਮੱਛੀਆਂ ਸੁਕ ਪਕੇ ‘ਚ ਓਏ? ਮੱਛੀਆਂ ਤਾਂ ਪਾਣੀ ਆਲੀਆਂ ਹੁੰਦੀਐਂ।”
ਸੀਤਾ ਮਰਾਸੀ ਵੀ ਟਿੱਚਰ ‘ਚ ਬੋਲਿਆ, ”ਫ਼ੇਰ ਮਗਰਮੱਛ ਫ਼ੜਦਾ ਹੋਊ।”
ਬਾਬਾ ਕਹਿੰਦਾ, ”ਕਿਹੜੇ ਮਗਰਮੱਛ ਓਏ। ਤੁਸੀਂ ਵੀ ਯਾਰ ਰਲੇ ਵੇ ਹੱਦ ਈ ਕਰਦੇ ਐਂ। ਭਲਾਂ ਮੱਛੀਆਂ ਤੇ ਮਗਰਮੱਛ ਪਾਣੀ ‘ਚ ਹੁੰਦੇ ਐ ਕੁ ਰੂੜੀਆਂ ‘ਤੇ?”
ਸੀਤੇ ਮਰਾਸੀ ਨੇ ਫ਼ੇਰ ਪਾਇਆ ਪੇਚਾ ਬਾਬੇ ਨਾਲ, ”ਰੂੜੀਆਂ ਆਲੀਆਂ ਵੀ ਹੁੰਦੀਆਂ ਮੱਛੀਆਂ ਤੇ ਮਗਰਮੱਛ।”
ਬੁੱਘਰ ਦਖਾਣ ਨੇ ਵੀ ਮਰਾਸੀ ਤੇ ਅਮਲੀ ਦੀ ਹਾਂ ‘ਚ ਹਾਂ ਰਲਾਈ, ”ਮਰੇ ਵੇ ਕੁੱਤੇ ਤਾਂ ਨੰਦ ਸਿਆਂ ਹੁੰਦੇ ਈ ਐ ਰੂੜੀਆਂ ‘ਤੇ। ਉਨ੍ਹਾਂ ਨੂੰ ਨਾ ਕਿਤੇ ਕਹਿੰਦੇ ਹੋਣ।”
ਨਾਥਾ ਅਮਲੀ ਬਾਬੇ ਨੰਦ ਸਿਉਂ ਨੂੰ ਬਿਜਲੀ ਦੇ ਕਰੰਟ ਵਾਂਗੂੰ ਪੈ ਗਿਆ, ”ਹੁਣ ਤੈਨੂੰ ਨ੍ਹੀ ਪਤਾ ਬਾਬਾ, ਬਈ ਰੂੜੀਆਂ ‘ਚ ਕੀ ਹੁੰਦਾ। ਕੁ ਤੇਰੀਆਂ ਖ਼ਰੀਦੀਆਂ ਵੀਆਂ ਬਈ ਐਮੇਂ ਲਤੜਦਾ ਫ਼ਿਰਦੈਂ?”
ਸੀਤਾ ਮਰਾਸੀ ਅਮਲੀ ਨੂੰ ਕਹਿੰਦਾ, ”ਇਹਨੇ ਕੀ ਕਰਨੀਆਂ ਖ਼ਰੀਦ ਕੇ ਬਾਬੇ ਨੇ। ਪੈਲ਼ੀ ਤਾਂ ਇਹਦੀ ਸਾਰੀ ਠੇਕੇ ‘ਤੇ ਐ ਵਜੀਰੀ ਕੇ ਤੋਗੇ ਕੋਲੇ। ਪਸੂ ਬਾਬੇ ਦੇ ਘਰੇ ਊਈਂ ਹੈਨ੍ਹੀ।”
ਮਰਾਸੀ ਦੀ ਗੱਲ ਸੁਣ ਕੇ ਅਮਲੀ ਨੇ ਬਾਬੇ ਨੂੰ ਹੈਰਾਨੀ ਭਰੇ ਲਹਿਜੇ ‘ਚ ਪੁੱਛਿਆ, ”ਦੁੱਧ ਫ਼ਿਰ ਬਾਬਾ ਮੁੱਲ ਲੈਨੇ ਐਂ?”
