ਇਸਲਾਮਾਬਾਦ : ਪਾਕਿਸਤਾਨ ਦੇ ਖੈਬਰ ਪਖਤੂਨਵਾ ਖੇਤਰ ‘ਚ ਮੋਹਲੇਧਾਰ ਮੀਂਹ ਤੇ ਹੜ੍ਹ ਆਉਣ ਨਾਲ ਲਗਭਗ 33 ਲੋਕਾਂ ਦੀ ਮੌਤ ਹੋ ਗਈ ਹੈ ਅਤੇ 35 ਤੋਂ ਵਧੇਰੇ ਲੋਕ ਜ਼ਖ਼ਮੀ ਹੋ ਗਏ ਹਨ। ਲਗਾਤਾਰ ਪੈ ਰਹੇ ਮੀਂਹ ਕਾਰਨ ਪਾਕਿ-ਅਫ਼ਗ਼ਾਨ ਸਰਹੱਦੀ ਇਲਾਕਿਆਂ ‘ਚ ਲਗਭਗ 30 ਮਕਾਨ ਢਹਿ ਗਏ। ਮੀਂਹ ਦੀ ਸ਼ੁਰੂਆਤ ਸਨਿਚਰਵਾਰ ਨੂੰ ਖੈਬਰ ਪਖਤੂਨਵਾ ਦੇ ਉੱਤਰ-ਪੂਰਬ ‘ਚ ਹੋਈ।
ਪਾਕਿਸਤਾਨੀ ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਅਨੁਸਾਰ ਚਿਤਰਾਲ ਜ਼ਿਲ੍ਹੇ ਦੇ ਉਰਸੂਨ ਪਿੰਡ ‘ਚ 17 ਲੋਕ ਲਾਪਤਾ ਹਨ। ਮਾਰੇ ਗਏ 33 ਲੋਕਾਂ ‘ਚ 8 ਸੁਰੱਖਿਆ ਅਧਿਕਾਰੀ ਵੀ ਸ਼ਾਮਲ ਹਨ।
ਚਿਤਰਾਲ ਜ਼ਿਲ੍ਹੇ ਦੇ ਅਧਿਕਾਰੀ ਆਸਿਫ਼ ਇਕਬਾਲ ਨੇ ਦਸਿਆ ਕਿ ਮੀਂਹ ਕਾਰਨ ਆਈ ਹੜ੍ਹ ‘ਚ ਉਸ ਸਮੇਂ ਇਕ ਮਸਜ਼ਿਦ ਵੀ ਰੁੜ੍ਹ ਗਈ ਜਦੋਂ ਉਸ ਅੰਦਰ ਨਮਾਜ਼ ਚੱਲ
ਰਹੀ ਸੀ।
ਪਾਕਿਸਤਾਨ ਤਹਰੀਕ-ਏ-ਇਨਸਾਫ਼ ਦੇ ਮੁਖੀ ਇਮਰਾਨ ਖ਼ਾਨ ਨੇ ਪੀੜਤ ਪਰਵਾਰਾਂ ਪ੍ਰਤੀ ਦੁਖ ਪ੍ਰਗਟਾਇਆ। ਖੈਬਰ ਪਖਤੂਨਵਾ ‘ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੈ।
ਖੈਬਰ ਪਖਤੂਨਵਾ ਦੇ ਗਵਰਨਰ ਇਕਬਾਲ ਜਫ਼ਰ ਝਾਗਰਾ ਨੇ ਜਾਨ-ਮਾਲ ਦੇ ਨੁਕਸਾਨ ‘ਤੇ ਗਹਿਰਾ ਦੁੱਖ ਜਾਹਰ ਕੀਤਾ ਅਤੇ ਅਧਿਕਾਰੀਆਂ ਨੂੰ ਰਾਹਤ ਤੇ ਬਚਾਅ ਕਾਰਜ ਤੇਜ਼ ਕਰਨ ਦੇ ਹੁਕਮ ਦਿਤੇ ਹਨ। ਸੁਰੱਖਿਆ ਬਚਾਅ ਕਰਮਚਾਰੀ ਅਤੇ ਫ਼ੌਜ ਲਗਾਤਾਰ ਲਾਪਤਾ ਲੋਕਾਂ ਨੂੰ ਲੱਭ ਰਹੇ ਹਨ।















