ਪਾਕਿ ਚ 2023 ‘ਚ ਹੋਣ ਵਾਲਾ ਏਸ਼ੀਆ ਕੱਪ ਹੋਵੇਗਾ 50 ਓਵਰਾਂ ਦਾ – ਰਮੀਜ਼ ਰਾਜਾ

ਦੁਬਈ – ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਪ੍ਰਧਾਨ ਰਮੀਜ਼ ਰਾਜਾ ਨੇ ਦੱਸਿਆ ਕਿ ਪਾਕਿਸਤਾਨ ‘ਚ 2023 ‘ਚ ਹੋਣ ਵਾਲਾ ਏਸ਼ੀਆ ਕੱਪ 50 ਓਵਰਾਂ ਦਾ ਟੂਰਨਾਮੈਂਟ ਹੋਵੇਗਾ। ਪਾਕਿਸਤਾਨ ਦੇ ਸਾਬਕਾ ਕਪਤਾਨ ਰਾਜਾ ਨੇ ਹਾਲਾਂਕਿ ਇਸ ਗੱਲ ਦੇ ਕਾਫ਼ੀ ਸੰਕੇਤ ਦਿੱਤੇ ਕਿ ਭਾਰਤ ਵਿਰੁੱਧ ਦੁਵੱਲੇ ਸੀਰੀਜ਼ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਸਹਿਜ ਪੱਧਰ ‘ਤੇ ਪਹੁੰਚਣ ਦੇ ਲਈ ਅਜੇ ਕਾਫ਼ੀ ਕੁੱਝ ਕੀਤਾ ਜਾਣਾ ਬਾਕੀ ਹੈ। ਰਾਜਾ ਨੇ ਹਾਲ ‘ਚ ਦੁਬਈ ਵਿੱਚ ਏਸ਼ੀਆਈ ਕ੍ਰਿਕਟ ਪ੍ਰੀਸ਼ਦ (ACC) ਦੀ ਬੈਠਕ ‘ਚ ਹਿੱਸਾ ਲਿਆ ਸੀ ਜਿਸ ‘ਚ ਉਨ੍ਹਾਂ ਨੇ ਏਸ਼ੀਆ ਕੱਪ ਦੇ ਆਯੋਜਨ ਨੂੰ ਲੈ ਕੇ ਚਰਚਾ ਕੀਤੀ।
ਉਨ੍ਹਾਂ ਨੇ ਇਸ ਵਿਚਾਲੇ ਭਾਰਤੀ ਕ੍ਰਿਕਟ ਬੋਰਡ (BCCI) ਦੇ ਪ੍ਰਧਾਨ ਸੌਰਭ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਨਾਲ ਵੀ ਮੁਲਾਕਾਤ ਕੀਤੀ। ਰਾਜਾ ਨੇ PCB ਦੀ ਅਧਿਕਾਰਿਕ ਵੈੱਬਸਾਈਟ ਨੂੰ ਕਿਹਾ ਕਿ ACC ਨੇ ਇਸ ‘ਤੇ ਸਹਿਮਤੀ ਅਤੇ ਮਨਜ਼ੂਰੀ ਦਿੱਤੀ ਕਿ 2023 ‘ਚ ਪਾਕਿਸਤਾਨ ‘ਚ ਹੋਣ ਵਾਲੇ ਮੁਕਾਬਲੇ 50 ਓਵਰਾਂ ਦੇ ਹੋਣਗੇ ਅਤੇ ਇਹ ਸਤੰਬਰ ‘ਚ ਹੋਣਗੇ। ਇਹ ICC ਪੁਰਸ਼ ਵਿਸ਼ਵ ਕੱਪ 2023 ਦੇ ਲਿਹਾਜ਼ ਨਾਲ ਵਧੀਆ ਫ਼ੈਸਲਾ ਹੈ ਜੋ ਕਿ ਅਕਤੂਬਰ-ਨਵੰਬਰ ‘ਚ (ਭਾਰਤ ‘ਚ) ਖੇਡਿਆ ਜਾਵੇਗਾ। ਰਾਜਾ ਨੇ ਭਾਵੇਂ ਕਿਹਾ ਹੈ ਕਿ ਟੂਰਨਾਮੈਂਟ ਪਾਕਿਸਤਾਨ ‘ਚ ਹੋਵੇਗਾ, ਪਰ ਜੇਕਰ ਮੌਜੂਦਾ ਰਾਜਨੀਤਿਕ ਤਨਾਅ ਬਰਕਰਾਰ ਰਹਿੰਦਾ ਹੈ ਤਾਂ ਭਾਰਤ ਦੀ ਆਪਣੇ ਗੁਆਂਢੀ ਦੇਸ਼ ਦਾ ਦੌਰਾ ਕਰਨ ਦੀ ਸੰਭਾਵਨਾ ਨਾ ਦੇ ਬਰਾਬਰ ਹੈ।
ਅਜਿਹੀ ਸਥਿਤੀ ‘ਚ 2018 ਦੀ ਤਰ੍ਹਾਂ ਟੂਰਨਾਮੈਂਟ ਦਾ ਆਯੋਜਨ ਦੁਬਈ ‘ਚ ਕੀਤਾ ਜਾ ਸਕਦਾ ਹੈ। ਰਾਜਾ ਨੇ ਕਿਹਾ ਕਿ ਅਸੀਂ ਪਾਕਿਸਤਾਨ ‘ਚ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਚਾਹੁੰਦੇ ਹਾਂ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਇੱਕ ਯੋਜਨਾਬੱਧ ਈਵੈਂਟ ਹੋਵੇਗਾ। ACC ਨੇ ਇਸ ਦੇ ਨਾਲ ਹੀ ਪੁਸ਼ਟੀ ਕੀਤੀ ਕਿ ਸ਼੍ਰੀ ਲੰਕਾ ‘ਚ ਅਗਲੇ ਸਾਲ ਹੋਣ ਵਾਲਾ ਟੂਰਨਾਮੈਂਟ T-20 ਸਵਰੂਪ ‘ਚ ਖੇਡਿਆ ਜਾਵੇਗਾ ਕਿਉਂਕਿ ਅਗਲੇ ਸਾਲ ਆਸਟਰੇਲੀਆ ‘ਚ ਅਕਤੂਬਰ-ਨਵੰਬਰ ‘ਚ T-20 ਵਿਸ਼ਵ ਕੱਪ ਖੇਡਿਆ ਜਾਣਾ ਹੈ। BCCI ਦੇ ਅਧਿਕਾਰੀਆਂ ਨਾਲ ਆਪਣੀ ਬੈਠਕ ਦੇ ਬਾਰੇ ਰਾਜਾ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਵਿਚਾਲੇ ਦੁਵੱਲੇ ਸੀਰੀਜ਼ਾਂ ਸ਼ੁਰੂ ਕਰਨ ਲਈ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ।