ਪਾਕਿਸਤਾਨੀ ਪ੍ਰਵਾਸੀ ਬੱਸ ਡਰਾਈਵਰ ਦਾ ਮੁੰਡਾ ਬਣਿਆ ਲੰਡਨ ਦਾ ਪਲੇਠਾ ਮੁਸਲਮਾਨ ਮੇਅਰ!

Editorial1ਅਖ਼ਿਰ, ਯੂ.ਕੇ. ਦੇ ਲੰਡਨ ਸ਼ਹਿਰ ਦੀਆਂ ਮੇਅਰ ਦੀਆਂ ਚੋਣਾਂ ਦਾ ਨਤੀਜਾ ਉਹੀ ਨਿਕਲਿਆ ਜਿਸ ਦੀ ਉਮੀਦ ਆਪਣੇ ਮੋਢਿਆਂ ‘ਤੇ ਇੱਕ ਸਿਆਣਾ ਸਿਰ ਰੱਖਣ ਵਾਲਾ ਹਰ ਸਮਝਦਾਰ ਇਨਸਾਨ ਕਰ ਰਿਹਾ ਸੀ। ਸਾਦਿਕ ਖ਼ਾਨ, ਜੋ ਕਿ ਇੱਕ ਪਾਕਿਸਤਾਨੀ ਇਮੀਗ੍ਰੈਂਟ ਬੱਸ ਡਰਾਈਵਰ ਦਾ ਪੁੱਤਰ ਹੈ, ਬੀਤੇ ਹਫ਼ਤੇ ਪੱਛਮ ਦੀਆਂ ਸੱਭ ਤੋਂ ਵਡੀਆਂ ਰਾਜਧਾਨੀਆਂ ‘ਚੋਂ ਇੱਕ, ਗਰੇਟਰ ਲੰਡਨ, ਦੇ ਸਭ ਤੋਂ ਉੱਚੇ ਅਤੇ ਵੱਡੇ ਸਿਆਸੀ ਅਹੁਦੇ ‘ਤੇ ਸੁਸ਼ੋਭਿਤ ਹੋ ਗਿਆ। ਅਤੇ ਇਹ ਬਾਵਜੂਦ ਇਸ ਦੇ ਕਿ ਸਾਦਿਕ ਖ਼ਾਨ ਨੂੰ ਬਦਨਾਮ ਕਰਨ ਲਈ ਉਸ ਦੇ ਵਿਰੋਧੀਆਂ ਨੇ ਉਸ ‘ਤੇ ਹਰ ਕਿਸਮ ਦਾ ਘਟੀਆ ਇਲਜ਼ਾਮ ਲਗਾਇਆ ਅਤੇ ਉਸ ਨੂੰ ਅਤਿਵਾਦੀਆਂ ਦਾ ਸਮੱਰਥਕ ਤਕ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ। ਲੰਡਨ ਸ਼ਹਿਰ ਦੀਆਂ ਮੇਅਰ ਦੀਆਂ ਚੋਣਾਂ ਦਾ ਇਹ ਨਤੀਜਾ ਕਿਸ ਸੋਚ ਦੀ ਨੁਮਾਇੰਦਗੀ ਕਰਦੈ? ਕੀ ਇਹ ਨਿਰਾਸ਼ਾ ਅਤੇ ਸੰਕੀਰਨਤਾ ਉੱਪਰ ਆਸ਼ਾ ਦੀ ਜਿੱਤ ਨਹੀਂ? ਬਿਲਕੁਲ ਹੈ। ਲੰਡਨ ਸ਼ਹਿਰ ਦੇ ਨਵੇਂ ਚੁਣੇ ਗਏ ਮੇਅਰ ਨੇ ਆਪਣੀ ਜਿੱਤ ਦੇ ਪਲ ਨੂੰ ਸੰਖੇਪ ਵਿੱਚ ਬਾਖ਼ੂਬੀ ਬਿਆਨ ਕਰਦਿਆਂ ਕਿਹਾ ਕਿ ”ਅੱਜ ਲੰਡਨ ਵਾਸੀਆਂ ਨੇ ਭੈਅ ਦੀ ਸਿਆਸਤ ਨੂੰ ਸਪੱਸ਼ਟ ਰੂਪ ਵਿੱਚ ਨਕਾਰਦਿਆਂ ਵੰਡ ਦੀ ਬਜਾਏ ਏਕਤਾ ਨੂੰ ਚੁਣਿਆ ਹੈ।” ਕੰਸਰਵੇਟਿਵ ਪਾਰਟੀ ਨੇ ਆਪਣੇ ਅਕਸ ‘ਤੇ ਪੂਰਾ ਉਤਰਦਿਆਂ ਸਿਆਸਤ ਦਾ ਹਰ ਭੈੜਾ ਹਰਬਾ ਇਸਤੇਮਾਲ ਕਰ ਕੇ ਲੇਬਰ ਉਮੀਦਵਾਰ ਦੀ ਅਟਲ ਜਿੱਤ ਨੂੰ ਰੋਕਣ ਦੀ ਇੱਕ ਅਸਫ਼ਲ ਕੋਸ਼ਿਸ਼ ਕੀਤੀ।
