ਪਿਤਾ ਦੀ ਫ਼ਿਲਮ ਦਾ ਸੀਕੁਅਲ ਕਰੇਗੀ ਸਾਰ੍ਹਾ ਅਲੀ ਖ਼ਾਨ

ਫ਼ਿਲਮ ਇੰਡਸਟਰੀ ‘ਚ ਨਵਾਬ ਦੇ ਨਾਂ ਨਾਲ ਜਾਣੇ ਜਾਂਦੇ ਸੈਫ਼ ਅਲੀ ਖ਼ਾਨ ਅਤੇ ਉਸ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਦੀ ਬੇਟੀ ਸਾਰ੍ਹਾ ਅਲੀ ਖ਼ਾਨ ਜਲਦੀ ਹੀ ਫ਼ਿਲਮ ਕੇਦਾਰਨਾਥ ਨਾਲ ਬੌਲੀਵੁਡ ‘ਚ ਡੈਬਿਊ ਕਰ ਰਹੀ ਹੈ। ਇਸ ਡੈਬਿਊ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸਾਰ੍ਹਾ ਨੂੰ ਤਿੰਨ ਫ਼ਿਲਮਾਂ ਹੋਰ ਮਿਲ ਚੁੱਕੀਆਂ ਹਨ। ਕੇਦਾਰਨਾਥ ਦੀ ਸ਼ੂਟਿੰਗ ਦੌਰਾਨ ਹੀ ਉਸ ਨੂੰ ਫ਼ਿਲਮ ਸਿੰਬਾ ਮਿਲ ਗਈ ਸੀ। ਰਣਵੀਰ ਸਿੰਘ ਦੀ ਮੁੱਖ ਭੂਮਿਕਾ ਵਾਲੀ ਸਿੰਬਾ ਇੱਕ ਵੱਡੀ ਫ਼ਿਲਮ ਹੈ।
ਹਾਲ ਹੀ ‘ਚ ਜਾਣਕਾਰੀ ਸਾਹਮਣੇ ਆਈ ਸੀ ਕਿ ਬੌਲੀਵੁਡ ‘ਚ ਰੋਮੈਂਟਿਕ ਲਵ ਸਟੋਰੀਜ਼ ਵਾਲੀਆਂ ਫ਼ਿਲਮਾਂ ਬਣਾਉਣ ਲਈ ਜਾਣੇ ਜਾਂਦੇ ਨਿਰਦੇਸ਼ਕ ਇਮਤਿਆਜ਼ ਅਲੀ ਨੇ ਆਪਣੀ ਅਗਲੀ ਫ਼ਿਲਮ ‘ਚ ਸਾਰ੍ਹਾ ਅਲੀ ਖ਼ਾਨ ਅਤੇ ਕਾਰਤਿਕ ਆਰੀਅਨ ਨੂੰ ਫ਼ਾਈਨਲ ਕਰ ਲਿਆ ਹੈ। ਉਸ ਵਕਤ ਇਸ ਫ਼ਿਲਮ ਦਾ ਨਾਂ ਸਾਹਮਣੇ ਨਹੀਂ ਸੀ ਆਇਆ, ਪਰ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਫ਼ਿਲਮ ਦਾ ਨਾਮ ਲਵ ਆਜ ਕੱਲ੍ਹ ਦਾ ਸੀਕੁਅਲ ਲਵ ਆਜ ਕੱਲ੍ਹ-2 ਹੈ। ਜ਼ਿਕਰਯੋਗ ਹੈ ਕਿ ਲਵ ਆਜ ਕੱਲ੍ਹ ‘ਚ ਸਾਰ੍ਹਾ ਦੇ ਪਿਤਾ ਸੈਫ਼ ਅਲੀ ਖ਼ਾਨ ਅਤੇ ਦੀਪਿਕਾ ਪਾਦੂਕੋਣ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ।