ਸੀਤਾ ਮਰਾਸੀ ਕਹਿੰਦਾ, ”ਨਹੀਂ! ਡੈਹਰੀ ਆਲਾ ਬਿੱਲੂ ਮੁਖਤ ਦੇ ਜਾਂਦਾ ਘਰ ਮੂਹਰਦੀ ਨੰਘਣ ਦਾ ਮਾਰਾ।”
ਅਮਲੀ ਹੱਸ ਕੇ ਮਰਾਸੀ ਨੂੰ ਕਹਿੰਦਾ, ”ਫ਼ੇਰ ਤਾਂ ਮੀਰ ਭਾਮੇਂ ਮੇਰੇ ਘਰ ਮੂਹਰ ਦੀ ਵੀ ਨੰਘ ਜਿਆ ਕਰੇ ਆਥਣ ਉੱਗਣ।”
ਮਾਹਲਾ ਨੰਬਰਦਾਰ ਕਹਿੰਦਾ, ”ਜੇ ਇਉਂ ਨੰਘਣ ਲੱਗ ਗਿਆ ਸੋਡੇ ਸਾਰਿਆਂ ਦੇ ਘਰਾਂ ਮੂਰਦੀ, ਫ਼ੇਰ ਤਾਂ ਬਿੱਲੂ ਕਰੀ ਖੜ੍ਹਾ ਕਮਾਈ। ਸ਼ਹਿਰ ਜਾਣ ਦੀ ਤਾਂ ਬਿੱਲੂ ਨੂੰ ਲੋੜ ਈ ਨ੍ਹੀ ਪੈਣੀ। ਪਿੰਡੋਂ ਬਾਹਰ ਨਿਕਲਦੇ ਦਾ ਈ ਸਾਰਾ ਦੁੱਧ ਸੱਥ ਆਲਿਆਂ ਦੇ ਭਾਂਡਿਆਂ ‘ਚ ਪੈ ਜਿਆ ਕਰੂ। ਫ਼ੇਰ ਬਿੱਲੂ ਨੂੰ ਕੀ ਬਚਣਾ ਬਚਾਉਣਾ ਦੁੱਧ ‘ਚੋਂ।”
ਨਾਥਾ ਅਮਲੀ ਕਹਿੰਦਾ, ”ਤਿੰਨ ਕੋਹ ਜਾਂਦਾ ਤਿੰਨ ਕੋਹ ਆਉਂਦਾ, ਫ਼ੇਰ ਵੇਖ ਲਾ ਓੱਥੇ ਸ਼ਹਿਰ ‘ਚ ਵੀ ਦੋ ਢਾਈ ਕੋਹ ਕਰ ਦਿੰਦਾ ਹੋਊ ਤੁਰਿਆ ਫ਼ਿਰਦਾ। ਦੁੱਧ ‘ਚੋਂ ਭਾਮੇਂ ਕੁਸ ਬਚੇ ਨਾ ਬਚੇ, ਆਹ ਜਿਹੜੀਆਂ ਸੈਂਕਲ ‘ਤੇ ਲੱਤਾਂ ਮਾਰਦਾ ਜਾਂਦਾ, ਇਹ ਤਾਂ ਨ੍ਹੀ ਮਾਰਨੀਆਂ ਪੈਣਗੀਆਂ। ਫ਼ੇਰ ਜਿਹੜੀ ਭਕਾਈ ਕਰਦਾ ਉਹ ਵੀ ਵੇਖ ਲਾ ਬੱਚਤ ਈ ਬੱਚਤ ਐ।”
ਬਾਬਾ ਨੰਦ ਸਿਉਂ ਕਹਿੰਦਾ, ‘ਜੇ ਸੱਥ ਆਲਿਆਂ ਦੀ ਸਲਾਹ ‘ਤੇ ਲੋਕ ਅਸਰ  ਕਰਨ ਲੱਗ ਜਾਣ, ਫ਼ੇਰ ਵਕੀਲਾਂ ਦੀ ਕੀ ਲੋੜ ਐ। ਜੀਹਨੇ ਕਿਸੇ ਨੇ ਕੋਈ ਸਲਾਹ ਲੈਣੀ ਹੋਵੇ, ਸੱਥ ‘ਚ ਆ ਜਿਆ ਕਰੇ। ਸੱਥ ਆਲੇ ਤਾਰਨਗੇ ਚਿੱਠੇ ਅਗਲੇ ਦੇ। ਪਿੜੀਆਂ ਪਾ ਕੇ ਮੜ੍ਹੀ ਖਿੱਦੋ ਆਂਗੂੰ ਮੜ੍ਹ ਕੇ ਤੋਰਨਗੇ।”
ਨਾਥਾ ਅਮਲੀ ਕਹਿੰਦਾ, ”ਮੈਂ ਤਾਂ ਫ਼ੇਰ ਬਾਬਾ ਇਹੋ ਸਲਾਹ ਦੇਵਾਂਗਾ ਬਿੱਲੂ ਨੂੰ ਬਈ ਮਿੱਤਰਾ, ਚਾਰ ਪੰਜ ਕੋਹ ਸ਼ਹਿਰ ਜਾ ਕੇ ਘਰ ਘਰ ਦੁੱਧ ਪਾਉਣ ਨਾਲੋਂ ਗੁਰਦੁਆਰੇ ਸਪੀਕਰ ‘ਚ ਹੋਕਾ ਦੁਆ ਦਿਆ ਕਰ ਬਈ ਗਾਈਆਂ ਮੱਝਾਂ ਚੋਅ ਲੀਆਂ, ਦੁੱਧ ਲੈ ਜੋ ਆ ਕੇ।”
ਸੀਤਾ ਮਰਾਸੀ ਕਹਿੰਦਾ, ”ਦੁੱਧ ਲਜਾਣ ਦਾ ਹੋਕਾ ਦੇਣ ਦੀ ਕੀ ਲੋੜ ਐ, ਦੁੱਧ ਚੋਅ ਕੇ ਲੈ ਜੋ ਦਾ ਈ ਹੋਕਾ ਦੇ ਦਿਆ ਕਰੇ। ਸੋਲਾਂ ਕਲਾਂ ਈ ਸੰਪੂਰਨ ਹੋ ਜਿਆ ਕਰਨਗੀਆਂ।”
ਬਾਬਾ ਨੰਦ ਸਿਉਂ ਕਹਿੰਦਾ, ”ਓਏ ਯਾਰ ਕੋਈ ਹੋਰ ਵੀ ਗੱਲ ਕਰ ਲੋ। ਬਿੱਲੂ ਮਗਰ ਈ ਪੈ ਗਏ ਤੁਸੀਂ ਤਾਂ ਜਿਮੇਂ ਕਿਤੇ ਬਿੱਲੂ ਈ ਪਿੰਡ ‘ਚ ਰਹਿੰਦਾ ਹੁੰਦਾ ਹੋਰ ਕੋਈ ਪਿੰਡ ‘ਚ ਵੱਸਦਾ ਈ ਨ੍ਹੀ। ਐਡਾ ਪਿੰਡ ਐ। ਕੋਈ ਹੋਰ ਗੱਲ ਸਣਾ ਦਿਉ ਕਿਸੇ ਦੀ। ਮੈਨੂੰ ਤਾਂ ਅਮਲੀ ਦੀ ਆਉਂਦੀ ਐ, ਅਕੇ ਮੱਛੀਆਂ ਫ਼ੜਦਾ ਫ਼ਿਰਦਾ ਰੂੜੀਆਂ ‘ਚੋਂ। ਚਲੋ ਛੱਡੋ ਇਸ ਗੱਲ ਨੂੰ ਕੋਈ ਹੋਰ ਕਰੋ।”
ਬੰਤਾ ਬੁੜ੍ਹਾ ਕਹਿੰਦਾ, ”ਆਹ ਕੱਲ੍ਹ ਐਥੇ ਪਿਆਰਾ ਸਿਉਂ ਸੂਬੇਦਾਰ ‘ਖ਼ਬਾਰ ‘ਚ ਪੜ੍ਹੀ ਜਾਂਦਾ ਸੀ, ਅਕੇ ਕਿਸੇ ਲੰਡੂ ਸਾਧ ਨੇ ਨਲਕਾ ਗੇੜ ਗੇੜ ਪਾਣੀ ਕੱਢ ਕੇ ਲੋਕਾਂ ਨੂੰ ਮਿੰਟਾਂ ਚੀ ਗਧੇ ਬਣਾ ‘ਤਾ।”
ਗੱਲ ਸੁਣ ਕੇ ਸੀਤਾ ਮਰਾਸੀ ਟਿੱਚਰ ‘ਚ ਮੁਸ਼ਕਣੀਆਂ ਹੱਸ ਕੇ ਕਹਿੰਦਾ, ”ਤਾਹੀਉਂ ਆਪਣੇ ਪਿੰਡ ਆਲਾ ਜੈਨੂੰ ਘਮਿਆਰ ਦਸ ਬਾਰਾਂ ਗਧੇ ਹੱਕੀ ਆਉਂਦਾ ਸੀ ਕੱਲ੍ਹ।”
ਨਾਥੇ ਅਮਲੀ ਨੇ ਬੰਤੇ ਬੁੜ੍ਹੇ ਨੂੰ ਪੁੱਛਿਆ, ”ਉਹ ਕਿਮੇਂ ਬੁੜ੍ਹਿਆ?”