ਸਾਦਿਕ ਖ਼ਾਨ ਨੇ ਬੀਤੇ ਹਫ਼ਤੇ ਲੰਡਨ ਮੇਅਰ ਦੇ ਅਹੁਦੇ ਦੀ ਚੋਣ ਲਈ ਹੋਏ ਇੱਕ ਜ਼ਬਰਦਸਤ ਮੁਕਾਬਲੇ ਵਿੱਚ ਆਪਣੇ ਪ੍ਰਮੁੱਖ ਵਿਰੋਧੀ ਜ਼ੈਕ ਗੋਲਡਸਮਿਥ, ਜੋ ਕਿ ਇੱਕ ਖ਼ਾਨਦਾਨੀ ਰਈਸ ਅਤੇ ਬਿਲੀਅਨੇਅਰ ਵਪਾਰੀ ਦਾ ਪੁੱਤਰ ਹੈ, ਨੂੰ 6 ਪ੍ਰਤੀਸ਼ਤ ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਗੋਲਡਸਮਿਥ ‘ਤੇ ਦੋਸ਼ ਹੈ ਕਿ ਉਸ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਵੰਡ ਪਾਊ ਅਤੇ ਨਸਲਵਾਦੀ ਲੀਹਾਂ ‘ਤੇ ਚਲਾਇਆ ਜਿਸ ਵਿੱਚ ਉਹ ਖ਼ਾਨ ‘ਤੇ ‘ਕੱਟੜ’ ਅਤੇ ‘ਖ਼ਤਰਨਾਕ’ ਹੋਣ ਦੇ ਲੇਬਲ ਲਗਾਉਂਦਾ ਰਿਹੈ ਜੋ ਕਿ ਉਸ ਦੇ ਮਜ਼੍ਹਬ ਵੱਲ ਹੀ ਇੱਕ ਤਰ੍ਹਾਂ ਨਾਲ ਇਸ਼ਾਰਾ ਸੀ। ਜ਼ੈਕ ਗੋਲਡਸਮਿਥ, ਜੋ ਕਿ ਟੋਰੀ ਪਾਰਟੀ ਦਾ ਮੇਅਰ ਦੇ ਅਹੁਦੇ ਲਈ ਉਮੀਦਵਾਰ ਸੀ, ਨੇ ਸਿਆਸੀ ਨਿਘਾਰ ਦੀਆਂ ਨਵੀਆਂ ਗ਼ਹਿਰਾਈਆਂ ਛੂੰਹਦਿਆਂ ਇਹ ਸੁਝਾਅ ਵੀ ਦਿੱਤਾ ਕਿ ਸਾਦਿਕ ਖ਼ਾਨ ਨੇ ਅਤਿਵਾਦੀਆਂ ਨਾਲ ਸਟੇਜ ਸਾਂਝੀ ਕਰ ਕੇ ਅਤਿਵਾਦ ਨੂੰ ਔਕਸੀਜਨ ਮੁਹੱਈਆ ਕਰਾਈ ਹੈ। ਇੱਥੋਂ ਤਕ ਕਿ ਪ੍ਰਧਾਨ ਮੰਤਰੀ ਡੇਵਿਡ ਕੈਮਰਨ, ਜੋ ਕਿ ਉਂਝ ਇੱਕ ਸੁਲਝਿਆ ਹੋਇਆ ਨਿਮਰ ਲੀਡਰ ਮੰਨਿਆ ਜਾਂਦਾ ਹੈ, ਨੇ ਵੀ ਜ਼ੈਕ ਦੇ ਪਿੱਛੇ ਹੀ ਨਸਲਵਾਦ ਦੇ ਗੰਦੇ ਨਾਲੇ ਵਿੱਚ ਛਾਲ ਮਾਰ ਦਿੱਤੀ ਅਤੇ ਉਸ ਨੇ ਵੀ ਪਾਰਲੀਮੈਂਟ ਵਿਚਲੇ ਆਪਣੇ ਭਾਸ਼ਣ ਵਿੱਚ ਲੇਬਰ ਉਮੀਦਵਾਰ ਦਾ ਸਬੰਧ ਅਤਿਵਾਦ ਨਾਲ ਜੋੜਨ ਦੀ ਅਸਫ਼ਲ ਕੋਸ਼ਿਸ਼ ਕੀਤੀ। ਪਰ ਖ਼ਾਨ ਨੇ ਆਪਣੀ ਪੂਰੀ ਚੋਣ ਮੁਹਿੰਮ ਦੌਰਾਨ ਇੱਕ ਵਾਰ ਵੀ ਹੌਸਲਾ ਨਹੀਂ ਹਾਰਿਆ, ਅਤੇ ਆਪਣੇ ਵਿਰੋਧੀਆਂ ਵਾਲੇ ਪੱਧਰ ਤਕ ਨਿਘਰਣ ਤੋਂ ਸਾਫ਼ ਇਨਕਾਰ ਕਰਦਿਆਂ ਉਸ ਨੇ ਲੰਡਨ ਵਾਸੀਆਂ ਦੇ ਦਿਲ ਜਿੱਤਣ ਦੀ ਆਪਣੀ ਕੋਸ਼ਿਸ਼ ਅੰਤ ਤਕ ਜਾਰੀ ਰੱਖੀ। ਜ਼ੈਕ ਦੇ ਹਥਕੰਡੇ ਪੁੱਠੇ ਪੈ ਗਏ ਅਤੇ ਅੰਤ ਵਿੱਚ ਸਾਦਿਕ ਖ਼ਾਨ ਨੇ 43% ਦੇ ਮੁਕਾਬਲੇ 57% ਲੋਕਾਂ ਦਾ ਦਿਲ ਜਿੱਤ ਕੇ ਲੰਡਨ ਫ਼ਤਹਿ ਕੀਤਾ। ਹੁਣ ਉਸ ਨੂੰ ਉਨ੍ਹਾਂ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਉਸ ਦੀ ਲੰਡਨ ਦੇ ਮੇਅਰ ਵਜੋਂ ਚੋਣ ਕੀਤੀ ਹੈ।
ਕਹਾਣੀ ਵਿੱਚ ਇੱਕ ਮਜ਼ੇਦਾਰ ਟਵਿਸਟ ਓਦੋਂ ਆਇਆ ਜਦੋਂ ਜ਼ੈਕ ਗੋਲਡਸਮਿਥ, ਜਿਸ ਅਰਬਪਤੀ ਨੂੰ ਸਾਦਿਕ ਖ਼ਾਨ ਨੇ ਲੰਡਨ ਚੋਣਾਂ ‘ਚ ਮਾਤ ਦਿੱਤੀ ਹੈ, ਦੀ ਭੈਣ ਜਮਾਇਮਾ ਮਾਰਸੈੱਲ ਗੋਲਡਸਮਿਥ, ਜੋ ਕਿ ਪੇਸ਼ੇ ਤੋਂ ਇੱਕ ਪੱਤਰਕਾਰ ਹੈ ਅਤੇ ਇੱਕ ਵਾਰ ਸਾਬਕਾ ਪਾਕਿਸਤਾਨੀ ਕ੍ਰਿਕਟ ਕਪਤਾਨ ਅਤੇ ਅੱਜਕੱਲ੍ਹ ਪਾਕਿਸਤਾਨ ਦੇ ਚੋਟੀ ਦੇ ਵਿਰੋਧੀ ਧਿਰ ਦੇ ਸਿਆਸਤਦਾਨ ਇਮਾਰਨ ਖ਼ਾਨ ਨਾਲ ਵਿਆਹੀ ਹੋਈ ਸੀ, ਨੇ ਟਵੀਟ ਕਰ ਕੇ ਲੰਡਨ ਦੇ ਨਵੇਂ ਬਣੇ ਮੇਅਰ ਨੂੰ ਉਸ ਦੀ ਜਿੱਤ ਦੇ ਮੌਕੇ ‘ਤੇ ਵਧਾਈ ਦਿੰਦਿਆਂ ਕਿਹਾ ਕਿ ”ਸਾਦਿਕ ਖ਼ਾਨ ਨੌਜਵਾਨ ਮੁਸਲਮਾਨਾਂ ਲਈ ਇੱਕ ਵਧੀਆ ਉਦਾਹਰਣ ਸਾਬਿਤ ਹੋਵੇਗਾ।” ਇੱਥੇ ਪਾਠਕ ਚੇਤੇ ਰੱਖਣ ਕਿ ਇਮਰਾਨ ਖ਼ਾਨ ਪਾਕਿਸਤਾਨ ਦਾ ਉਹ ਸਿਰਮੌਰ ਤੇਜ਼ ਰਫ਼ਤਾਰ ਗੇਂਦਬਾਜ਼ ਸੀ ਜਿਸ ਦੀ ਅਗਵਾਈ ਵਿੱਚ ਹੀ ਪਾਕਿਸਤਾਨ ਨੇ 1991 ਦਾ ਵਿਸ਼ਵ ਕੱਪ ਵੀ ਜਿੱਤਿਆ ਸੀ। ਇਮਰਾਨ ਖ਼ਾਨ, ਜਿਸ ਨੂੰ ਇੱਕ ਆਸਟਰੇਲੀਅਨ ਮੈਗੇਜ਼ੀਨ ਓਜ਼ੀ ਨੇ ਇੱਕ ਵਾਰ ‘ਸੈਕਸੀਐਸਟ ਮੈਨ ਔਫ਼ ਦਾ ਯੀਅਰ’ ਵੀ ਐਲਾਨਿਆ ਸੀ, 1995-2004 ਦਰਮਿਆਨ ਜਮਾਇਮਾ ਗੋਲਡਸਮਿਥ ਨਾਲ ਵਿਆਹਿਆ ਰਿਹਾ। ਜਮਾਇਮਾ ਦੇ ਦਾਦਕਿਆਂ ਦਾ ਪਿਛੋਕੜ ਜਰਮਨ ਯਹੂਦੀ ਹੋਣ ਕਾਰਨ ਪਾਕਿਸਤਾਨ ਵਿੱਚ ਉਸ ਦੇ ਮੁਕੰਮਲ ਕਿਆਮ ਦੌਰਾਨ ਜਮਾਇਮਾ ਨੂੰ ਯਹੂਦੀ ਲੌਬੀ ਵਲੋਂ ਪਲਾਂਟ ਕੀਤੀ ਹੋਈ ਕਹਿ ਕੇ ਭੰਡਿਆ ਜਾਂਦਾ ਰਿਹਾ ਹਾਲਾਂਕਿ ਉਸ ਨੇ ਇਸਲਾਮ ਕਬੂਲ ਕਰ ਲਿਆ ਸੀ। 1999 ਵਿੱਚ ਉਸ ਉੱਪਰ ਇਸਲਾਮਿਕ ਯੁੱਗ ਦੀਆਂ ਟਾਇਲਾਂ ਪਾਕਿਸਤਾਨ ‘ਚੋਂ ਬਾਹਰ ਐਕਸਪੋਰਟ ਕਰਨ ਦਾ ਦੋਸ਼ ਵੀ ਲਗਾਇਆ ਗਿਆ ਜੋ ਕਿ ਬਾਅਦ ਵਿੱਚ ਝੂਠਾ ਸਾਬਿਤ ਹੋਇਆ। 2004 ਵਿੱਚ ਜਮਾਇਮਾ ਇਮਰਾਨ ਖ਼ਾਨ ਤੋਂ ਤਲਾਕ ਲੈ ਕੇ ਆਪਣੇ ਦੋ ਮੁੰਡਿਆਂ ਸਮੇਤ ਲੰਦਨ ਆ ਕੇ ਰਹਿਣ ਲੱਗੀ ਕਿਉਂਕਿ ਉਸ ਦਾ ਪਾਕਿਸਤਾਨ ਵਿੱਚ ਰਹਿਣਾ ਔਖਾ ਹੋ ਚੁੱਕਾ ਸੀ। ਇਮਰਾਨ ਖ਼ਾਨ ਅਤੇ ਜਮਾਇਮਾ ਦਰਮਿਆਨ ਸਬੰਧ ਹਾਲੇ ਵੀ ਚੰਗੇ ਹਨ ਅਤੇ ਇਮਰਾਨ ਜਦੋਂ ਵੀ ਲੰਡਨ ਜਾਂਦੈ ਤਾਂ ਆਪਣੀ ਸਾਬਕਾ ਸੱਸ ਦੇ ਘਰੇ ਹੀ ਠਹਿਰਦੈ। ਸਭ ਨੂੰ ਹੈਰਾਨੀ ਓਦੋਂ ਹੋਈ ਜਦੋਂ ਇਮਰਾਨ ਖ਼ਾਨ, ਜੋ ਕਿ ਪਾਕਿਸਤਾਨ ਵਿੱਚ ਇਸਲਾਮ ਤੋਂ ਸਿਵਾ ਹੋਰ ਕੋਈ ਗੱਲ ਕਰਨ ਦੀ ਜੁਰਅੱਤ ਨਹੀਂ ਕਰ ਸਕਦਾ, ਲੰਡਨ ਮੇਅਰ ਦੀਆਂ ਚੋਣਾਂ ਵਿੱਚ ਆਪਣੀ ਐਕਸ ਵਹੁਟੀ ਦੇ ਭਰਾ ਜ਼ੈਕ ਗੋਲਡਸਮਿਥ ਦੀ ਸ਼ਰੇਆਮ ਹਮਾਇਤ ਕਰਦਾ ਦੇਖਿਆ ਗਿਆ। ਉਸ ਵੇਲੇ ਤਕ ਜ਼ੈਕ ਦਾ ਇਸਲਾਮ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਭਲੀ ਪ੍ਰਕਾਰ ਨੰਗਾ ਹੋ ਚੁੱਕਾ ਸੀ।
ਪਾਕਿਸਤਾਨੀ ਇਮੀਗ੍ਰੈਂਟ ਬੱਸ ਡਰਾਈਵਰ ਦੇ ਮੁੰਡੇ ਤੋਂ ਲੰਡਨ ਦੇ ਮੇਅਰ ਤਕ ਦਾ ਸਫ਼ਰ
ਲੰਡਨ ਦਾ ਨਵਾਂ ਬਣਿਆ ਮੇਅਰ ਸਾਦਿਕ ਖ਼ਾਨ, ਜੋ ਕਦੇ ਬਰਤਾਨੀਆ ਦੀ ਰਾਜਧਾਨੀ ਵਿੱਚ ਇੱਕ ਪਬਲਿਕ ਹਾਊਸਿੰਗ ਐਸਟੇਟ (ਸਰਕਾਰੀ ਸਹਾਇਤਾ ‘ਤੇ ਗੁਜ਼ਾਰਾ ਕਰਨ ਵਾਲਿਆਂ ਨੂੰ ਦਿੱਤੇ ਜਾਣ ਵਾਲੇ ਮੁਫ਼ਤ ਦੇ ਸਰਕਾਰੀ ਘਰਾਂ) ਵਿੱਚ ਆਪਣੇ ਮਾਤਾ ਪਿਤਾ ਅਤੇ ਭੈਣ-ਭਰਾਵਾਂ ਸਮੇਤ ਰਹਿੰਦਾ ਸੀ, ਅੱਜ ਲੰਡਨ ਸ਼ਹਿਰ ਨੂੰ ਇੱਕ ਪ੍ਰਸ਼ਾਸਕ ਦੇ ਤੌਰ ‘ਤੇ ਲੀਹੀਂ ਪਾਉਣ ਲਈ ਨਿਕਲਿਐ। ਗ਼ਜ਼ਬ ਦੀ ਛਾਲ ਹੈ ਨਾ ਇਹ ਇੱਕ ਪਾਕਿਸਤਾਨੀ ਬੱਸ ਡਰਾਈਵਰ ਦੇ 45 ਸਾਲਾ ਮੁੰਡੇ ਵਲੋਂ? ਮਨੁੱਖੀ ਅਧਿਕਾਰਾਂ ਦਾ ਇਹ ਸਾਬਕਾ ਵਕੀਲ ਅਤੇ ਵਿਰੋਧੀ ਧਿਰ, ਲੇਬਰ ਪਾਰਟੀ, ਦਾ ਕਾਨੂੰਨਘਾੜਾ ਲੰਡਨ ਸਿਟੀ ਹਾਲ ਵਿੱਚ 57 ਪ੍ਰਤੀਸ਼ਤ ਵੋਟਾਂ ਦੇ ਸਿਰ ‘ਤੇ ਪੁੱਜੈ। ਇਸ ਪ੍ਰਕਿਰਿਆ ਦੌਰਾਨ ਉਹ ਕਿਸੇ ਵੀ ਪੱਛਮੀ ਮੁਲਕ ਦੀ ਰਾਜਧਾਨੀ ਦਾ ਪਹਿਲਾਂ ਮੁਸਲਮਾਨ ਮੇਅਰ ਵੀ ਬਣ ਗਿਆ। ਇੱਕ ਅਜਿਹੇ ਚੋਣ ਪ੍ਰਚਾਰ ਉਪਰੰਤ ਜਿਸ ਵਿੱਚ ਉਸ ਦੇ ਪ੍ਰਮੁੱਖ ਵਿਰੋਧੀ ਉਮੀਦਵਾਰ ਨੂੰ ਖ਼ਾਨ ਅਤੇ ਅਤਿਵਾਦੀਆਂ ਦਰਮਿਆਨ ਲਿੰਕ ਸਾਬਿਤ ਕਰਨ ਦੀ ਅਸਫ਼ਲ ਕੋਸ਼ਿਸ਼ ਕਰਦਿਆਂ ਦੇਖਿਆ ਗਿਆ ਹੋਵੇ, ਨਵੇਂ ਮੇਅਰ ਸਾਹਮਣੇ ਇਸ ਵਕਤ ਸਭ ਤੋਂ ਵੱਡੀ ਚੁਣੌਤੀ ਹੋਏਗੀ ਲੰਡਨ ਦੇ ਭਿੰਨ ਭਿੰਨ ਪ੍ਰਕਾਰ ਦੇ ਭਾਈਚਾਰਿਆਂ ਨੂੰ ਇੱਕ ਵਾਰ ਫ਼ਿਰ ਇੱਕਜੁੱਟ ਕਰਨਾ। ਅਜਿਹੇ ਜ਼ਹਿਰੀਲੇ ਚੋਣ ਪ੍ਰਚਾਰ ਜਨਤਾ ਨੂੰ ਬਿਨਾ ਵਜ੍ਹਾ ਤੋਂ ਦੋਫ਼ਾੜ ਛੱਡ ਜਾਂਦੇ ਨੇ। ਲੰਡਨ ਨੂੰ ਇੱਕ ਵਾਰ ਫ਼ਿਰ ਇੱਕ ਮਹਾਨ ਸ਼ਹਿਰ ਦਾ ਦਰਜਾ ਦਿਵਾਉਣ ਲਈ ਸਾਦਿਕ ਖ਼ਾਨ ਨੂੰ ਬਹੁਤ ਜ਼ੋਰ ਲਗਾਉਣਾ ਪੈਣੈ। ਉਸ ਨੂੰ ਲੰਡਨ ਦੀ ਅਨੇਕਤਾ ਵਿੱਚ ਹੀ ਉਸ ਦੀ ਏਕਤਾ ਸਾਬਿਤ ਕਰਨੀ ਪੈਣੀ ਹੈ।
ਆਪਣੇ ਪ੍ਰਵਾਨਗੀ ਭਾਸ਼ਣ ਵਿੱਚ, ਖ਼ਾਨ ਨੇ ਵਾਅਦਾ ਕੀਤਾ ਕਿ ਉਹ ਸਾਰੇ ਲੰਡਨ ਵਾਸੀਆਂ ਦਾ ਮੇਅਰ ਬਣ ਕੇ ਦਿਖਾਵੇਗਾ। ਉਸ ਨੇ ਭਾਵੁਕ ਹੁੰਦਿਆਂ ਇਹ ਵੀ ਕਿਹਾ ਕਿ ਜੇ ਉਸ ਦੇ ਸਵਰਗੀ ਪਿਤਾ ਜੀ, ਜੋ ਕਿ ਪਾਕਿਸਤਾਨ ਤੋਂ 1960ਵਿਆਂ ਵਿੱਚ ਪ੍ਰਵਾਸ ਕਰ ਕੇ ਇੱਕ ਚੰਗੇ ਜੀਵਨ ਦੀ ਭਾਲ ਵਿੱਚ ਇੰਗਲੈਂਡ ਆ ਗਏ ਸਨ, ”ਅੱਜ ਇਸ ਧਰਤੀ ‘ਤੇ ਜੀਵਿਤ ਹੁੰਦੇ ਤਾਂ ਉਸ ਨੂੰ ਮੇਅਰ ਬਣਿਆ ਦੇਖ ਕੇ ਖ਼ੁਸ਼ੀ ਦੇ ਮਾਰੇ ਖੀਵੇ ਹੋ ਹੋ ਜਾਂਦੇ! ਅਤੇ ਮੈਂ ਹਰ ਇੱਕ ਲੰਡਨ ਵਾਸੀ ਦਾ ਇੱਕ ਨਾਮੁਮਕਿਨ ਚੀਜ਼ ਨੂੰ ਮੁਮਕਿਨ ਬਣਾਉਣ ਲਈ ਧੰਨਵਾਦੀ ਹਾਂ,” ਸਾਦਿਕ ਨੇ ਕਿਹਾ। ਖ਼ਾਨ ਦਾ ਸਿਟੀ ਹਾਲ ਤਕ ਦਾ ਸਫ਼ਰ ਕਿਸੇ ਫ਼ਿਲਮੀ ਕਹਾਣੀ ਵਰਗਾ ਹੀ ਹੈ। ਲੰਡਨ ਵਿੱਚ 1970 ਵਿੱਚ ਜਨਮੇ ਖ਼ਾਨ ਦੇ ਮਾਤਾ ਪਿਤਾ ਉਸ ਦੇ ਜਨਮ ਤੋਂ ਕੁਝ ਕੁ ਸਾਲ ਪਹਿਲਾਂ ਹੀ ਪਾਕਿਸਤਾਨ ਤੋਂ ਪ੍ਰਵਾਸ ਕਰ ਕੇ ਲੰਡਨ ਆਏ ਸਨ ਅਤੇ ਸਾਦਿਕ ਖ਼ਾਨ ਸੱਤ ਭਰਾਵਾਂ ਤੇ ਇੱਕ ਭੈਣ ਵਿੱਚੋਂ ਪੰਜਵੇਂ ਨੰਬਰ ‘ਤੇ ਪੈਦਾ ਹੋਇਆ ਸੀ। ਉਸ ਦਾ ਬਚਪਨ ਸਾਊਥ ਲੰਡਨ ਦੇ ਇੱਕ ਗਰੀਬੜੇ ਜਿਹੇ ਇਮੀਗ੍ਰੈਂਟਾਂ ਦੇ ਇਲਾਕੇ ਟੂਟਿੰਗ (ਡਿਸਟ੍ਰਿਕਟ) ਦੀ ਇੱਕ ਪਬਲਿਕ ਹਾਊਸਿੰਗ ਐਸਟੇਟ ਵਿੱਚ ਬੀਤਿਆ ਅਤੇ ਉਹ 24 ਸਾਲ ਦੀ ਉਮਰ ਤਕ ਬੰਕਬੈੱਡਾਂ ‘ਤੇ ਸੌਂਦਾ ਰਿਹਾ। ਉਸ ਦੇ ਇਸ ਸਾਦਾ ਤੇ ਨਿਮਾਣੇ ਪਿਛੋਕੜ ਦਾ ਸਿੱਕਾ ਉਸ ਸ਼ਹਿਰ ਵਿੱਚ ਖ਼ੂਬ ਚੱਲਿਆ ਜਿਹੜਾ ਪਹਿਲਾਂ ਹੀ ਆਪਣੀ ਬਹੁਸਭਿਆਚਾਰਕ ਦਿਖ ‘ਤੇ ਮਾਣ ਕਰਦਾ ਸੀ ਅਤੇ ਉਨ੍ਹਾਂ ਬੰਦਿਆਂ ‘ਤੇ ਵੀ ਜਿਹੜੇ ‘ਸੈੱਲਫ਼ ਮੇਡ’ ਹੁੰਦੇ ਸਨ! ਖ਼ਾਨ ਅੱਜ ਵੀ ਬੜੇ ਮਾਣ ਨਾਲ ਚੇਤੇ ਕਰਦੈ ਕਿ ਕਿਵੇਂ ਉਸ ਦੇ ਇਮੀਗ੍ਰੈਂਟ ਅੱਬੂ ਲੰਡਨ ਦੀ ਮਸ਼ਹੂਰ ਲਾਲ ਬੱਸ ਚਲਾਉਂਦੇ ਹੁੰਦੇ ਸਨ ਅਤੇ ਅੰਮੀ ਇੱਕ ਦਰਜਣ ਵਜੋਂ ਔਰਤਾਂ ਦੇ ਕਪੜੇ ਸਿਊਂਦੀ ਸੀ। ਸਾਦਿਕ ਦਾ ਇੱਕ ਭਰਾ ਮੋਟਰ ਮਕੈਨਿਕ ਹੈ।
ਸਾਦਿਕ ਖ਼ੁਦ ਇੱਕ ਚੰਗਾ ਖ਼ਾਸਾ ਮੁੱਕੇਬਾਜ਼ ਵੀ ਰਿਹੈ, ਇੱਕ ਅਜਿਹੀ ਖੇਡ ਜਿਹੜੀ ਉਸ ਨੂੰ ਉਨ੍ਹਾਂ ਲੋਕਾਂ ਤੋਂ ਸੜਕ ‘ਤੇ ਆਪਣੇ ਬਚਾਅ ਕਰਨ ਲਈ ਸਿੱਖਣੀ ਪਈ ਜਿਹੜੇ ਉਸ ‘ਤੇ ਨਸਲੀ ਫ਼ੱਬਤੀਆਂ ਕੱਸਦੇ ਹੁੰਦੇ ਸਨ ਅਤੇ ਉਸ ਦੇ ਦੋ ਭਰਾ ਬੌਕਸਿੰਗ ਦੇ ਕੋਚ ਹਨ। ਸਾਦਿਕ ਨੇ 2014 ਵਿੱਚ ਲੰਡਨ ਮੈਰਾਥੌਨ ਵਿੱਚ ਵੀ ਭਾਗ ਲਿਆ। ਸਕੂਲ ਵਿੱਚ, ਉਹ ਸਾਇੰਸ ਪੜ੍ਹਨਾ ਅਤੇ ਇੱਕ ਡੈਂਟਿਸਟ ਬਣਨਾ ਚਾਹੁੰਦਾ ਸੀ। ਪਰ ਸਾਦਿਕ ਦੇ ਇੱਕ ਉਸਤਾਦ ਨੇ ਉਸ ਵਿੱਚ ਜ਼ਬਾਨੀ ਹੂਰੇ ਮਾਰਨ ਦਾ ਹੁਨਰ ਪਛਾਣ ਲਿਆ ਅਤੇ ਉਸ ਟੀਚਰ ਨੇ ਉਸ ਨੂੰ ਵਕਾਲਤ ਦੇ ਰਾਹੇ ਪਾਇਆ। ਸਾਦਿਕ ਨੇ ਯੂਨੀਵਰਸਿਟੀ ਔਫ਼ ਨੌਰਥ ਲੰਡਨ ਤੋਂ ਵਕਾਲਤ ਦੀ ਡਿਗਰੀ ਹਾਸਿਲ ਕੀਤੀ, ਅਤੇ 1994 ਵਿੱਚ ਉਸ ਨੇ ਕ੍ਰਿਸਚੀਅਨ ਫ਼ਿਸ਼ਰ ਲਾਅ ਫ਼ਰਮ ਨਾਲ ਇੱਕ ਸਿਖਾਂਦਰੂ ਵਕੀਲ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕੰਪਨੀ ਵਿੱਚ ਉਹ ਬਾਅਦ ਵਿੱਚ ਭਾਈਵਾਲ ਵੀ ਬਣ ਗਿਆ। ਸਾਦਿਕ ਖ਼ਾਨ ਮਨੁੱਖੀ ਅਧਿਕਾਰਾਂ ਵਿੱਚ ਮਾਹਿਰ ਸੀ, ਅਤੇ ਉਸ ਨੇ ਤਿੰਨ ਸਾਲ ਤਕ ਇੱਕ ਸਿਵਿਲ ਲਿਬਰਟੀਜ਼ ਗਰੁੱਪ ‘ਲਿਬਰਟੀ’ ਦੀ ਚੇਅਰ ਸੰਭਾਲੀ।
ਸਾਦਿਕ ਖ਼ਾਨ ਨੇ ਇੱਕ ਵਾਰ ਨੇਸ਼ਨ ਔਫ਼ ਇਸਲਾਮ ਮੂਵਮੈਂਟ ਦੇ ਲੀਡਰ ਲੂਈਸ ਫ਼ਰਾਹਖ਼ਾਨ ਅਤੇ ਆਪਣੇ ਇੱਕ ਮਸਜਿਦ ਦੇ ਵਾਕਿਫ਼ਕਾਰ ਬਾਬਰ ਅਹਿਮਦ, ਜਿਸ ਨੂੰ ਅਫ਼ਗ਼ਾਨਿਸਤਾਨ ਦੀ ਤਾਲਿਬਾਨ ਹਕੂਮਤ ਦੀ ਹਮਾਇਤ ਕਰਨਾ ਕਬੂਲ ਕਰਨ ਕਾਰਨ ਅਮਰੀਕਾ ਵਿੱਚ ਸਜ਼ਾ ਹੋਈ ਸੀ, ਦੀ ਅਦਾਲਤ ਵਿੱਚ ਪੈਰਵੀ ਕੀਤੀ ਸੀ। ਖ਼ਾਨ 15 ਸਾਲ ਦੀ ਉਮਰ ਵਿੱਚ ਓਦੋਂ ਲੇਬਰ ਪਾਰਟੀ ਵਿੱਚ ਸ਼ਾਮਿਲ ਹੋਇਆ ਜਦੋਂ ਇੰਗਲੈਂਡ ਵਿੱਚ ਕੰਸਰਵੇਟਿਵ ਪਾਰਟੀ ਅਤੇ ਉਸ ਦੀ ਰੋਬੀਲੀ ਨੇਤਾ ਲੇਡੀ ਥੈਚਰ ਆਪਣੇ ਪੂਰੇ ਜੋਬਨ ‘ਤੇ ਸਨ। 