ਇਸਲਾਮਾਬਾਦ – ਪਾਕਿਸਤਾਨ ਦਾ ਪਾਸਪੋਰਟ ‘ਹੈਨਲੇ ਪਾਸਪੋਰਟ ਇੰਡੈਕਸ’ ਦੀ ਤਾਜ਼ਾ ਰੈਂਕਿੰਗ ਵਿਚ ਇਕ ਦਰਜਾ ਹੇਠਾਂ ਖਿਸਕ ਕੇ 101ਵੇਂ ਸਥਾਨ ’ਤੇ ਆ ਗਿਆ ਹੈ, ਜਿਸ ਨਾਲ ਇਹ ਦੁਨੀਆ ਦਾ ਚੌਥਾ ਸਭ ਤੋਂ ਕਮਜ਼ੋਰ ਪਾਸਪੋਰਟ ਬਣ ਗਿਆ ਹੈ ਅਤੇ ਪਾਕਿ ਨਾਗਰਿਕਾਂ ਲਈ ਬਿਨਾਂ ਵੀਜ਼ਾ ਯਾਤਰਾ ਦੀਆਂ ਸਹੂਲਤਾਂ ਲਗਾਤਾਰ ਘਟ ਰਹੀਆਂ ਹਨ।
ਹੈਨਲੇ ਪਾਸਪੋਰਟ ਇੰਡੈਕਸ 227 ਥਾਂਵਾਂ ਵਿਚੋਂ ਪਹਿਲਾਂ ਵੀਜ਼ਾ ਪ੍ਰਾਪਤ ਕੀਤੇ ਬਿਨਾਂ ਦਾਖ਼ਲ ਹੋਣ ਵਾਲੀਆਂ ਥਾਂਵਾਂ ਦੀ ਗਿਣਤੀ ਦੇ ਆਧਾਰ ’ਤੇ 199 ਪਾਸਪੋਰਟਾਂ ਨੂੰ ਰੈਂਕ ਪ੍ਰਦਾਨ ਕਰਦਾ ਹੈ। ਇਸ ਵਿਚ ਬਿਨਾਂ ਵੀਜ਼ਾ ਦਾਖ਼ਲਾ ਜਾਂ ‘ਵੀਜ਼ਾ-ਆਨ-ਅਰਾਈਵਲ’ ਦੇਣ ਵਾਲੇ ਦੇਸ਼ ਸ਼ਾਮਲ ਹਨ। ਤਾਜ਼ਾ ਰੈਂਕਿੰਗ ਅਨੁਸਾਰ ਪਾਕਿਸਤਾਨੀ ਪਾਸਪੋਰਟ ਹੋਲਡਰ ਹੁਣ ਬਿਨਾਂ ਪਹਿਲਾਂ ਵੀਜ਼ਾ ਲਏ ਸਿਰਫ 29 ਥਾਂਵਾਂ ਦੀ ਯਾਤਰਾ ਕਰ ਸਕਦੇ ਹਨ, ਜੋ ਮਈ ਵਿਚ 30 ਸੀ।
ਇਸੇ ਗਿਰਾਵਟ ਦੇ ਕਾਰਨ ਦੇਸ਼ ਦੀ ਰੈਂਕਿੰਗ 100ਵੇਂ ਸਥਾਨ ਤੋਂ ਡਿੱਗ ਕੇ 101ਵੇਂ ਸਥਾਨ ’ਤੇ ਆ ਗਈ ਹੈ। ਇੰਡੈਕਸ ਅਨੁਸਾਰ, ਜਨਵਰੀ 2021 ਤੋਂ ਪਾਕਿਸਤਾਨੀ ਪਾਸਪੋਰਟ ਲਗਾਤਾਰ ਦੁਨੀਆ ਦੇ ਸਭ ਤੋਂ ਕਮਜ਼ੋਰ ਪਾਸਪੋਰਟਾਂ ਵਿਚ ਸ਼ਾਮਲ ਰਿਹਾ ਹੈ। ਮੌਜੂਦਾ ਸਮੇਂ ਵਿਚ ਸਿਰਫ ਅਫ਼ਗਾਨਿਸਤਾਨ, ਇਰਾਕ ਅਤੇ ਸੀਰੀਆ ਹੀ ਪਾਕਿਸਤਾਨ ਤੋਂ ਹੇਠਾਂ ਹਨ, ਜਦਕਿ ਯਮਨ 30 ਥਾਂਵਾਂ ਵਿਚ ਵੀਜ਼ਾ-ਮੁਕਤ ਜਾਂ ਵੀਜ਼ਾ-ਆਨ-ਅਰਾਈਵਲ ਨਾਲ ਪਾਕਿਸਤਾਨ ਤੋਂ ਇਕ ਸਥਾਨ ਅੱਗੇ ਨਿਕਲ ਗਿਆ ਹੈ।