ਤਾਸ਼ ਖੇਡੀ ਜਾਂਦਾ ਠਾਕਰ ਮਾਸਟਰ ਕਹਿੰਦਾ, ”ਇੱਕ ਪਖੰਡੀ ਜਾ ਸਾਧ, ਅਕੇ ਨਲਕਾ ਗੇੜ ਗੇੜ ਪਾਣੀ ਕੱਢ ਕੇ ਕਹਿੰਦਾ ‘ਜਿਹੜਾ ਏਸ ਨਲਕੇ ਦਾ ਪਾਣੀ ਪੀ ਲੂ, ਉਹਦੀਆਂ ਸਾਰੀਆਂ ਬਮਾਰੀਆਂ ਦੂਰ ਹੋ ਜਾਣਗੀਆਂ। ਗੱਲ ਸੁਣ ਕੇ ਉੱਥੇ ਹੌਲੀ ਹੌਲੀ ਲੋਕਾਂ ਦੀਆਂ ਡਾਰਾਂ ਦੀਆਂ ਡਾਰਾਂ ਈ ਉਤਰ ਆਈਆਂ। ਪੰਜ ਸੱਤ ਦਿਨ ਤਾਂ ਕੰਮ ਵਧੀਆ ਚੱਲਿਆ, ਇੱਕ ਦਿਨ ਕਿਤੇ ਪਿੰਡ ਦੇ ਸ਼ਰਾਰਤੀ ਰਾਤ ਨੂੰ ਨਲਕਾ ਈ ਪੱਟ ਕੇ ਲੈ ਗੇ। ਹੁਣ ਕਮਲੇ ਲੋਕ, ਜਿੱਥੇ ਨਲਕਾ ਲੱਗਿਆ ਸੀ ਉਹ ਥਾਂ ਨੂੰ ਪੂਜੀ ਜਾਂਦੇ ਐ। ਕਹਿੰਦੇ ਐ ਇੱਥੇ ਗੁਰਦੁਆਰਾ ਨਲਕਾ ਪਾਣੀ ਬਣਨਾ। ਲੈ ਦੱਸ ਬਾਬਾ! ਗੁਰਦੁਆਰਿਆਂ ‘ਚ ਅੱਗੇ ਗੋਲਕਾਂ ਦਾ ਰੌਲਾ ਪਈ ਜਾਂਦਾ, ਇਹ ਹੁਣ ਇੱਕ ਹੋਰ ਰੌਲੇ ਨੂੰ ਥਾਂ ਬਣਾਈ ਜਾਂਦੇ ਐ। ਆਹ ਖ਼ਬਰ ਐ ਨਲਕੇ ਦੀ।”
ਨਾਥਾ ਅਮਲੀ ਕਹਿੰਦਾ, ”ਫ਼ੇਰ ਤਾਂ ਆਪਣੇ ਗੁਆੜ ਆਲੇ ਬਾਬੇ ਮੁਨਸ਼ੀ ਕਿਆਂ ਦੇ ਜੰਡ ਆਲੀ ਹੋਈ।”
ਬਾਬੇ ਨੰਦ ਸਿਉਂ ਨੇ ਪੁੱਛਿਆ, ”ਉਨ੍ਹਾਂ ਦੇ ਜੰਡ ਦੀ ਕਿਮੇਂ ਗੱਲ ਸੀ ਅਮਲੀਆ?”
ਅਮਲੀ ਕਹਿੰਦਾ, ”ਬਾਬੇ ਮੁਨਸ਼ੀ ਕਿਆਂ ਨੇ ਵੀ ਇਉਂ ਈ ਕੀਤੀ ਸੀ ਸਕੂਲ ਆਲੀ ਸੜਕ ‘ਤੇ ਖੜ੍ਹੇ ਜੰਡ ਨਾਲ।”
ਮਾਹਲਾ ਨੰਬਰਦਾਰ ਅਮਲੀ ਦੀ ਗੱਲ ‘ਤੇ ਖਿਝ ਕੇ ਬੋਲਿਆ, ”ਕੁਸ ਦੱਸੇਂਗਾ ਵੀ ਕੁ ਭੂਮਕਾ ਈ ਬੰਨ੍ਹੀ ਜਾਏਂਗਾ ਆਥਣ ਤਕ। ਦਿਨ ਉੱਤੋਂ ਛਿਪਣ ‘ਤੇ ਹੋਇਆ, ਇਹ ਹਜੇ ਅੜਿੰਗ ਬੜਿੰਗ ਈ ਪਾਈ ਜਾਂਦਾ। ਗਾਹਾਂ ਗੱਲ ਕਰ ਕੀ ਕੀਤਾ ਸੀ ਬਾਬੇ ਮੁਨਸ਼ੀ ਕਿਆਂ ਨੇ ਜੰਡ ਨਾਲ?”
ਸੀਤਾ ਮਰਾਸੀ ਟਿੱਚਰ ‘ਚ ਬੋਲਿਆ, ”ਬਾਬੇ ਮੁਨਸ਼ੀ ਕਿਆਂ ਨੇ ਜੰਡ ਨਾਲ ਕੀ ਕਰਨਾ ਸੀ, ਇਹਨੇ ਤਾਂ ਮਿਰਜ਼ੇ  ਸਾਹਿਬਾਂ ਦੀ ਗੱਲ ਸੁਣਾਉਣੀ ਐ ਬਈ ਏਸ ਜੰਡ ਥੱਲੇ ਮਾਰਿਆ ਸੀ ਮਿਰਜ਼ਾ। ਹੋਰ ਕਿਤੇ ਮਿਰਜ਼ਾ ਜੰਡ ਦਾ ਸੁਹਾਗਾ ਤਾਂ ਨ੍ਹੀ ਬਣਾ ਕੇ ਲੈ ਗਿਆ।”
ਨਾਥਾ ਅਮਲੀ ਸੀਤੇ ਮਰਾਸੀ ਨਾਲ ਝੀਟ ਮਝੀਟੇ ਹੋ ਕੇ ਬੋਲਿਆ, ”ਓਏ ਕੰਜਰ ਦਿਆ ਕਮਲਿਆ! ਇਹੇ ਉਹ ਜੰਡ ਨ੍ਹੀ ਓਏ, ਇਹ ਤਾਂ ਲੰਡੂ ਜੰਡ ਸੀ ਜਿਹੜਾ ਬਾਬੇ ਮੁਨਸ਼ੀ ਕੇ ਥਾਂ ਸੀ। ਅਗਲਿਆਂ ਨੇ ਰਾਤੋ-ਰਾਤ ‘ਚ ਮੂਲੀ ਆਂਗੂੰ ਪੱਟ ਕੇ ਔਹ ਮਾਰਿਆ ਪਰ੍ਹੇ ਜਿਮੇਂ ਮਾਈ ਰੇਲੋ ਕੇ ਵਿਆਹ ‘ਚ ਕੜ੍ਹਾਹ ਬਣਾਉਂਦਿਆਂ ਤੋਂ ਰੇਲੋ ਨਾਲ ਲੜ ਕੇ ਸੰਤੋਖੇ ਬੁੜ੍ਹੇ ਨੇ ਟੀਟੂ ਝਿਓਰ ਦਾ ਮਸੱਦ ਕੜ੍ਹਾਹੇ ‘ਚੋਂ ਕੱਢ ਕੇ ਬੈਠਕ ਦੀ ਛੱਤ ‘ਤੇ ਸਿੱਟ ‘ਤਾ ਸੀ ਤੇ ਆਪ ਘਰੋਂ ਨਿਕਲ ਗਿਆ ਸੀ। ਜਦੋਂ ਨੂੰ ਟੀਟੂ ਆਵਦੇ ਘਰੋਂ ਜਾ ਕੇ ਦੂਜਾ ਮਸੱਦ ਲਿਆ ਕੇ ਕੜ੍ਹਾਹੇ ਕੋਲੇ ਆਇਆ ਤਾਂ ਆਉਂਦੇ ਨੂੰ ਕੱਚਾ ਪਿੱਲਾ ਜਾ ਹੋਇਆ ਸਾਰਾ ਕੜ੍ਹਾਹ ਈ ਮੱਚ ਕੇ ਇਉਂ ਹੋ ਗਿਆ ਜਿਮੇਂ ਮੱਚਿਆ ਵਿਆ ਮੁਗਲੈਲ ਪਾ ਕੇ ਘਾਣੀ ਕੀਤੀ ਹੁੰਦੀ ਐ।”
ਬਾਬਾ ਨੰਦ ਸਿਉਂ ਅਮਲੀ ਨੂੰ ਹੱਸ ਕੇ ਕਹਿੰਦਾ, ”ਆਹ ਤਾਂ ਅਮਲੀਆ ਪਤਾ ਨ੍ਹੀ ਕਿੱਧਰੋਂ ਕੱਛ ‘ਚੋਂ ਮੂੰਗਲਾ ਕੱਢ ਕੇ ਮਾਰਿਆ ਓਏ। ਇਹ ਟੀਟੂ ਝਿਓਰ ਆਲੀ ਤਾਂ ਤੈਥੋਂ ਫ਼ੇਰ ਸੁਣਦੇ ਆਂ, ਪਹਿਲਾਂ ਆਹ ਜੰਡ ਆਲੀ ਕਹਾਣੀ ਦੱਸ ਮੁਨਸ਼ੀ ਕਿਆਂ ਆਲੀ।”
ਅਮਲੀ ਕਹਿੰਦਾ, ”ਜਿਹੜਾ ਸਕੂਲ ਆਲੀ ਸੜਕ ‘ਤੇ ਬਾਬੇ ਮੁਨਸ਼ੀ ਕਾ ਕਨਾਲ ਡੂਢ ਕਨਾਲ ਥਾਂ ਪਿਆ, ਉਹਦੇ ‘ਚ ਜਿਹੜਾ ਜੰਡ ਖੜ੍ਹਾ, ਉਹਨੂੰ ਬਣਿਆਣੀਆਂ ਪੂਜਣ ਲੱਗ ਗੀਆਂ। ਹਰੇਕ ਵੀਰਵਾਰ ਨੂੰ ਤੜਕੇ ਚਾਰ ਵਜੇ ਤੋਂ ਆ ਜਿਆ ਕਰਨ, ਦਸ ਵਜੇ ਤਕ ਧੂਤਕੜਾ ਈ ਬੋਲੇ ਓੱਥੇ। ਕਿਧਰੇ ਓੱਥੇ ਸੰਧੂਰ ਡੋਲ, ਕਿਧਰੇ ਖੰਭਣੀਆਂ ਬੰਨ੍ਹਣ, ਕਿਧਰੇ ਪਾਣੀ ਪਾ, ਕਿਧਰੇ ਹੋਰ ਈ ਘਰ੍ਹਾਟ ਰਾਗ ਗਾਉਣ। ਕਿਹਾ ਕਰਨ ਬਾਬਾ ਜੰਡ ਪ੍ਰਸ਼ਾਦ। ਜਦੋਂ ਬਾਬੇ ਮੁਨਸ਼ੀ ਦੇ ਮੁੰਡਿਆਂ ਨੇ ਵੇਖਿਆ ਬਈ ਏਥੇ ਪੈਂਸਾ ਧੇਲਾ ਤਾਂ ਕੋਈ ਮੱਥਾ ਟੇਕਦੀ ਨ੍ਹੀ, ਆਹ ਗੰਦ ਪਿੱਲ ਸਾਡੇ ਥਾਂ ‘ਚ ਸਿੱਟ ਜਾਂਦੀਆਂ। ਪੂਜਾ ਆਵਦੀ ਕਰ ਜਾਂਦੀਆਂ। ਇੱਕ ਦਿਨ ਬੁੱਧਵਾਰ ਦੀ ਰਾਤ ਨੂੰ ਮੁਨਸ਼ੀ ਕੇ ਮੁੰਡੇ ਜੰਡ ਜੜ੍ਹਾਂ ‘ਚੋਂ ਈ ਪੱਟ ਲੈ ਗੇ।”
ਬੁੱਘਰ ਦਖਾਣ ਨੇ ਗੱਲ ਵਿੱਚੋਂ ਟੋਕ ਕੇ ਪੁੱਛਿਆ, ”ਫ਼ੇਰ ਵੀਰਵਾਰ ਨੂੰ ਤੜਕੇ ਜੰਡ ਦੀਆਂ ਸ਼ਰਧਾਲੂ ਰੋਈਆਂ ਨ੍ਹੀ ਜੰਡ ਆਲੇ ਥਾਂ ਬਹਿ ਕੇ?”