1994 ਵਿੱਚ ਸਾਦਿਕ ਖ਼ਾਨ ਟੂਟਿੰਗ ਦੀ ਇੱਕ ਕੰਸਰਟੇਟਿਵ ਸਮਝੀ ਜਾਂਦੀ ਬੋਰੋ ਵੈਂਡਜ਼ਵਰਥ ਤੋਂ ਲੇਬਰ ਪਾਰਟੀ ਦਾ ਕਾਊਂਸਲਰ ਬਣਿਆ ਅਤੇ ਫ਼ਿਰ 2005 ਵਿੱਚ ਉੱਥੋਂ ਹੀ ਮੈਂਬਰ ਪਾਰਲੀਮੈਂਟ। ਉਹ ਹਾਲੇ ਵੀ ਉਸੇ ਇਲਾਕੇ ਵਿੱਚ ਆਪਣੀਆਂ ਦੋ ਟੀਨਏਜਡ ਬੇਟੀਆਂ ਅਤੇ ਵਕੀਲ ਬੀਵੀ ਸਾਦੀਆ ਨਾਲ ਰਹਿੰਦਾ ਹੈ।
ਪ੍ਰਧਾਨ ਮੰਤਰੀ ਗੌਰਡਨ ਬਰਾਊਨ ਨੇ ਸਾਦਿਕ ਖ਼ਾਨ ਨੂੰ 2008 ਵਿੱਚ ਕਮਿਊਨਿਟੀਜ਼ ਮਨਿਸਟਰ ਥਾਪ ਦਿੱਤਾ, ਅਤੇ ਬਾਅਦ ਵਿੱਚ ਉਸ ਨੇ ਬਰਾਊਨ ਦੇ ਹੀ ਮੰਤਰੀ ਮੰਡਲ ਵਿੱਚ ਇੱਕ ਟਰਾਂਸਪੋਰਟ ਮੰਤਰੀ ਵਜੋਂ ਵੀ ਸੇਵਾ ਨਿਭਾਈ, ਇਸ ਤਰ੍ਹਾਂ ਉਹ ਬਰਤਾਨੀਆ ਦੀਆਂ ਕੈਬਨਿਟ ਦੀਆਂ ਮੀਟਿੰਗਾਂ ਵਿੱਚ ਜਾਣ ਵਾਲਾ ਪਹਿਲਾ ਮੁਸਲਮਾਨ ਮੰਤਰੀ ਬਣਿਆ। ਪਾਰਲੀਮੈਂਟ ਵਿੱਚ, ਸਾਦਿਕ ਖ਼ਾਨ ਨੇ ਸਮਲਿੰਗੀ ਵਿਆਹਾਂ ਦੇ ਹੱਕ ਵਿੱਚ ਵੋਟ ਦਿੱਤੀ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਵੀ ਕਰਨਾ ਪਿਆ। ਮੇਅਰ ਦੇ ਅਹੁਦੇ ਦੇ ਆਪਣੇ ਚੋਣ ਪ੍ਰਚਾਰ ਵਿੱਚ ਉਸ ਨੇ ਲੋਕਾਂ ਨਾਲ ਸਸਤੇ ਘਰਾਂ ਅਤੇ ਆਵਾਜਾਈ ਦੇ ਕਿਰਾਏ ਫ਼ਰੀਜ਼ ਕਰਨ ਦੇ ਵਾਅਦੇ ਕੀਤੇ ਸਨ। 1998 ਵਿੱਚ ਕਰਵਾਏ ਗਏ ਗਰੇਟਰ ਲੰਡਨ ਔਥਿਰਿਟੀ ਰੈਫ਼ਰੈਂਡਮ ਤੋਂ ਬਾਅਦ ਕਾਇਮ ਕੀਤੀ ਗਈ ‘ਗਰੇਟਰ ਲੰਡਨ ਔਥਿਰਿਟੀ’ ਦਾ ਪਹਿਲਾ ਮੇਅਰ ਸਾਲ 2000 ਵਿੱਚ ਲੇਬਰ ਪਾਰਟੀ ਦਾ ਕੈੱਨ ਲਿਵਿੰਗਸਟਨ ਬਣਾਇਆ ਗਿਆ ਸੀ। ਉਸ ਤੋਂ ਬਾਅਦ ਦੋ ਟਰਮਾਂ ਲਈ (2008-2016) ਕੰਸਰਵੇਟਿਵ ਪਾਰਟੀ ਦਾ ਬੌਰਿਸ ਜੌਹਨਸਨ ਗਰੇਟਰ ਲੰਡਨ ਦਾ ਮੇਅਰ ਬਣਿਆ ਰਿਹਾ। ਇਸ ਤਰ੍ਹਾਂ ਸਾਦਿਕ ਖ਼ਾਨ ਲੰਡਨ ਸ਼ਹਿਰ ਦਾ ਤੀਸਰਾ ਮੇਅਰ ਹੈ। ਲੰਡਨ ਸ਼ਹਿਰ ਦਾ ਮੇਅਰ ਸਾਰੇ ਗਰੇਟਰ ਲੰਡਨ, ਜਿਸ ਵਿੱਚ ਸਿਟੀ ਔਫ਼ ਲੰਡਨ ਵੀ ਸ਼ਾਮਿਲ ਹੈ, ਦਾ ਮੇਅਰ ਹੁੰਦਾ ਹੈ। ਵੈਸੇ ਸਿਟੀ ਔਫ਼ ਲੰਡਨ ਦਾ ਇੱਕ ਰਸਮੀ ਲੌਰਡ ਮੇਅਰ ਵੀ ਹੁੰਦੈ।
