ਮਿਥੁਨ ਚੱਕਰਵਰਤੀ ਦਾ ਕਰੀਅਰ ਜਦੋਂ ਮਾੜੇ ਦੌਰ ‘ਚੋਂ ਲੰਘ ਰਿਹਾ ਸੀ ਤਾਂ ਉਸ ਨੇ ਨਿਰਮਾਤਾਵਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਵੱਡੇ ਬਜਟ ਦੀਆਂ ਫ਼ਿਲਮਾਂ ‘ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਦੌਰ ‘ਚ ਮਿਥੁਨ ਆਪਣੇ ਨਿਰਮਾਤਾਵਾਂ ਨੂੰ ਪਹਿਲਾਂ ਹੀ ਬਜਟ ਦਾ ਹਿਸਾਬ-ਕਿਤਾਬ ਸਮਝਾ ਦਿੰਦਾ ਸੀ ਕਿ ਕਿੰਨੇ ਬਜਟ ‘ਚ ਅਤੇ ਕਿੰਨੇ ਦਿਨਾਂ ‘ਚ ਫ਼ਿਲਮ ਨੂੰ ਪੂਰਾ ਕਰ ਕੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਮਿਥੁਨ ਤੋਂ ਬਾਅਦ ਘੱਟ ਬਜਟ ਅਤੇ ਘੱਟ ਸਮੇਂ ‘ਚ ਫ਼ਿਲਮ ਦਾ ਕੰਮ ਪੂਰਾ ਕਰਨ ਦਾ ਫ਼ਾਰਮੂਲਾ ਅਕਸ਼ੇ ਕੁਮਾਰ ਨੇ ਵੀ ਅਪਨਾਇਆ ਅਤੇ ਇਸ ਦੇ ਨਤੀਜੇ ਵਜੋਂ ਉਸ ਦੀਆਂ ਘੱਟ ਬਜਟ ਵਾਲੀਆਂ ਫ਼ਿਲਮਾਂ ਨੇ ਜ਼ਿਆਦਾ ਕਾਬਯਾਬੀ ਹਾਸਿਲ ਕੀਤੀ। ਹੁਣ ਅਭਿਸੇਕ ਬੱਚਨ ਵੀ ਇਸੇ ਰਸਤੇ ‘ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ।
ਦੋ ਸਾਲ ਬਾਅਦ ਅਨੁਰਾਗ ਕਸ਼ਅਪ ਦੀ ਫ਼ਿਲਮ ਮਨਮਰਜ਼ੀਆਂ ਨਾਲ ਪਰਦੇ ‘ਤੇ ਵਾਪਸੀ ਕਰਨ ਮਗਰੋਂ ਅਭਿਸ਼ੇਕ ਨੂੰ ਆਪਣੇ ਸਟਾਰਡਮ ਨੂੰ ਲੈ ਕੇ ਨਿਰਾਸ਼ ਹੋਣਾ ਪਿਆ। ਇਸ ਦੇ ਨਤੀਜੇ ਵਜੋਂ ਉਸ ਦੀ ਫ਼ਿਲਮ ਗ਼ੁਲਾਬ ਜਾਮੁਨ ਵੀ ਠੰਡੇ ਬਸਤੇ ‘ਚ ਪੈ ਗਈ। ਇਸੇ ਲਈ ਹੁਣ ਅਭਿਸ਼ੇਕ ਨੇ ਨਿਰਮਾਤਾਵਾਂ ਨੂੰ ਬਜਟ ਦਾ ਹਿਸਾਬ ਸਮਝਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ‘ਚ ਉਸ ਨੂੰ ਇੱਕ ਨਿਰਮਾਤਾ ਨੇ ਨਵੀਂ ਫ਼ਿਲਮ ਦੀ ਪੇਸ਼ਕਸ਼ ਦਿੱਤੀ, ਪਰ ਅਭਿਸ਼ੇਕ ਨੇ ਉਸ ਨੂੰ ਅੱਗੋਂ ਸਮਝਾਇਆ ਕਿ ਉਸ ਨੂੰ ਲੈ ਕੇ ਕਿੰਨੇ ਦਿਨਾਂ ‘ਚ ਕਿੰਨੇ ਬਜਟ ਨਾਲ ਫ਼ਿਲਮ ਬਣਾਈ ਜਾਣੀ ਚਾਹੀਦੀ ਹੈ ਤਾਂ ਕਿ ਕਿਸੇ ਨੂੰ ਵੀ ਕੋਈ ਨੁਕਸਾਨ ਨਾ ਹੋਵੇ।











