ਸੰਜੇ ਲੀਲਾ ਭੰਸਾਲੀ ਉਨ੍ਹਾਂ ਨਿਰਦੇਸ਼ਕਾਂ ‘ਚੋਂ ਹੈ ਜਿਸ ਨਾਲ ਬੌਲੀਵੁਡ ਸਿਤਾਰੇ ਫ਼ਿਲਮ ਕਰਨ ਲਈ ਉਤਾਵਲੇ ਰਹਿੰਦੇ ਹਨ। ਹੁਣ ਤਕ ਭੰਸਾਲੀ ਬੌਲੀਵੁਡ ਨੂੰ ਕਈ ਸਟਾਰਜ਼ ਦੇ ਚੁੱਕਾ ਹੈ ਅਤੇ ਕਈ ਪੁਰਾਣਿਆਂ ਨੂੰ ਸੁਪਰਸਟਾਰ ਬਣਾ ਚੁੱਕਾ ਹੈ, ਪਰ ਕਰੀਨਾ ਕਪੂਰ ਖ਼ਾਨ ਨੇ ਉਸ ਨਾਲ ਕੰਮ ਕਰਨ ਨੂੰ ਲੈ ਕੇ ਇੱਕ ਸ਼ਰਤ ਰੱਖ ਦਿੱਤੀ ਹੈ। ਕਰੀਨਾ ਨੇ ਕਿਹਾ ਹੈ ਕਿ ਉਹ ਤਦ ਤਕ ਭੰਸਾਲੀ ਦੀ ਫ਼ਿਲਮ ‘ਚ ਕੰਮ ਨਹੀਂ ਕਰੇਗੀ ਜਦ ਤਕ ਉਸ ਦਾ ਬੇਟਾ ਤੈਮੂਰ 10 ਸਾਲ ਦਾ ਨਹੀਂ ਹੋ ਜਾਂਦਾ। ਕਰੀਨਾ ਦਾ ਕਹਿਣਾ ਹੈ ਕਿ ਭੰਸਾਲੀ ਦੀ ਫ਼ਿਲਮ ਲਈ ਕਾਫ਼ੀ ਜ਼ਿਆਦਾ ਸਮੇਂ ਦੀ ਜ਼ਰੂਰਤ ਹੁੰਦੀ ਹੈ, ਪਰ ਕਾਰਨ ਇਹ ਨਹੀਂ ਕੁੱਝ ਹੋਰ ਹੈ। ਅਸਲ ‘ਚ ਕਰੀਨਾ ਨੇ ਕਿਹਾ ਕਿ ਤੈਮੂਰ ਅਲੀ ਖ਼ਾਨ ਅਜੇ ਕਾਫ਼ੀ ਛੋਟਾ ਹੈ ਅਤੇ ਕਰੀਨਾ ਉਸ ਦਾ ਖ਼ਿਆਲ ਖ਼ੁਦ ਰੱਖਣਾ ਚਾਹੁੰਦੀ ਹੈ। ਇਸ ਲਈ ਅਜੇ ਉਹ ਭੰਸਾਲੀ ਦੀ ਫ਼ਿਲਮ ਲਈ ਐਨਾ ਸਮਾਂ ਨਹੀਂ ਕੱਢ ਸਕਦੀ।
ਜ਼ਿਕਰਯੋਗ ਹੈ ਕਿ ਉਸ ਦਾ ਬੇਟਾ ਤੈਮੂਰ ਅਜੇ ਸਿਰਫ਼ ਦੋ ਸਾਲਾਂ ਦਾ ਹੈ, ਪਰ ਉਸ ਦੇ ਫ਼ੈਨਜ਼ ਦੀ ਗਿਣਤੀ ਵੀ ਕਿਸੇ ਬੌਲੀਵੁਡ ਸਟਾਰ ਨਾਲੋਂ ਘੱਟ ਨਹੀਂ। ਉਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ ‘ਚ ਉਸ ਵਰਗਾ ਇੱਕ ਗੁੱਡਾ ਵੀ ਬਾਜ਼ਾਰ ‘ਚ ਉਤਾਰ ਦਿੱਤਾ ਗਿਆ। ਕਰੀਨਾ ਨੇ ਮਾਂ ਬਣਨ ਤੋਂ ਬਾਅਦ ਇਸ ਸਾਲ ਰਿਲੀਜ਼ ਹੋਈ ਫ਼ਿਲਮ ਵੀਰੇ ਦੀ ਵੈਡਿੰਗ ਨਾਲ ਮੁੜ ਪਰਦੇ ‘ਤੇ ਵਾਪਸੀ ਕੀਤੀ ਸੀ। ਇਸ ਫ਼ਿਲਮ ‘ਚ ਉਸ ਦੀ ਅਦਾਕਾਰੀ ਦੀ ਆਲੋਚਕਾਂ ਅਤੇ ਦਰਸ਼ਕਾਂ ਨੇ ਕਾਫ਼ੀ ਤਾਰੀਫ਼ ਕੀਤੀ ਹੈ।
ਫ਼ਿਲਮ ‘ਚ ਉਸ ਤੋਂ ਇਲਾਵਾ ਸਵੱਰਾ ਭਾਸਕਰ ਤੇ ਸੋਨਮ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਵਕਤ ਕਰੀਨਾ ਆਪਣੀ ਅਗਲੀ ਫ਼ਿਲਮ ਤਖ਼ਤ ਦੀ ਤਿਆਰੀ ਕਰ ਰਹੀ ਹੈ। ਇਹ ਇੱਕ ਮਲਟੀਸਟਾਰਰ ਫ਼ਿਲਮ ਹੈ ਜਿਸ ਵਿੱਚ ਰਣਵੀਰ ਕਪੂਰ, ਆਲੀਆ ਭੱਟ, ਅਨਿਲ ਕਪੂਰ, ਵਿਕੀ ਕੌਸ਼ਲ ਵਰਗੇ ਸਿਤਾਰੇ ਕੰਮ ਕਰ ਰਹੇ ਹਨ। ਇਹ ਫ਼ਿਲਮ ਬੌਲੀਵੁਡ ਦਾ ਮਸ਼ਹੂਰ ਫ਼ਿਲਮਸਾਜ਼ ਕਰਨ ਜੌਹਰ ਬਣਾ ਰਿਹਾ ਹੈ।
ਕਰੀਨਾ ਨੇ ਕਿਹਾ ਅਜੇ ਉਹ ਭੰਸਾਲੀ ਦੀ ਫ਼ਿਲਮ ਨਹੀਂ ਕਰ ਸਕਦੀ। ਉਸ ਦੀ ਫ਼ਿਲਮ ਲਈ ਕਾਫ਼ੀ ਸਮਾਂ ਚਾਹੀਦਾ ਹੈ। ਅਜੇ ਉਹ ਸਿਰਫ਼ ਆਪਣੇ ਬੇਟੇ ਨੂੰ ਹੀ ਵਕਤ ਦੇਣਾ ਚਾਹੁੰਦੀ ਹੈ …











