ਰਾਂਚੀ – ਝਾਰਖੰਡ ਦੇ ਧਨਬਾਦ ਜ਼ਿਲ੍ਹੇ ਵਿਚ ਗੈਰ-ਕਾਨੂੰਨੀ ਕੋਲਾ ਕਾਰੋਬਾਰ ਦੇ ਖ਼ਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮੰਗਲਵਾਰ ਸਵੇਰੇ ਵੱਡੇ ਪੱਧਰ ’ਤੇ ਛਾਪੇਮਾਰੀ ਸ਼ੁਰੂ ਕੀਤੀ। ਇਕੋ ਸਮੇਂ 20 ਤੋਂ ਵੱਧ ਟਿਕਾਣਿਆਂ ’ਤੇ ਹੋਈ ਇਸ ਕਾਰਵਾਈ ਨਾਲ ਕੋਲਾ ਕਾਰੋਬਾਰ ਨਾਲ ਜੁੜੇ ਲੋਕਾਂ ਵਿਚ ਭਾਜੜਾਂ ਪੈ ਗਈਆਂ। ਈ. ਡੀ. ਦੀਆਂ ਟੀਮਾਂ ਕੇਂਦਰੀ ਸੁਰੱਖਿਆ ਫੋਰਸਾਂ ਨਾਲ ਵੱਖ-ਵੱਖ ਥਾਵਾਂ ’ਤੇ ਪਹੁੰਚੀਆਂ ਅਤੇ ਕਈ ਘੰਟਿਆਂ ਤੱਕ ਦਸਤਾਵੇਜ਼ਾਂ ਅਤੇ ਇਲੈਕਟ੍ਰਾਨਿਕ ਉਪਕਰਣਾਂ ਦੀ ਤਲਾਸ਼ੀ ਲਈ।
ਅਧਿਕਾਰੀਆਂ ਨੇ ਸਬੰਧਤ ਟਿਕਾਣਿਆਂ ਤੋਂ ਅਹਿਮ ਦਸਤਾਵੇਜ਼ਾਂ ਦੀ ਜਾਂਚ ਕੀਤੀ, ਜਦੋਂ ਕਿ ਮੋਬਾਈਲ ਫੋਨ, ਲੈਪਟਾਪ ਅਤੇ ਹੋਰ ਇਲੈਕਟ੍ਰੌਨਿਕ ਉਪਕਰਣਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਿੱਤੀ ਲੈਣ-ਦੇਣ ਨਾਲ ਜੁੜੇ ਰਿਕਾਰਡ ਅਤੇ ਦਸਤਾਵੇਜ਼ ਵੀ ਖੰਗਾਲੇ ਜਾ ਰਹੇ ਹਨ। ਲੋਯਾਬਾਦ ਦੇ ਕਨਕਨੀ ਖੇਤਰ ਵਿਚ ਵੀ ਈ. ਡੀ. ਦੀ ਟੀਮ ਕਈ ਚਰਚਿਤ ਕਾਰੋਬਾਰੀਆਂ ਦੇ ਟਿਕਾਣਿਆਂ ’ਤੇ ਪਹੁੰਚੀ। ਅਧਿਕਾਰੀਆਂ ਦਾ ਕਾਫ਼ਲਾ ਤਿੰਨ ਵਾਹਨਾਂ ਵਿਚ ਉੱਥੇ ਪਹੁੰਚਿਆ ਅਤੇ ਕਈ ਘੰਟਿਆਂ ਤੱਕ ਘਰ ਦੇ ਅੰਦਰ ਜਾਂਚ ਕੀਤੀ। ਅਧਿਕਾਰਤ ਸਰੋਤਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਗੈਰ-ਕਾਨੂੰਨੀ ਕੋਲਾ ਕਾਰੋਬਾਰ ਅਤੇ ਉਸ ਨਾਲ ਜੁੜੇ ਮਨੀ ਟ੍ਰੇਲ ਦੀ ਜਾਂਚ ਤਹਿਤ ਕੀਤੀ ਜਾ ਰਹੀ ਹੈ।