ਅਮਲੀ ਕਹਿੰਦਾ, ”ਤੂੰ ਗਾਹਾਂ ਤਾਂ ਗੱਲ ਸੁਣ। ਉਨ੍ਹਾਂ ਨੇ ਪੱਟ ਕੇ ਜੰਡ, ਓੱਥੇ ਰਾਤੋਂ ਰਾਤ ਈ ਦੋ ਟਰੈਲੀਆਂ ਰੂੜੀ ਦੀਆਂ ਲਾਹ ‘ਤੀਆਂ। ਲਾ ਕੇ ਰੂੜੀ ਦਾ ਢੇਰ, ਤੂਤ ਦੀ ਛਿਟੀ ‘ਤੇ ਬੰਨ੍ਹ ਕੇ ਖੱਟੀ ਜੀ ਲੀਰ, ਇੱਕ ਗੱਤੇ ‘ਤੇ ਲਿਖ ਕੇ ਲਾ ‘ਤਾ ‘ਬਾਬਾ ਰੂੜੀ ਪ੍ਰਸ਼ਾਦ’। ਜਦੋਂ ਬੁੜ੍ਹੀਆਂ ਤੜਕੇ ਆਉਣੀਆਂ ਸ਼ੁਰੂ ਹੋਈਆਂ ਤਾਂ ਉਨ੍ਹਾਂ ਨੇ ਵੇਖਿਆ ਬਈ ਏਥੇ ਤਾਂ ਜੰਡ ਈ ਹੈਨ੍ਹੀ। ਬੁੜ੍ਹੀਆਂ ਹੱਥ ‘ਚ ਧਾਗੇ ਖੰਭਣੀਆਂ ਤੇ ਪਾਣੀ ਆਲੀਆਂ ਗਬੜੀਆਂ ਇਉਂ ਚੱਕੀ ਖੜ੍ਹੀਆਂ ਜਿਮੇਂ ਮੱਸਿਆ ਨਹਾਉਣ ਜਾਣਾ ਹੁੰਦਾ। ਕੋਈ ਕਹੇ ‘ਨੀ ਆਪਾ ਕਿਤੇ ਹੋਰ ਥਾਂ ਤਾਂ ਨ੍ਹੀ ਆ ਗੀਆਂ’। ਤੂਤ ਦੀ ਛਿਟੀ ‘ਤੇ ਬੰਨ੍ਹੀ ਝੰਡੀ ਵੱਲ ਹੱਥ ਕਰ ਕੇ ਕੋਈ ਕਹੇ ਨੀ ਹੋ ਵੇਖੋ ਬਾਬਾ ਜੰਡ ਪ੍ਰਸ਼ਾਦ ਜੀ ਨਸ਼ਾਨੀ ਛੱਡ ਕੇ ਗਏ ਐ। ਆਪਾਂ ਨੂੰ ਇਹਦੀ ਪੂਜਾ ਕਰਨੀ ਚਾਹੀਦੀ ਐ’। ਅਕੇ ਏਨੇ ਨੂੰ ਦਿਨ ਚੜ੍ਹ ਗਿਆ। ਮੁਨਸ਼ੀ ਕੇ ਮੁੰਡਿਆਂ ਨੇ ਰੂੜੀ ਦੀ ਭਰੀ ਵੀ ਇੱਕ ਹੋਰ ਟਰੈਲੀ ਆ ਲਾਹੀ। ਅਕੇ ਇੱਕ ਲਾਲ਼ੀ ਨੇ ਮੁਨਸ਼ੀ ਕੇ ਮੁੰਡੇ ਨੂੰ ਪੁੱਛਿਆ ‘ਵੇ ਭਾਈ! ਐਥੇ ਬਾਬਾ ਜੰਡ ਪ੍ਰਸ਼ਾਦ ਹੁੰਦਾ ਸੀ, ਕਿਧਰ ਗਿਆ ਉਹੋ’? ਮੁਨਸ਼ੀ ਕਾ ਮੁੰਡਾ ਕਹਿੰਦਾ ‘ਉਹ ਤਾਂ ਭਾਈ ਬਾਬੇ ਰੂੜ ਸਿਉਂ ਨੇ ਰਾਤ ਕੁੱਟ ਕੇ ਭਜਾ ‘ਤਾ।”
ਬਾਬੇ ਨੰਦ ਸਿਉਂ ਨੇ ਪੁੱਛਿਆ, ”ਅਮਲੀਆ ਫ਼ੇਰ ਬੁੜ੍ਹੀਆਂ ਬੋਲੀਆਂ ਨ੍ਹੀ ਕੁਸ?”