ਹੁਣ ਸਾਦਿਕ ਖ਼ਾਨ ਕੀ ਕਰੇ? ਲੰਡਨ ਦੇ ਮੇਅਰ ਦਾ ਅਹੁਦਾ ਤੁਹਾਨੂੰ ਸਿਆਸਤ ਦੇ ਅਜਿਹੇ ਗ਼ਲਿਆਰੇ ਦਾ ਗੇੜਾ ਮਰਵਾਂਦਾ ਹੈ ਜਿੱਥੋਂ ਫ਼ਿਰ ਤੁਸੀਂ ਬਸ ਅੱਗੇ ਹੀ ਅੱਗੇ ਜਾ ਸਕਦੇ ਹੋ, ਬਸ਼ਰਤੇ ਤੁਹਾਡੇ ਅੰਦਰ ਕਾਬਲੀਅਤ ਹੋਵੇ! ਉਸ ਦਫ਼ਤਰ ਵਿੱਚ ਬੈਠ ਕੇ ਤੁਸੀਂ ਵੱਡੇ ਸੁਪਨੇ ਦੇਖਣ ਦਾ ਹੌਸਲਾ ਕਰ ਸਕਦੇ ਹੋ। ਸਾਦਿਕ ਖ਼ਾਨ ਦੇ ਪੂਰਵਜ ਬੌਰਿਸ ਜੌਹਨਸਨ ਨੇ ਬਾਕੀਆਂ ਨੂੰ ਪਹਿਲਾਂ ਵੀ ਇਹ ਰਸਤਾ ਦਿਖਾਇਐ। ਉਸੇ ਦੀ ਕੰਸਰਵੇਟਿਵ ਪਾਰਟੀ ਦੇ ਕੈਮਰਨ ਨੇ ਇੱਕ ਵਾਰ ਇਹ ਭਵਿੱਖਬਾਣੀ ਵੀ ਕੀਤੀ ਸੀ ਕਿ ਉਹ ਇੱਕ ਦਿਨ 10 ਡਾਊਨਿੰਗ ਸਟ੍ਰੀਟ ਵਿੱਚ ਇੱਕ ਭਾਰਤੀ ਨੂੰ ਕੁਰਸੀ ‘ਤੇ ਬੈਠਾ ਹੋਇਐ ਦੇਖਦੈ। ਸੋ ਇਸ ਦਾ ਅਰਥ ਇਹ ਹੋਇਆ ਕਿ 10 ਡਾਊਂਨਿੰਗ ਸਟ੍ਰੀਟ ਕੋਈ ਅਜਿਹਾ ਸਥਾਨ ਨਹੀਂ ਜਿੱਥੇ ਕੋਈ ਦੂਸਰੀ ਨਸਲ ਦਾ ਬੰਦਾ ਜਾ ਨਾ ਸਕਦਾ ਹੋਵੇ! ਪਾਕਿਸਤਾਨ ਦੇ ਇਸ ਸਪੂਤ ਨੂੰ ਵਡੇਰੀਆਂ ਆਸ਼ਾਵਾਂ ਪਾਲਣ ਤੋਂ ਜ਼ਰਾ ਵੀ ਸ਼ੰਗਣਾ ਨਹੀਂ ਚਾਹੀਦਾ। ਸਾਦਿਕ ਖ਼ਾਨ ਅਤੇ ਬਰਾਕ ਓਬਾਮਾ ਨੇ ਪੱਛਮੀ ਸਭਿਆਤਾ ਦੇ ਮੂਲ ਮੰਤਰ ਨੂੰ ਹੀ ਅਪਨਾ ਲਿਆ ਲਗਦੈ, ਧਰਮ ਅਤੇ ਨਸਲ ਦੇ ਆਧਾਰ ‘ਤੇ ਫ਼ੈਲਾਏ ਜਾ ਰਹੇ ਭੈਅ ਨੂੰ ਹਰ ਹਾਲਤ ਵਿੱਚ ਹਰਾਉਣ ਦਾ ਮੰਤਰ। ਲੰਡਨ ਸ਼ਹਿਰ ਦਾ ਇਹ ਨਵਾਂ ਮੇਅਰ ਬਰਤਾਨਵੀ ਸਮਾਜ ਵਿੱਚ ਇੱਕ ਨਵੀਂ ਰੂਹ ਫ਼ੂਕ ਸਕਦੈ ਜੋ ਕਿ ਹਾਲ ਹੀ ਵਿੱਚ ਇੱਕ ਵਾਰ ਫ਼ਿਰ ਵਿਦੇਸ਼ੀਆਂ ਦੀ ਆਮਦ ਤੋਂ ਭੈਅਭੀਤ ਹੋਇਆ ਜਾਪਦੈ। ਇਹ ਪਲ ਹੈ ਲੰਡਨ ਵਰਗੇ ਮਹਾਨ ਸ਼ਹਿਰ ਦੇ ਬਹੁਸਭਿਆਚਾਰਕ ਸਮਾਜ ਦੀ ਭਿੰਨਤਾ ਦਾ ਜਸ਼ਨ ਮਨਾਉਣ ਦਾ ਜਿੱਥੇ ਵਸਦੇ 8 ਮਿਲੀਅਨ ਦੇ ਕਰੀਬ ਲੋਕਾਂ ਵਿੱਚੋਂ ਇੱਕ ਮਿਲੀਅਨ ਤੋਂ ਵੀ ਵੱਧ ਮੁਸਲਮਾਨ ਹਨ।