ਹਾਲ ਹੀ ‘ਚ ਸਾਰ੍ਹਾ ਨੇ ਇੱਕ ਟੀਵੀ ਸ਼ੋਅ ਦੌਰਾਨ ਕਿਹਾ ਸੀ ਕਿ ਉਹ ਅਦਾਕਾਰ ਕਾਰਤਿਕ ਆਰੀਅਨ ਨੂੰ ਡੇਟ ਕਰਨਾ ਚਾਹੁੰਦੀ ਹੈ। ਹੁਣ ਸਾਰ੍ਹਾ ਨੂੰ ਸੱਚਮੁੱਚ ਹੀ ਫ਼ਿਲਮ ‘ਚ ਆਰੀਅਨ ਨਾਲ ਰੋਮੈਂਸ ਕਰਨ ਦਾ ਮੌਕਾ ਮਿਲ ਗਿਆ ਹੈ। ਸੂਤਰਾਂ ਅਨੁਸਾਰ, ਨਿਰਦੇਸ਼ਕ ਇਮਤਿਆਜ਼ ਅਲੀ ਇਸ ਵਕਤ ਇਸ ਫ਼ਿਲਮ ਦੀ ਸਕ੍ਰਿਪਟਿੰਗ ਨੂੰ ਲੈ ਕੇ ਰੁੱਝਾ ਹੋਇਆ ਹੈ। ਇਮਤਿਆਜ਼ ਨੂੰ ਲਗਦਾ ਸੀ ਕਿ ਸਾਰ੍ਹਾ ਇਸ ਫ਼ਿਲਮ ਲਈ ਇਕਦਮ ਠੀਕ ਹੈ। ਉਸ ਨੂੰ ਸਾਰ੍ਹਾ ਦਾ ਚੁਲਬੁਲਾਪਨ ਕਾਫ਼ੀ ਪਸੰਦ ਆਇਆ। 7 ਦਸੰਬਰ ਨੂੰ ਸਾਰ੍ਹਾ ਦੀ ਫ਼ਿਲਮ ਕੇਦਾਰਨਾਥ ਰਿਲੀਜ਼ ਹੋਵੇਗੀ ਜਿਸ ਵਿੱਚ ਉਸ ਨਾਲ ਸੁਸ਼ਾਂਤ ਸਿੰਘ ਰਾਜਪੂਤ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਪਿਛਲੇ ਕਾਫ਼ੀ ਸਮੇਂ ਤੋਂ ਬਣ ਰਹੀ ਹੈ, ਅਤੇ ਇਸ ਦੀ ਰਿਲੀਜ਼ ਨੂੰ ਵੀ ਕਾਫ਼ੀ ਸਮਾਂ ਲੱਗ ਗਿਆ ਹੈ। ਇਸ ਤੋਂ ਇਲਾਵਾ ਸਾਰ੍ਹਾ ਅਲੀ ਖ਼ਾਨ ਦੀ ਫ਼ਿਲਮ ਸਿੰਬਾ ਵੀ 28 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਤਰ੍ਹਾਂ ਅਗਲਾ ਮਹੀਨਾ ਸਾਰ੍ਹਾ ਅਲੀ ਖ਼ਾਨ ਲਈ ਬਹੁਤ ਖ਼ਾਸ ਰਹਿਣ ਵਾਲਾ ਹੈ।
ਅਭਿਸ਼ੇਕ ਬੱਚਨ ਇਨ੍ਹੀਂ ਦਿਨੀਂ ਨਿਰਮਾਤਾਵਾਂ ਨੂੰ ਸਲਾਹ ਦੇ ਰਿਹਾ ਹੈ ਕਿ ਉਹ ਉਸ ਨੂੰ ਲੈ ਕੇ ਕਿੰਨੇ ਸਮੇਂ ‘ਚ ਤੇ ਕਿੰਨੇ ਬਜਟ ਨਾਲ ਫ਼ਿਲਮ ਬਣਾਉਣ ਜਿਸ ਨਾਲ ਉਨ੍ਹਾਂ ਦਾ ਜ਼ਿਆਦਾ ਖ਼ਰਚਾ ਨਾ ਆਵੇ। ਅਭਿਸ਼ੇਕ ਅਜਿਹਾ ਆਪਣੇ ਘੱਟ ਰਹੇ ਸਟਾਰਡਮ ਨੂੰ ਦੇਖਦੇ ਹੋਏ ਕਰ ਰਿਹਾ ਹੈ …