ਅਮਲੀ ਕਹਿੰਦਾ, ”ਬੋਲਣਾ ਕੀ ਸੁਆਹ ਸੀ ਉਨ੍ਹਾਂ ਨੇ। ਅਗਲਿਆਂ ਦਾ ਥਾਂ ਸੀ, ਉਨ੍ਹਾਂ ਦਾ ਈ ਜੰਡ ਸੀ। ਜੋ ਮਰਜ਼ੀ ਕਰਦੇ। ਇਹ ਬਾਣੀਆਂ ਮਹਿਕਮਾਂ ਆਵਦਾ ਈ ਜੰਡ ਬਣਾਈ ਬੈਠਾ ਸੀ। ਮਾਲਕਾਂ ਨੂੰ ਗੁੱਸਾ ਆਇਆ, ਉਨ੍ਹਾਂ ਨੇ ਸੁੱਕੇ ਤੇਲ ਨਾਲ ਜੰਡ ਰਗੜ ਕੇ ਰੱਖ ‘ਤਾ ਜਿਮੇਂ ਨਾਈ ਉਸਤਰੇ ਨਾਲ ਸਿਰ ਤੋਂ ਝੰਡ ਲਾਹ ਰੱਖ ਦਿੰਦਾ। ਕਹਾਣੀ ਖ਼ਤਮ।”
ਬਾਬੇ ਨੇ ਅਮਲੀ ਨੂੰ ਹੱਸ ਕੇ ਪੁੱਛਿਆ, ”ਓਏ ਆਹ ਸੁੱਕਾ ਤੇਲ ਕਿਹੜਾ ਹੁੰਦਾ ਅਮਲੀਆ ਓਏ?”
ਅਮਲੀ ਬਾਬੇ ਨੂੰ ਵੀ ਇਉਂ ਭੱਜ ਕੇ ਪੈ ਗਿਆ ਜਿਮੇਂ ਗਾਹਾਂ ਖੇਡ ਚੜ੍ਹਣਾ ਹੁੰਦਾ, ”ਤੈਨੂੰ ਵੀ ਦੱਸਣਗੀਆਂ ਬਾਬਾ ਸੁੱਕਾ ਤੇਲ ਕਿਹੜਾ ਹੁੰਦਾ, ਜਿੱਦੇਂ ਤੇਰੇ ਵੀ ਮੁੰਡਿਆਂ ਨੂੰ ਖੇਤ ਮਟੀ ਆਲੀ ਟਾਹਲੀ ਪੱਟਣੀ ਪਈ।”
ਜੋਗਾ ਕਾਮਰੇਡ ਅਮਲੀ ਨੂੰ ਕਹਿੰਦਾ, ”ਚੱਲ ਤੂੰ ਹੁਣ ਤੂੰ ਟੀਟੂ ਦੇ ਮਸੱਦ ਆਲੀ ਗੱਲ ਸਣਾ ਬਈ ਉਹ ਕਿਮੇਂ ਐ?”
ਅਮਲੀ ਕਹਿੰਦਾ, ”ਲੈ ਉਹ ਵੀ ਸੁਣ ਲਾ ਹੁਣ।”
ਜਦੋਂ ਅਮਲੀ ਗੱਲ ਸੁਣਾਉਣ ਲੱਗਿਆ ਤਾਂ ਏਨੇ ਚਿਰ ਨੂੰ ਸੰਤੋਖੇ ਬੁੜ੍ਹੇ ਨੂੰ ਸੱਥ ਵੱਲ ਆਉਂਦੇ ਨੂੰ ਵੇਖ ਕੇ ਪ੍ਰਤਾਪਾ ਭਾਊ ਕਹਿੰਦਾ, ”ਚੁੱਪ ਕਰੋ ਓਏ। ਸੰਤੋਖਾ ਬੁੜ੍ਹਾ ਆਉਂਦਾ। ਹੋਰ ਨਾ ਕਿਤੇ ਕੋਈ ਨਮਾਂ ਈਂ ਚੰਦ ਚਾੜ੍ਹ ਦਿਉਂ।”
ਬਾਬਾ ਨੰਦ ਸਿਉਂ ਸੰਤੋਖੇ ਬੁੜ੍ਹੇ ਵੱਲ ਚੋਰ ਅੱਖ ਨਾਲ ਵੇਖ ਕੇ ਸੱਥ ਵਾਲਿਆਂ ਨੂੰ ਕਹਿੰਦਾ, ”ਚੱਲੋ ਓਏ ਉੱਠੋ ਘਰਾਂ ਨੂੰ ਚੱਲੀਏ। ਹੁਣ ਤਾਂ ਸਮੁੰਦਰ ਵੀ ਖੜ੍ਹ ਗੇ।”
ਬਾਬੇ ਦੀ ਗੱਲ ਸੁਣ ਕੇ ਸੰਤੋਖੇ ਬੁੜ੍ਹੇ ਦੇ ਸੱਥ ‘ਚ ਆਉਣ ਤੋਂ ਪਹਿਲਾਂ ਪਹਿਲਾਂ ਸਾਰੇ ਜਣੇ ਹੀ ਸੱਥ ‘ਚੋਂ ਉੱਠ ਖੜੋਤੇ।